ਸਫਾਈ ਸੇਵਕਾਂ ਵੱਲੋਂ 30 ਜੂਨ ਤੋਂ ਹੜਤਾਲ ਦਾ ਐਲਾਨ
ਐਸ.ਏ.ਐਸ. ਨਗਰ, 28 ਜੂਨ- ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੀ ਜਨਰਲ ਮੀਟਿੰਗ ਫੈਡਰੇਸ਼ਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸ੍ਰੀ ਮੋਹਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ 30 ਜੂਨ ਤੋਂ ਸ਼ਹਿਰ ਦੀ ਸਫਾਈ ਦਾ ਕੰਮ ਬੰਦ ਕਰਕੇ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ।

ਫੈਡਰੇਸ਼ਨ ਦੇ ਜਨਰਲ ਸਕੱਤਰ ਪਵਨ ਗੋਡਯਾਲ ਨੇ ਦੱਸਿਆ ਕਿ ਮੀਟਿੰਗ ਵਿੱਚ ਸਫਾਈ ਸੇਵਕਾਂ ਦੀਆਂ ਲੰਮੇ ਸਮੇਂ ਤੋਂ ਪੈਂਡਿੰਗ ਮੰਗਾਂ ਅਤੇ ਸੈਨੇਟਰੀ ਇੰਸਪੈਕਟਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਬਾਰੇ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਨਗਰ ਨਿਗਮ ਮੁਹਾਲੀ ਕਰਪਸ਼ਨ ਦਾ ਅੱਡਾ ਬਣ ਚੁੱਕਿਆ ਹੈ ਅਤੇ ਕੁਝ ਸੈਨੇਟਰੀ ਇੰਸਪੈਕਟਰਾਂ ਵੱਲੋਂ ਰੂਲਾਂ ਦੇ ਉਲਟ ਜਾ ਕੇ ਪ੍ਰਮੋਸ਼ਨਾਂ ਲੈ ਕੇ ਸਫਾਈ ਸੇਵਕਾਂ ਦੇ ਹੱਕਾਂ ’ਤੇ ਡਾਕਾ ਮਾਰਿਆ ਗਿਆ ਹੈ।
ਆਗੂਆਂ ਨੇ ਕਿਹਾ ਕਿ ਉਕਤ ਸੈਨੇਟਰੀ ਇੰਸਪੈਕਟਰ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਬਦਲੀਆਂ ਸੰਬੰਧੀ ਬਣਾਈ ਗਈ ਪਾਲਿਸੀ ਦੇ ਉਲਟ ਪਿਛਲੇ 10-15 ਸਾਲਾਂ ਤੋਂ ਮੁਹਾਲੀ ਨਗਰ ਨਿਗਮ ਵਿਖੇ ਹੀ ਬੈਠੇ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਸੈਨੇਟਰੀ ਇੰਸਪੈਕਟਰਾਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਈ ਜਾਵੇ ਅਤੇ 10-15 ਸਾਲਾਂ ਤੋਂ ਮੁਹਾਲੀ ਵਿਖੇ ਤਾਇਨਾਤ ਸਮੂਹ ਸੈਨੇਟਰੀ ਇੰਸਪੈਕਟਰਾਂ ਨੂੰ ਮੁਹਾਲੀ ਤੋਂ ਬਾਹਰ ਭੇਜਿਆ ਜਾਵੇ।
ਮੀਟਿੰਗ ਦੌਰਾਨ ਮੁਹਾਲੀ ਦੇ ਪ੍ਰਧਾਨ ਰਾਜਨ ਚਾਵਰੀਆ, ਰਜਿੰਦਰ ਬਾਗੜੀ, ਰੋਸ਼ਨ ਲਾਲ, ਬ੍ਰਿਜ ਮੋਹਨ, ਸਚਿਨ ਕੁਮਾਰ, ਅਨਿਲ ਕੁਮਾਰ, ਯਸ਼ਪਾਲ, ਇੰਦਰਜੀਤ ਸਿੰਘ, ਰਾਜੂ ਸੰਗੇਲਿਆ ਸਮੇਤ ਹੋਰ ਕਈ ਆਗੂ ਸ਼ਾਮਲ ਹੋਏ।