ਬਾਲਟਾਲ ਤੇ ਨੁਨਵਾਂ ਬੇਸ ਕੈਂਪਾਂ ਤੋਂ ਤੀਰਥ ਯਾਤਰੀ ਅਗਲੇ ਸਫ਼ਰ ਲਈ ਰਵਾਨਾ

ਸ੍ਰੀਨਗਰ, 3 ਜੁਲਾਈ- ਤੀਰਥ ਯਾਤਰੀਆਂ ਦੇ ਪਹਿਲੇ ਜਥੇ ਦੇ ਬਾਲਟਾਲ ਤੇ ਨੁਨਵਾਂ ਬੇਸ ਕੈਂਪਾਂ ਤੋਂ ਰਵਾਨਾ ਹੋਣ ਦੇ ਨਾਲ ਹੀ ਸਾਲਾਨਾ ਅਮਰਨਾਥ ਯਾਤਰਾ ਵੀਰਵਾਰ ਤੋਂ ਸ਼ੁਰੂ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਵਿਚ 3,880 ਮੀਟਰ ਦੀ ਉਚਾਈ ’ਤੇ ਸਥਿਤ ਅਮਰਨਾਥ ਗੁਫ਼ਾ ਮੰਦਰ ਲਈ 38 ਰੋਜ਼ਾ ਤੀਰਥ ਯਾਤਰਾ ਅੱਜ ਤੜਕੇ ਵਾਦੀ ਦੇ ਦੋ ਰੂਟਾਂ- ਅਨੰਤਨਾਗ ਜ਼ਿਲ੍ਹੇ ਵਿਚ ਰਵਾਇਤੀ 48 ਕਿਲੋਮੀਟਰ ਲੰਮੇ ਨੁਨਵਾਂ-ਪਹਿਲਗਾਮ ਰਸਤੇ ਅਤੇ ਗੰਦਰਬਲ ਜ਼ਿਲ੍ਹੇ ਵਿਚ 14 ਕਿਲੋਮੀਟਰ ਛੋਟੇ, ਪਰ ਵਧੇਰੇ ਚੜ੍ਹਾਈ ਵਾਲੇ ਬਾਲਟਾਲ ਰੂਟ ਤੋਂ ਸ਼ੁਰੂ ਹੋ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਦਿਨ ਚੜ੍ਹਨ ਦੇ ਨਾਲ ਹੀ ਪੁਰਸ਼, ਮਹਿਲਾ ਤੇ ਸਾਧੂ ਸੰਤਾਂ ਸਣੇ ਤੀਰਥ ਯਾਤਰੀਆਂ ਦੇ ਜਥੇ ਨੁਨਵਾਨ ਤੇ ਬਾਲਟਾਲ ਬੇਸ ਕੈਂਪਾਂ ਤੋਂ ਰਵਾਨਾ ਹੋ ਗਏ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਸੀਨੀਅਰ ਅਧਿਕਾਰੀਆਂ ਨੇ ਬੇਸ ਕੈਂਪਾਂ ਤੋਂ ਜਥਿਆਂ ਨੂੰ ਹਰੀ ਝੰਡੀ ਦਿਖਾਈ ਤਾਂ ‘ਬਮ ਬਮ ਭੋਲੇ’ ਦੇ ਜੈਕਾਰੇ ਗੂੰਜਣ ਲੱਗੇ।
ਉਪ ਰਾਜਪਾਲ ਮਨੋਜ ਸਿਨਹਾ ਨੇ ਬੁੱਧਵਾਰ ਨੂੰ ਜੰਮੂ ਦੇ ਭਗਵਤੀ ਨਗਰ ਵਿਚ ਯਾਤਰਾ ਦੇ ਬੇਸ ਕੈਂਪ ਤੋਂ 5,892 ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦਿਖਾਈ ਸੀ। ਤੀਰਥ ਯਾਤਰੀ ਦੁਪਹਿਰ ਵੇਲੇ ਕਸ਼ਮੀਰ ਘਾਟੀ ਪੁੱਜੇ ਜਿੱਥੇ ਪ੍ਰਸ਼ਾਸਨ ਤੇ ਸਥਾਨਕ ਲੋਕਾਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ।
 ਸ਼ਰਧਾਲੂ ਅਮਰਨਾਥ ਮੰਦਰ ਵਿੱਚ ਪ੍ਰਾਰਥਨਾ ਕਰਨਗੇ, ਜਿੱਥੇ ਬਰਫ਼ ਦਾ ਬਣਿਆ ਸ਼ਿਵਲਿੰਗ ਕੁਦਰਤੀ ਤੌਰ ’ਤੇ ਪ੍ਰਗਟ ਹੁੰਦਾ ਹੈ। ਯਾਤਰਾ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਯਕੀਨੀ ਬਣਾਉਣ ਲਈ ਪੁਲੀਸ, ਕੇਂਦਰੀ ਰਿਜ਼ਰਵ ਪੁਲੀਸ ਬਲ, ਭਾਰਤ-ਤਿੱਬਤੀ ਸਰਹੱਦੀ ਪੁਲੀਸ ਅਤੇ ਹੋਰ ਨੀਮ ਫੌਜੀ ਬਲਾਂ ਦੇ ਹਜ਼ਾਰਾਂ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਯਾਤਰਾ 9 ਅਗਸਤ ਨੂੰ ਸਮਾਪਤ ਹੋਵੇਗੀ।