ਸਾਡੀ ਮਾਂ ਬੋਲੀ ਪੰਜਾਬੀ

ਅਸੀਂ ਕੁਝ ਦਿਨ ਪਹਿਲਾਂ ਹੀ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਹੈ। ਇਹ ਇਕ ਸੰਸਾਰ ਪੱਧਰੀ ਸਮਾਰੋਹ ਹੈ, ਜੋ ਹਰ ਸਾਲ 21 ਫਰਵਰੀ ਨੂੰ ਭਾਸ਼ਾਈ ਅਤੇ ਸਭਿਆਚਾਰਕ ਸਾਂਝਾ ਪ੍ਰਤੀ ਲੋਕ ਮਤ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। 17 ਨਵੰਬਰ 1999 ਨੂੰ ਯੂਨੈਸਕੋ ਨੇ 21 ਫਰਵਰੀ ਨੂੰ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਵਜੋਂ ਐਲਾਨਿਆ ਗਿਆ। ਇਹ 21 ਫਰਵਰੀ 2000 ਤੋਂ ਵਿਸ਼ਵ ਭਰ ਵਿਚ ਮਨਾਇਆ ਜਾਂਦਾ ਹੈ। ਇਹ ਐਲਾਨ ਬੰਗਲਾ ਦੇਸ਼ੀਆਂ ਵੱਲੋਂ ਕੀਤੇ ਗਏ ਭਾਸ਼ਾ ਅੰਦੋਲਨ ਨੂੰ ਸ਼ਰਧਾਂਜਲੀ ਵਜੋਂ ਆਇਆ ਸੀ। 1947 ਵਿਚ ਦੇਸ਼ ਦੀ ਆਜ਼ਾਦੀ ਦੇ ਵੇਲੇ ਪਾਕਿਸਤਾਨ ਹੋਂਦ ਵਿਚ ਆਇਆ ਤਾਂ ਭੂਗੋਲਿਕ ਤੌਰ 'ਤੇ ਇਸਦੇ ਦੋ ਮੁੱਖ ਹਿੱਸੇ ਸਨ: ਪੂਰਬੀ ਪਾਕਿਸਤਾਨ (ਅਜੋਕਾ ਬੰਗਲਾਦੇਸ਼) ਅਤੇ ਪੱਛਮੀ ਪਾਕਿਸਤਾਨ (ਵਰਤਮਾਨ ਪਾਕਿਸਤਾਨ)।

ਅਸੀਂ ਕੁਝ ਦਿਨ ਪਹਿਲਾਂ ਹੀ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਹੈ। ਇਹ ਇਕ ਸੰਸਾਰ ਪੱਧਰੀ ਸਮਾਰੋਹ ਹੈ, ਜੋ ਹਰ ਸਾਲ 21 ਫਰਵਰੀ ਨੂੰ ਭਾਸ਼ਾਈ ਅਤੇ ਸਭਿਆਚਾਰਕ ਸਾਂਝਾ ਪ੍ਰਤੀ ਲੋਕ ਮਤ ਨੂੰ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ। 17 ਨਵੰਬਰ 1999 ਨੂੰ ਯੂਨੈਸਕੋ ਨੇ 21 ਫਰਵਰੀ ਨੂੰ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਵਜੋਂ ਐਲਾਨਿਆ ਗਿਆ। ਇਹ 21 ਫਰਵਰੀ 2000 ਤੋਂ ਵਿਸ਼ਵ ਭਰ ਵਿਚ ਮਨਾਇਆ ਜਾਂਦਾ ਹੈ। ਇਹ ਐਲਾਨ ਬੰਗਲਾ ਦੇਸ਼ੀਆਂ ਵੱਲੋਂ ਕੀਤੇ ਗਏ ਭਾਸ਼ਾ ਅੰਦੋਲਨ ਨੂੰ ਸ਼ਰਧਾਂਜਲੀ ਵਜੋਂ ਆਇਆ ਸੀ। 1947 ਵਿਚ ਦੇਸ਼ ਦੀ ਆਜ਼ਾਦੀ ਦੇ ਵੇਲੇ ਪਾਕਿਸਤਾਨ ਹੋਂਦ ਵਿਚ ਆਇਆ ਤਾਂ ਭੂਗੋਲਿਕ ਤੌਰ 'ਤੇ ਇਸਦੇ ਦੋ ਮੁੱਖ ਹਿੱਸੇ ਸਨ: ਪੂਰਬੀ ਪਾਕਿਸਤਾਨ (ਅਜੋਕਾ ਬੰਗਲਾਦੇਸ਼) ਅਤੇ ਪੱਛਮੀ ਪਾਕਿਸਤਾਨ (ਵਰਤਮਾਨ ਪਾਕਿਸਤਾਨ)। ਦੋਹਾਂ ਖਿੱਤਿਆਂ ਦਾ ਰਹਿਣ-ਸਹਿਣ, ਰੀਤੀ-ਰਿਵਾਜ਼ ਤੇ ਭਾਸ਼ਾ ਇਕ ਦੂਸਰੇ ਤੋਂ ਵੱਖਰੀ ਸੀ। 1948 ਵਿਚ ਪਾਕਿਸਤਾਨ ਨੇ ਉਰਦੂ ਨੂੰ ਆਪਣੇ ਦੇਸ਼ ਦੀ ਰਾਸ਼ਟਰੀ ਭਾਸ਼ਾ ਵਜੋਂ ਮਾਨਤਾ ਦੇ ਦਿੱਤੀ। ਪੂਰਬੀ ਪਾਕਿਸਤਾਨ ਦੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਕਿਉਂਕਿ ਉਨਾਂ ਦੀ ਮਾਤ ਭਾਸ਼ਾ ਬੰਗਲਾ ਜਾਂ ਬੰਗਾਲੀ ਸੀ। ਉਨਾਂ ਨੇ ਉਰਦੂ ਤੋਂ ਇਲਾਵਾ ਬੰਗਲਾ ਨੂੰ ਰਾਸ਼ਟਰੀ ਭਾਸ਼ਾਵਾਂ ਵਿਚ ਸ਼ਾਮਿਲ ਕਰਨ ਦੀ ਮੰਗ ਕੀਤੀ। ਸਭ ਤੋਂ ਪਹਿਲਾਂ ਇਹ ਮੰਗ ਪਾਕਿਸਤਾਨ ਤੋਂ ਧੀਰੇਂਦਰ ਨਾਥ ਦੱਤਾ ਨੇ 23 ਫਰਵਰੀ 1948 ਨੂੰ ਪਾਕਿਸਤਾਨ ਦੀ ਸੰਵਿਧਾਨ ਸਭਾ ਵਿਚ ਚੁੱਕੀ ਸੀ।
ਇਸ ਮੰਗ ਦੇ ਸਮਰਥਨ ਵਿਚ ਉਠੇ ਅੰਦੋਲਨ ਨੂੰ ਪਾਕਿਸਤਾਨੀ ਹਕੂਮਤ ਨੇ ਗ਼ੈਰ-ਕਾਨੂੰਨੀ ਕਰਾਰ ਦੇ ਦਿੱਤਾ। ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਵਿਸ਼ਾਲ ਪ੍ਰਦਰਸ਼ਨ ਕੀਤੇ। 