ਸੰਪਾਦਕੀ ਨੋਟ: ਸਿਹਤਮੰਦ ਜੀਵਨ ਜੀਉਣ ਲਈ ਸਾਫ਼ ਅਤੇ ਸ਼ੁੱਧ ਹਵਾ ਦੀ ਲੋੜ

ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ, ਜਪੁਜੀ ਸਾਹਿਬ ਦੇ ਇਸ ਸ਼ਲੋਕ ਵਿਚ ਗੁਰੂ ਸਾਹਿਬ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਹਾਨ ਮਾਤਾ ਦਾ ਦਰਜਾ ਦਿੱਤਾ ਹੈ। ਇਨਸਾਨ ਬਿਨਾਂ ਕੁੱਝ ਖਾਧੇ ਕੁਝ ਦਿਨ ਕੱਟ ਸਕਦਾ ਹੈ ਤੇ ਪਾਣੀ ਪੀਤਿਆਂ ਬਗੈਰ ਵੀ ਕੁਝ ਸਮਾਂ ਰਹਿ ਸਕਦਾ ਹੈ, ਪਰ ਹਵਾ ਤੋਂ ਬਗੈਰ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ । ਜਿਸ ਤਰਾਂ ਇਨਸਾਨ ਨੂੰ ਜੀਵਨ ਵਿਚ ਸੱਚੇ ਮਾਰਗ ਦਰਸ਼ਨ ਲਈ ਪੂਰੇ ਗੁਰੂ ਦੀ ਜ਼ਰੂਰਤ ਹੁੰਦੀ ਹੈ ਉਸੇ ਤਰਾਂ ਸਿਹਤਮੰਦ ਜੀਵਨ ਜੀਉਣ ਲਈ ਸਾਫ਼ ਅਤੇ ਸ਼ੁੱਧ ਹਵਾ ਦੀ ਲੋੜ ਹੁੰਦੀ ਹੈ।

ਪਵਣੁ ਗੁਰੂ ਪਾਣੀ ਪਿਤਾ 
ਮਾਤਾ ਧਰਤਿ ਮਹਤੁ ॥
ਦਿਵਸੁ ਰਾਤਿ ਦੁਇ ਦਾਈ ਦਾਇਆ 
ਖੇਲੈ ਸਗਲ ਜਗਤੁ ॥
ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਬਾਣੀ, ਜਪੁਜੀ ਸਾਹਿਬ ਦੇ ਇਸ ਸ਼ਲੋਕ ਵਿਚ ਗੁਰੂ ਸਾਹਿਬ ਨੇ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਹਾਨ ਮਾਤਾ ਦਾ ਦਰਜਾ ਦਿੱਤਾ ਹੈ। ਇਨਸਾਨ ਬਿਨਾਂ ਕੁੱਝ ਖਾਧੇ ਕੁਝ ਦਿਨ ਕੱਟ ਸਕਦਾ ਹੈ ਤੇ ਪਾਣੀ ਪੀਤਿਆਂ ਬਗੈਰ ਵੀ ਕੁਝ ਸਮਾਂ ਰਹਿ ਸਕਦਾ ਹੈ, ਪਰ ਹਵਾ ਤੋਂ ਬਗੈਰ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ । ਜਿਸ ਤਰਾਂ ਇਨਸਾਨ ਨੂੰ ਜੀਵਨ ਵਿਚ ਸੱਚੇ ਮਾਰਗ ਦਰਸ਼ਨ ਲਈ ਪੂਰੇ ਗੁਰੂ ਦੀ ਜ਼ਰੂਰਤ ਹੁੰਦੀ ਹੈ ਉਸੇ ਤਰਾਂ ਸਿਹਤਮੰਦ ਜੀਵਨ ਜੀਉਣ ਲਈ ਸਾਫ਼ ਅਤੇ ਸ਼ੁੱਧ ਹਵਾ ਦੀ ਲੋੜ ਹੁੰਦੀ ਹੈ। ਅੱਜ ਕਲ ਹਰ ਪ੍ਰਸਾਰ ਮਾਧਿਅਮ ਵਿਚ ਮੁੱਖ ਖਬਰਾਂ, ਹਵਾ ਪ੍ਰਦੂਸ਼ਣ ਨਾਲ ਸਬੰਧਿਤ ਪੜ੍ਹਨ ਸੁਨਣ ਨੂੰ ਮਿਲ ਰਹੀਆਂ ਹਨ। ਹਵਾ ਦੀ ਆਲੂਦਗੀ ਵਾਤਾਵਰਣ ਲਈ ਇਕ ਵੱਡਾ ਖ਼ਤਰਾ ਬਣ ਚੁੱਕੀ ਹੈ। ਇਹ ਹਵਾ ਦਾ ਜ਼ਹਿਰੀਲਾਪਨ ਫੇਫੜਿਆਂ ਅਤੇ ਅੱਖਾਂ ਲਈ ਘਾਤਕ ਹੈ। ਹਵਾ ਦੇ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਕਰਕੇ ਹਰ ਸਾਲ ਲੱਖਾਂ ਲੋਕੀਂ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇਹ ਦਿਲ ਦੇ ਰੋਗੀਆਂ ਲਈ ਕਾਲ ਸਾਬਿਤ ਹੋ ਰਿਹਾ ਹੈ । ਹਵਾ ਦਾ ਗੰਧਲਾਪਨ, ਸਟ੍ਰੋਕ, ਦਿਲ ਦੇ ਰੋਗ, ਫੇਫੜਿਆਂ ਦਾ ਕੈਂਸਰ ਅਤੇ ਸਾਹ ਦੀਆਂ ਬਿਮਾਰੀਆਂ ਦਾ ਮੁੱਖ ਕਾਰਨ ਬਣ ਰਿਹਾ ਹੈ। ਡਾਕਟਰੀ ਖੋਜ ਅਨੁਸਾਰ ਹਵਾ ਪ੍ਰਦੂਸ਼ਣ ਅਤੇ ਆਟੋਇਮਿਊਨ ਬਿਸਾਰੀਆਂ ਇਕ ਦੂਸਰੇ ਨਾਲ ਸਬੰਧਿਤ ਹਨ। ਪ੍ਰਦੂਸ਼ਣ ਦੇ ਸੰਪਰਕ ਵਿਚ ਆਉਣ ਨਾਲ ਗਠੀਏ ਤੇ ਚਮੜੀ ਦੇ ਰੋਗ ਹੋਰ ਵੀ ਗੰਭੀਰ ਰੂਪ ਧਾਰ ਲੈਂਦੇ ਹਨ।
ਜੇ ਸਾਦੇ ਸ਼ਬਦਾਂ ਵਿਚ ਪ੍ਰਦੂਸ਼ਣ ਨੂੰ ਪਰਿਭਾਸ਼ਿਤ ਕਰਨਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਵਾਯੂਮੰਡਲ ਵਿਚ ਖ਼ਤਰਨਾਕ ਰਸਾਇਣਾਂ ਅਤੇ ਕਣਾਂ ਦੀ ਹਵਾ ਵਿਚ ਰਿਹਾਈ ਇਸ ਦਾ ਕਾਰਨ ਹੁੰਦੇ ਹਨ। ਧਰਤੀ ਦੇ ਚੌਗਿਰਦੇ ਵਿਚ ਹਾਨੀਕਾਰਕ ਪਦਾਰਥਾਂ ਜਿਵੇਂ ਰਸਾਇਣ, ਜ਼ਹਿਰੀਲੀਆਂ ਗੈਸਾਂ, ਕਣ, ਜੈਵਿਕ ਅਣੂ ਆਦਿ ਦਾ ਹਵਾ ਵਿਚ ਮਿਲਣਾ ਹਵਾ ਨੂੰ ਇਨਸਾਨਾਂ ਤੇ ਜੀਵ ਜੰਤੂਆਂ ਲਈ ਹਾਨੀਕਾਰਕ ਬਣਾਉਦਾ ਹੈ। ਇਹ ਮਿਸ਼ਰਣ ਸਿਹਤ ਲਈ ਵੱਡੇ ਖ਼ਤਰੇ ਪੈਦਾ ਕਰਦਾ ਹੈ। ਆਵਾਜਾਈ ਦੇ ਸਾਧਨ ਕਈ ਕਿਸਮ ਦੇ ਪ੍ਰਦੂਸ਼ਕਾਂ ਦਾ ਨਿਕਾਸ ਕਰਦੇ ਹਨ। ਇਨਾਂ ਵਿਚ ਕਾਰਬਨ ਮੋਨੋਕਸਾਈਡ, ਨਾਈਟ੍ਰੋਜਨ ਅਕਸਾਈਡ, ਖਤਰਨਾਕ ਧੂੰਆਂ ਤੇ ਕਣ ਸ਼ਾਮਿਲ ਹਨ। ਹਵਾ ਦੇ ਗੰਧਲੇਪਨ ਨੂੰ ਵਧਾਉਣ ਵਿਚ ਇਮਾਰਤਾਂ ਦੀ ਉਸਾਰੀ ਅਤੇ ਢਾਉਣ ਦੀ ਪ੍ਰਕ੍ਰਿਆ ਵੀ ਸ਼ਾਮਿਲ ਹੈ।
ਪੰਜਾਬ, ਹਰਿਆਣਾ ਅਤੇ ਪੱਛਮੀ ਉਤਰ ਪ੍ਰਦੇਸ਼ ਵਿਚ ਝੋਨੇ ਦੀ ਕਾਸ਼ਤ ਵੱਡੇ ਪੱਧਰ ਉਪਰ ਕੀਤੀ ਜਾਂਦੀ ਹੈ। ਇਸ ਦੀ ਕਟਾਈ ਅਤੇ ਅੱਗੋਂ ਕਣਕ ਦੀ ਬਿਜਾਈ ਵਿਚ ਬਹੁਤ ਘੱਟ ਵਕਫ਼ਾ ਹੁੰਦਾ ਹੈ। ਅਜ ਕਲ ਜ਼ਿਆਦਾਤਰ ਝੋਨੇ ਦੀ ਕਟਾਈ ਕੰਬਾਈਨਾਂ ਦੁਆਰਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਖੇਤਾਂ ਵਿਚ ਝੋਨੇ ਦੀ ਰਹਿੰਦ ਖੂੰਹਦ ਯਾਨੀ ਪਰਾਲੀ ਦੇ ਨਿਪਟਾਰੇ ਦਾ ਆਸਾਨ ਤਰੀਕਾ ਇਸ ਨੂੰ ਅੱਗ ਲਗਾਉਣਾ ਹੀ ਸਰਲ ਸਮਝਿਆ ਜਾਂਦਾ ਹੈ। ਇਹ ਤਰੀਕਾ ਵਾਤਾਵਰਣ ਲਈ ਅਤਿਅੰਤ ਘਾਤਕ ਸਿੱਧ ਹੋ ਰਿਹਾ ਹੈ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ ਅਤੇ ਕਿਸਾਨਾਂ ਦੀ ਖੇਤੀ ਲਈ ਲਾਹੇਵੰਦ ਕੀਟ ਪਤੰਗੇ ਨਸ਼ਟ ਹੋ ਜਾਂਦੇ ਹਨ। ਧੂੰਏ ਨਾਲ ਸੜਕੀ ਹਾਦਸੇ ਹੋ ਜਾਂਦੇ ਹਨ। ਇਸ ਨਾਲ ਪੈਦਾ ਹੋਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਕਈ ਤਰਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦੀਆਂ ਹਨ।
10 ਦਸੰਬਰ 2015 ਨੂੰ ਨੈਸ਼ਨਲ ਗ੍ਰੀਨ ਟ੍ਰਿਬੂਨਲ ਨੇ ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣਾ ਤੇ ਪੰਜਾਬ ਵਿਚ ਫਸਲਾਂ ਦੀ ਰਹਿੰਦ- ਖੂੰਹਦ ਨੂੰ ਸਾੜਨ ਤੇ ਪਾਬੰਦੀ ਲਗਾ ਦਿਤੀ ਸੀ। ਪਰਾਲੀ ਅਤੇ ਖੇਤਾਂ ਦੀ ਹੋਰ ਬਚੀ ਖੁਚੀ ਸਮੱਗਰੀ ਨੂੰ ਸਾੜਨਾ ਆਈ.ਪੀ.ਸੀ. ਦੀ ਧਾਰਾ 188 ਅਤੇ 1981 ਦੇ ਹਵਾ ਅਤੇ ਪ੍ਰਦੂਸ਼ਣ ਨਿਯੰਤਰਣ ਐਕਟ ਦੇ ਤਹਿਤ ਇਕ ਅਪਰਾਧ ਹੈ। ਇਸੇ ਤਰਾਂ ਹਾਲ ਵਿਚ ਹੀ ਪੰਜਾਬ ਸਰਕਾਰ ਨੇ ਵੀ ਕੁਝ ਸਖ਼ਤ ਕਾਨੂੰਨ ਬਣਾਏ ਹਨ, ਜਿਨਾਂ ਵਿਚ ਜ਼ੁਰਮਾਨਾ ਅਤੇ ਜ਼ਮੀਨ ਦੇ ਰਿਕਾਰਡ ਵਿਚ “ਰੈਡ ਐਂਟਰੀ" ਸ਼ਾਮਿਲ ਹਨ। ਪਰ ਇਥੇ ਇਹ ਗੱਲ ਦੱਸਣਯੋਗ ਹੈ ਕਿ ਸਰਕਾਰਾਂ ਭਾਵੇਂ ਪਰਾਲੀ ਦੇ ਪ੍ਰਬੰਧਨ ਵਾਸਤੇ ਵੱਖ ਵੱਖ ਯੋਜਨਾਵਾਂ ਚਲਾ ਰਹੀਆਂ ਹੈ ਪਰ ਪ੍ਰਬੰਧਨ ਉਪਰ ਸਿਆਸਤ ਅਜੇ ਵੀ ਭਾਰੂ ਹੈ। ਦਿੱਲੀ, ਹਰਿਆਣਾ ਤੇ ਪੰਜਾਬ ਇਸ ਪ੍ਰਦੂਸ਼ਣ ਲਈ ਇਕ ਦੂਸਰੇ ਨੂੰ ਜ਼ਿੰਮੇਵਾਰ ਦਸ ਰਹੇ ਹਨ। ਖ਼ੈਰ ਕਾਰਨ ਜੋ ਵੀ ਹੋਵੇ, ਪਰ ਅੱਜ ਉਤਰੀ ਭਾਰਤ ਦੇ ਇਨਾਂ ਰਾਜਾਂ ਵਿਚ ਸਥਿਤੀ ਕਾਫ਼ੀ ਚਿੰਤਾ ਜਨਕ ਬਣੀ ਹੋਈ ਹੈ। ਦਿੱਲੀ ਦੇ ਕਈ ਇਲਾਕਿਆਂ ਵਿਚ AQI ਇਕ ਹਜ਼ਾਰ ਤੋਂ ਉਪਰ ਪਹੁੰਚ ਚੁੱਕਾ ਹੈ। ਮਾਨਯੋਗ ਸੁਪਰੀਮ ਕੋਰਟ ਨੇ ਹਾਲਾਤਾਂ ਦੀ ਗੰਭੀਰਤਾ ਦਾ ਨੋਟਿਸ ਲੈਂਦਿਆਂ ਦਿੱਲੀ ਦੀ ਤੁਲਨਾ "ਗੈਸ ਚੈਂਬਰ" ਨਾਲ ਕੀਤੀ ਹੈ ਅਤੇ ਕੁਝ ਖ਼ਾਸ ਉਪਰਾਲੇ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਚੰਡੀਗੜ ਵਰਗਾ ਸਾਫ਼ ਸੁਥਰਾ ਤੇ ਹਰਿਆ ਭਰਿਆ ਸ਼ਹਿਰ ਵੀ ਇਸ ਪ੍ਰਦੂਸ਼ਣ ਦੀ ਮਾਰ ਤੋਂ ਬਚ ਨਹੀਂ ਸਕਿਆ। ਇਥੇ ਵੀ AQI ਖਤਰਨਾਕ ਹੱਦ ਤੱਕ ਪਹੁੰਚ ਚੁੱਕਾ ਹੈ। ਬੇ ਮੌਸਮੀ ਧੁੰਧ ਇਸ ਖਿੱਤੇ ਵਿਚ ਪੂਰਾ ਦਿਨ ਛਾਈ ਰਹਿੰਦੀ ਹੈ।
ਇਸ ਪ੍ਰਦੂਸ਼ਣ ਲਈ ਸਿਰਫ਼ ਪਰਾਲੀ ਸਾੜਨਾ ਇਕੱਲਾ ਕਾਰਨ ਨਹੀਂ ਹੈ। ਹਰ ਸਾਲ ਦਿਵਾਲੀ ਤੋਂ ਪਹਿਲੇ ਸਰਕਾਰਾਂ ਗਰੀਨ ਦਿਵਾਲੀ ਅਤੇ ਪਟਾਕਿਆਂ ਉਪਰ ਪਾਬੰਦੀ ਦੀ ਐਡਵਾਜ਼ਰੀ ਜਾਰੀ ਕਰਦੀ ਹੈ। ਪਰ ਇਸ ਦੇ ਬਾਵਜੂਦ ਪਟਾਕੇ ਸ਼ਰੇਆਮ ਵਿਕਦੇ ਹਨ ਤੇ ਕਰੋੜਾਂ ਰੁਪਏ ਦੇ ਫੂਕੇ ਜਾਂਦੇ ਹਨ। ਦਿਵਾਲੀ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੀ ਬਣਵਾਸ ਤੋਂ ਅਯੁਧਿਆ ਪਰਤਣ ਨਾਲ ਸਬੰਧਿਤ ਤਿਉਹਾਰ ਹੈ । ਉਨਾਂ ਨੇ 14 ਸਾਲ ਜੰਗਲਾਂ ਵਿਚ ਗੁਜ਼ਾਰੇ। ਉਹ ਪ੍ਰਾਕਿਰਤੀ ਨੂੰ ਅਤਿਅੰਤ ਪਿਆਰ ਕਰਦੇ ਸਨ। ਪਰ ਅਸੀਂ ਉਨਾਂ ਦੇ ਅਨੁਯਾਈ ਪਟਾਕਿਆਂ ਰਾਹੀਂ ਹਰ ਤਰਾਂ ਦਾ ਪ੍ਰਦੂਸ਼ਣ ਫੈਲਾ ਕੇ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਰਹੇ ਹਾਂ। ਇਸੇ ਤਰਾਂ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਉਪਰ ਖ਼ਾਸ ਤੌਰ ਤੇ ਪੰਜਾਬ ਵਿਚ ਪਟਾਕੇ ਚਲਾਏ ਜਾਂਦੇ ਹਨ। ਜੇ ਅਸੀਂ ਗੁਰੂ ਜੀ ਦੀ ਮਹਾਨ ਰਚਨਾ "ਆਰਤੀ" ਦਾ ਚਿੰਤਨ ਕਰੀਏ ਤਾਂ ਭਲੀ ਭਾਂਤੀ ