ਆੱਨਲਾਈਨ ਲੋਨ ਐਪ ਤੋਂ ਕਰਜ਼ਾ ਲਿਆ, ਅਦਾਇਗੀ ਚ ਦੇਰੀ ਕਰਨ ਸਮੇਂ ਅਸ਼ਲੀਲ ਤਸਵੀਰਾਂ ਭੇਜ ਕੇ ਕੀਤਾ ਬਲੈਕਮੇਲ, ਇੱਕ ਗ੍ਰਿਫਤਾਰ

ਮੌੜ ਮੰਡੀ/ਬਠਿੰਡਾ- ਅੱਜ ਕੱਲ੍ਹ ਸਾਈਬਰ ਠੱਗ ਪਹਿਲਾਂ ਆੱਨਲਾਈਨ ਇੰਸਟੈਂਟ ਐਪ ਰਾਹੀਂ ਲੋਕਾਂ ਨੂੰ ਆਸਾਨੀ ਨਾਲ ਕਰਜ਼ਾ ਦਿੰਦੇ ਹਨ ਅਤੇ ਬਾਅਦ ਵਿੱਚ ਉਹਨਾਂ ਨੂੰ ਬਲੈਕਮੇਲ ਕਰਕੇ ਵੱਡੀ ਰਕਮ ਵਸੂਲਦੇ ਹਨ। ਮੌੜ ਮੰਡੀ ਵਿੱਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਆੱਨਲਾਈਨ ਲੋਨ ਐਪ ਤੋਂ ਲਏ ਗਏ ਕਰਜ਼ੇ ਦੀ ਅਦਾਇਗੀ ਵਿੱਚ ਦੇਰੀ ਤੇ ਅਸ਼ਲੀਲ ਤਸਵੀਰਾਂ ਬਣਾਕੇ ਇੱਕ ਨੌਜਵਾਨ ਨੂੰ ਬਲੈਕਮੇਲ ਕੀਤਾ ਗਿਆ।

ਮੌੜ ਮੰਡੀ/ਬਠਿੰਡਾ- ਅੱਜ ਕੱਲ੍ਹ ਸਾਈਬਰ ਠੱਗ ਪਹਿਲਾਂ ਆੱਨਲਾਈਨ ਇੰਸਟੈਂਟ ਐਪ ਰਾਹੀਂ ਲੋਕਾਂ ਨੂੰ ਆਸਾਨੀ ਨਾਲ ਕਰਜ਼ਾ ਦਿੰਦੇ ਹਨ ਅਤੇ ਬਾਅਦ ਵਿੱਚ ਉਹਨਾਂ ਨੂੰ ਬਲੈਕਮੇਲ ਕਰਕੇ ਵੱਡੀ ਰਕਮ ਵਸੂਲਦੇ ਹਨ। ਮੌੜ ਮੰਡੀ ਵਿੱਚ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਆੱਨਲਾਈਨ ਲੋਨ ਐਪ ਤੋਂ ਲਏ ਗਏ ਕਰਜ਼ੇ ਦੀ ਅਦਾਇਗੀ ਵਿੱਚ ਦੇਰੀ ਤੇ ਅਸ਼ਲੀਲ ਤਸਵੀਰਾਂ ਬਣਾਕੇ ਇੱਕ ਨੌਜਵਾਨ ਨੂੰ ਬਲੈਕਮੇਲ ਕੀਤਾ ਗਿਆ। 
ਸਾਈਬਰ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਇੱਕ ਮੁਲਜ਼ਮ ਨੂੰ ਪੁਲਿਸ ਨੇ ਰੋਹਤਕ ਦੀ ਪੁਲਿਸ ਦੀ ਮਦਦ ਨਾਲ ਗ੍ਰਿਫਤਾਰ ਕੀਤਾ ਹੈ। ਕਥਿਤ ਦੋਸ਼ੀ ਦੀ ਪਛਾਣ ਅਭੈ ਕੁਮਾਰ ਨਿਵਾਸੀ ਪੱਛਮੀ ਬੰਗਾਲ ਵਜੋਂ ਹੋਈ ਹੈ।
ਜਦੋਂ ਸਾਈਬਰ ਪੁਲਿਸ ਨੇ ਆਪਣੇ ਪੱਧਰ ਤੇ ਜਾਂਚ ਕੀਤੀ ਤਾਂ ਪਤਾ ਲੱਗਿਆ ਕਿ ਉਕਤ ਮੁਲਜ਼ਮ ਰੋਹਤਕ ਵਿਚ ਰਹਿ ਕੇ ਧੋਖਾਧੜੀ ਦਾ ਖੇਡ ਖੇਡ ਰਿਹਾ ਹੈ ਜਿਸ ਤਹਿਤ ਪੁਲਿਸ ਰੋਹਤਕ ਗਈ ਅਤੇ ਸਥਾਨਕ ਪੁਲਿਸ ਦੀ ਮਦਦ ਨਾਲ ਉਸਨੂੰ ਫੜ ਲਿਆ। ਉਸਤੋਂ ਦੋ ਮੋਬਾਇਲ ਮਿਲੇ ਹਨ।

ਕੀ ਹੈ‌ ਮਾਮਲਾ-
ਮੌੜ ਮੰਡੀ ਨਿਵਾਸੀ ਗੁਰਿੰਦਰ ਸਿੰਘ ਨੇ ਸਾਈਬਰ ਪੁਲਿਸ ਨੂੰ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਕਿ ਉਸਨੇ 'ਫੈਸਨ ਰੁਪਿਆ' ਨਾਮਕ ਇੱਕ ਆੱਨਲਾਈਨ ਐਪ ਤੋਂ ਵੱਖ ਵੱਖ ਤਰੀਕਾਂ ਤੇ ਕਰਜ਼ਾ ਲਿਆ ਸੀ।ਇਸ ਕਰਜ਼ੇ ਦੀ ਆਖਰੀ ਮਿਤੀ 12 ਜੂਨ ਨਿਰਧਾਰਿਤ ਕੀਤੀ ਗਈ ਸੀ। 
ਗੁਰਿੰਦਰ ਸਿੰਘ ਨੇ ਦੱਸਿਆ ਕਿ 31 ਮਈ ਨੂੰ ਉਸਨੂੰ ਇੱਕ ਅਨਜਾਣ ਨੰਬਰ ਤੋਂ ਇੱਕ ਕਾਲ ਆਈ ਜਿਸ ਵਿਚ ਕਾਲ ਕਰਨ ਵਾਲੇ ਨੇ ਆਪਣੇ ਆਪ ਨੂੰ ਉਕਤ ਐਪ ਦੇ ਕਰਮਚਾਰੀ ਵਜੋਂ ਪੇਸ਼ ਕੀਤਾ ਤੇ ਉਸਨੂੰ ਕਰਜ਼ੇ ਦੀ ਰਕਮ ਤੁਰੰਤ ਅਦਾ ਕਰਨ ਲਈ ਕਿਹਾ ਜਦੋਂ ਗੁਰਿੰਦਰ ਸਿੰਘ ਨੇ ਉਸ ਨੰਬਰ ਨੂੰ ਬਲੌਕ ਕੀਤਾ ਤਾਂ ਉਸ ਵਿਅਕਤੀ ਨੇ ਉਸਨੂੰ ਵੱਖ ਵੱਖ ਵਟਸਐਪ ਨੰਬਰਾਂ ਤੋਂ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। 
ਸ਼ਿਕਾਇਤਕਰਤਾ ਦੇ ਅਨੁਸਾਰ ਮੁਲਜ਼ਮ ਨੇ ਉਸਦੀਆਂ ਨਿੱਜੀ ਫੋਟੋਆਂ ਨੂੰ ਅਸ਼ਲੀਲ ਢੰਗ ਨਾਲ ਐਡਿਟ ਕੀਤਾ ਅਤੇ ਉਹਨਾਂ ਨੂੰ ਉਸਦੇ ਰਿਸ਼ਤੇਦਾਰਾਂ ਨੂੰ ਭੇਜਿਆ ਅਤੇ ਧਮਕੀ ਦਿੱਤੀ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਉਹ ਉਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦੇਵੇਗਾ। 
ਡਰਦੇ ਹੋਏ ਗੁਰਿੰਦਰ ਸਿੰਘ ਨੇ ਮੁਲਜ਼ਮ ਨੂੰ 14,309 ਰੁਪਏ ਦਿੱਤੇ। ਸਾਈਬਰ ਪੁਲਿਸ ਨੇ ਜਾਂਚ ਕਰਦੇ ਹੋਏ ਤਕਨੀਕੀ ਸੁਰਾਗ ਦੇ ਆਧਾਰ ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਿਸਦੀ ਪਛਾਣ ਪੱਛਮੀ ਬੰਗਾਲ ਦੇ ਰਹਿਣ ਵਾਲੇ ਅਭੈ ਕੁਮਾਰ ਵਜੋ‌ ਹੋਈ ਹੈ।

ਧੋਖਾਧੜੀ ਦਾ ਮਾਸਟਰਮਾਈਂਡ ਮੁੰਬਈ ਰਹਿੰਦਾ ਹੈ-
ਥਾਣਾ ਸਾਈਬਰ ਪੁਲਿਸ ਇੰਸਪੈਕਟਰ ਸੁਖਵੀਰ ਕੌਰ ਨੇ ਦੱਸਿਆ ਕਿ ਉਕਤ ਐੱਫ ਆਈ ਆਰ ਦਰਜ ਕਰਨ ਤੋਂ ਬਾਅਦ ਮੁਲਜ਼ਮ ਅਭੈ ਕੁਮਾਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ਦੀ ਮਦਦ ਲਈ ਗਈ। 
ਪਤਾ ਲੱਗਾ ਕਿ ਉਹ ਰੋਹਤਕ ਵਿਚ ਰਹਿ ਕੇ ਧੋਖਾਧੜੀ ਕਰ ਰਿਹਾ ਹੈ ਉਹਨਾਂ ਨੇ ਉਸਦੀ ਸਥਿਤੀ ਦਾ ਪਤਾ ਲਗਾਉਣ ਤੋਂ ਬਾਅਦ ਰੋਹਤਕ ਪੁਲਿਸ ਦੀ ਮਦਦ ਲਈ ਗਈ ਸੀ ਜਿਸ ਤਹਿਤ ਸਥਾਨਕ ਪੁਲਿਸ ਨੇ ਉਸਨੂੰ ਫੜ ਲਿਆ ਅਤੇ ਬਠਿੰਡਾ ਸਾਈਬਰ ਪੁਲਿਸ ਦੀ ਟੀਮ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਬਠਿੰਡਾ ਲੈ ਆਈ।
 ਉਸਦੇ ਕੋਲੋਂ ਇੱਕ ਆਈਫੋਨ ਸਮੇਤ ਦੋ ਫੋਨ ਮਿਲੇ ਹਨ। ਇੱਕ ਫੋਨ ਵਿੱਚ ਡੇਟਾ ਮਿਲਿਆ ਹੈ ਜਿਸਨੂੰ ਉਹ ਬਲੈਕਮੇਲਿੰਗ ਲਈ ਵਰਤਦਾ ਸੀ। ਮੁਲਜ਼ਮ ਨੇ ਦੱਸਿਆ ਕਿ ਉਸਦਾ ਬੌਸ ਮੁੰਬਈ ਵਿਚ ਰਹਿੰਦਾ ਹੈ ਉਸਨੂੰ ਹਰ ਮਹੀਨੇ 8 ਹਜ਼ਾਰ ਰੁਪਏ ਤਨਖਾਹ ਮਿਲਦੀ ਹੈ ਅਤੇ ਬਲੈਕਮੇਲਿੰਗ ਤੋ ਕਮਾਏ ਪੈਸੇ ਦਾ 10 ਪ੍ਰਤੀਸ਼ਤ ਮਿਲਦਾ ਹੈ।