21 ਫਰਵਰੀ 1952 ਨੂੰ ਪੁਲਿਸ ਨੇ ਉਨਾਂ ਪ੍ਰਦਰਸ਼ਨ ਕਰ ਰਹੇ ਲੋਕਾਂ ਉਪਰ ਫਾਇਰਿੰਗ ਕਰ ਦਿੱਤੀ, ਜਿਸ ਵਿਚ ਕਈ ਲੋਕ ਮਾਰੇ ਗਏ ਅਤੇ ਅਨੇਕਾਂ ਜ਼ਖ਼ਮੀ ਹੋ ਗਏ। ਇਹ ਇਤਿਹਾਸ ਦੀ ਇਹ ਇਕ ਨਾ ਭੁੱਲਣ ਵਾਲੀ ਦੁਖਦਾਈ ਘਟਨਾ ਹੈ, ਜਿਸ ਵਿਚ ਲੋਕਾਂ ਨੇ ਆਪਣੀ ਮਾਂ ਬੋਲੀ ਲਈ ਜਾਨਾਂ ਕੁਰਬਾਨ ਕਰ ਦਿੱਤੀਆਂ। ਲੰਬੇ ਸੰਘਰਸ਼ ਤੋਂ ਬਾਅਦ, 17 ਨਵੰਬਰ 1999 ਨੂੰ ਯੂਨੈਸਕੋ ਦੀ 30 ਵੀਂ ਜਨਰਲ ਅਸੈਂਬਲੀ ਨੇ ਸਰਵ-ਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਕਿ 21 ਫਰਵਰੀ ਨੂੰ ਸੰਸਾਰ ਭਰ ਵਿਚ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਜਾਵੇ।
ਮਾਤ ਭਾਸ਼ਾ ਜਾਂ ਮਾਂ ਬੋਲੀ ਸਾਡੇ ਆਤਮ ਪ੍ਰਗਟਾਵੇ ਦਾ ਉਹ ਮਾਧਿਅਮ ਹੈ, ਜੋ ਅਸੀਂ ਬਚਪਨ ਵਿਚ ਆਪਣੀ ਮਾਂ ਦੀ ਗੋਦ ਵਿਚ ਬੈਠ ਕੇ ਸਿੱਖਦੇ ਹਾਂ। ਇਹ ਆਪ ਮੁਹਾਰੇ ਹੀ ਸਾਡੇ ਜ਼ਿਹਨ ਵਿਚ ਰਚ ਵਸ ਕੇ ਸਾਡੇ ਬਾਲ ਬੁਲ੍ਹਾਂ ਤੋਂ ਕਿਰਦੀ ਹੈ। ਇਸ ਬੋਲੀ ਦਾ ਹਰ ਸ਼ਬਦ, ਹਰ ਅੱਖਰ ਅਤੇ ਬੋਲਣ ਦਾ ਅੰਦਾਜ਼ ਅਚੇਤ ਰੂਪ ਵਿਚ ਹੀ ਸਾਡੇ ਵਿਅਕਤੀਤਵ ਦਾ ਹਿੱਸਾ ਬਣ ਜਾਂਦਾ ਹੈ। ਅਸੀਂ ਚਾਹੇ ਜਿੰਨੀਆਂ ਵੀ ਭਾਸ਼ਾਵਾਂ ਪੜ੍ਹਨਾ-ਲਿਖਣਾ ਸਿੱਖ ਲਈਏ, ਪਰ ਜੋ ਨਜ਼ਦੀਕੀ ਰਿਸ਼ਤਾ ਆਪਣੀ ਮਾਂ ਬੋਲੀ ਨਾਲ ਉਮਰ ਭਰ ਕਾਇਮ ਰਹਿੰਦਾ ਹੈ, ਉਹ ਕਿਸੇ ਹੋਰ ਭਾਸ਼ਾ ਨਾਲ ਨਹੀਂ ਹੋ ਸਕਦਾ। ਕਿਉਂਕਿ ਇਸ ਨੂੰ ਸਿੱਖਿਆ ਨਹੀਂ ਜਾਂਦਾ, ਸਗੋਂ ਸੁਣ ਕੇ, ਸਮਝ ਕੇ, ਆਪ ਮੁਹਾਰੇ ਹੀ ਗ੍ਰਹਿਣ ਕਰ ਲਿਆ ਜਾਂਦਾ ਹੈ। ਅਸੀਂ ਆਪਣੇ ਅੰਤਰੀਵ ਭਾਵਾਂ ਜਿਵੇਂ ਗੁੱਸਾ, ਦੁੱਖ, ਪਿਆਰ ਤੇ ਸ਼ਿਕਵਾ ਆਦਿ ਆਪਣੀ ਮਾਤ ਭਾਸ਼ਾ ਵਿਚ ਹੀ ਵਧੀਆ ਢੰਗ ਨਾਲ ਪ੍ਰਗਟ ਕਰ ਸਕਦੇ ਹਾਂ।
ਹਰ ਦੇਸ਼, ਹਰ ਪ੍ਰਾਂਤ ਜਾਂ ਹਰ ਇਲਾਕੇ ਦੀ ਆਪਣੀ ਇਕ ਖਾਸ ਬੋਲੀ ਜਾਂ ਭਾਸ਼ਾ ਹੁੰਦੀ ਹੈ, ਜਿਸ ਤੋਂ ਉਸ ਦੀ ਪਹਿਚਾਣ ਹੁੰਦੀ ਹੈ। ਭਾਰਤ ਦੇ ਵੱਖ-ਵੱਖ ਰਾਜਾਂ ਵਿਚ ਅਨੇਕਾਂ ਤਰਾਂ ਦੀਆਂ ਭਾਸ਼ਾਵਾਂ ਤੇ ਬੋਲੀਆਂ ਪਰਚੱਲਤ ਹਨ। ਭਾਸ਼ਾ ਕੌਮ ਦਾ ਹਿੱਸਾ ਹੁੰਦੀ ਹੈ। ਭਾਸ਼ਾ ਲਿਖਤੀ ਤੇ ਬੋਲ ਚਾਲ ਦੇ ਰੂਪ ਵਿਚ ਸੰਚਾਰ ਦਾ ਇਕ ਅਸਰਦਾਰ ਮਾਧਿਅਮ ਹੈ ਜਿਸ ਰਾਹੀਂ ਮਨੁੱਖ ਆਪਣੇ ਮਨ ਦੇ ਅੰਦਰੂਨੀ ਵਿਚਾਰ ਦੂਸਰਿਆਂ ਤਕ ਪਹੁੰਚਾ ਸਕਦਾ ਹੈ ਅਤੇ ਦੂਜਿਆਂ ਦੇ ਵਿਚਾਰਾਂ ਨੂੰ ਸਮਝਣ ਵਿਚ ਸਮਰਥ ਹੋ ਸਕਦਾ ਹੈ। ਇਕ ਮਨੁੱਖ ਜਿੰਨੀਆਂ ਮਰਜ਼ੀ ਭਾਸ਼ਾਵਾਂ ਲਿਖਣੀਆਂ, ਪੜ੍ਹਣੀਆਂ ਤੇ ਬੋਲਣੀਆਂ ਸਿੱਖ ਲਵੇ, ਪਰ ਜਿਸ ਪਰਿਪੱਕਤਾ ਨਾਲ ਆਪਣੇ ਵਿਚਾਰ ਆਪਣੀ ਮਾਂ ਬੋਲੀ ਵਿਚ ਪ੍ਰਗਟ ਕਰ ਸਕਦਾ ਹੈ, ਉਹ ਕਿਸੇ ਹੋਰ ਭਾਸ਼ਾ ਜਾਂ ਬੋਲੀ ਵਿਚ ਨਹੀਂ ਕਰ ਸਕਦਾ। ਅਕਸਰ ਇਹ ਵੇਖਿਆ ਜਾਂਦਾ ਹੈ ਕਿ ਖੁਸ਼ੀ ਗਮੀ ਜਾਂ ਦੁੱਖ ਵੇਲੇ ਮਾਂ ਬੋਲੀ ਦੇ ਸ਼ਬਦ ਆਪ ਮੁਹਾਰੇ ਹੀ ਸਾਡੇ ਬੁਲ੍ਹਾਂ ਉਪਰ ਆ ਜਾਂਦੇ ਹਨ।
ਗੁਰਦੇਵ ਰਾਬਿੰਦਰ ਨਾਥ ਟੈਗੋਰ ਜੀ, ਜਿਨ੍ਹਾਂ ਨੂੰ ਉਨਾਂ ਦੀ ਮਹਾਨ ਰਚਨਾ             “ ਗੀਤਾਂਜਲੀ ” ਲਈ 1913 ਵਿਚ ‘ਨੋਬਲ ਪੁਰਸਕਾਰ’ ਮਿਲਿਆ ਸੀ, ਉਨਾਂ ਦੀਆਂ ਸਾਰੀਆਂ ਰਚਨਾਵਾਂ ਉਨਾਂ ਦੀ ਮਾਤ ਭਾਸ਼ਾ ਬੰਗਾਲੀ ਵਿਚ ਹਨ। ਅੱਜ ਦੇ ਸਮੋਂ ਦਾ ਇਹ ਦੁਖਾਂਤ ਹੈ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨਾਲੋਂ ਟੁੱਟਦੇ ਜਾ ਰਹੇ ਹਾਂ। ਬੱਚਿਆਂ ਨੂੰ ਛੋਟੇ ਹੁੰਦਿਆਂ ਹੀ ਹਿੰਦੀ ਅਤੇ ਅੰਗਰੇਜ਼ੀ ਸਿਖਾਈ ਜਾਂਦੀ ਹੈ। ਬਹੁਤੇ ਪਰਿਵਾਰਾਂ ਵਿਚ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ ਵਿਚ ਦਾਖ਼ਲ ਕਰਵਾਉਣ ਲਈ ਜਦੋ ਜਹਿਦ ਕੀਤੀ ਜਾਂਦੀ ਹੈ। ਜੇਕਰ ਵਿਦਿਆ ਪ੍ਰਾਪਤੀ ਦੀ ਗਲ ਕੀਤੀ ਜਾਵੇ ਤਾਂ ਜੋ ਗਿਆਨ ਅਸੀਂ ਆਪਣੀ ਮਾਤ ਭਾਸ਼ਾ ਵਿਚ ਹਾਸਿਲ ਕਰ ਸਕਦੇ ਹਾਂ, ਉਹ ਦੂਸਰੀਆਂ ਭਾਸ਼ਾਵਾਂ ਦੇ ਮਾਧਿਅਮ ਰਾਹੀਂ ਨਹੀਂ ਕਰ ਸਕਦੇ।
ਅਸੀਂ ਆਪਣੇ ਬੱਚਿਆਂ ਨੂੰ ਜ਼ਬਰਦਸਤੀ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਾ ਕੇ ਇਕ ਅਣਚਾਹੇ ਬੋਝ ਥੱਲੇ ਦਬਾ ਦਿੱਤਾ ਹੈ। ਇਹ ਸਾਡਾ ਵਹਿਮ ਹੈ ਕਿ ਪੰਜਾਬੀ ਭਾਸ਼ਾ ਜਾਂ ਆਪਣੀ ਮਾਂ ਬੋਲੀ ਵਿਚ ਭਵਿੱਖ ਨਹੀਂ ਹੈ। ਮੈਂ ਪੰਜਾਬ ਦੇ ਇਕ ਅਜਿਹੇ ਬਹੁਤ ਹੀ ਕਾਬਿਲ ਆਈ.ਏ.ਐਸ. ਅਧਿਕਾਰੀ ਨੂੰ ਜਾਣਦਾ ਹਾਂ, ਜਿਨਾਂ ਨੇ ਸਿਵਿਲ ਸਰਵਸਿਜ਼ ਦੀ ਪ੍ਰਖਿਆ ਪੰਜਾਬੀ ਮਾਧਿਅਮ ਵਿਚ ਪਾਸ ਕੀਤੀ। ਅੱਜ ਰੂਸ, ਜਰਮਨੀ, ਜਪਾਨ, ਚੀਨ ਆਦਿ ਵਿਕਸਿਤ ਦੇਸ਼ਾਂ ਵਿਚ ਉੱਚ ਵਿਦਿਆ ਤਕ ਦੀ ਪੜ੍ਹਾਈ ਉਨਾਂ ਦੀ ਮਾਤ ਭਾਸ਼ਾ ਦੇ ਮਾਧਿਅਮ ਰਾਹੀਂ ਪ੍ਰਾਪਤ ਕੀਤੀ ਜਾਂਦੀ ਹੈ। ਸੋ ਸਾਨੂੰ ਆਪਣੀਆਂ ਅਗਲੀਆਂ ਪੀੜੀਆਂ ਨੂੰ ਆਪਣੀ ਮਾਂ ਬੋਲੀ ਅਤੇ ਅਮੀਰ ਵਿਰਸੇ ਦਾ ਮਹੱਤਵ ਸਮਝਾਉਣ ਦੀ ਲੋੜ ਹੈ। 

ਦਵਿੰਦਰ ਕੁਮਾਰ

- ਦਵਿੰਦਰ ਕੁਮਾਰ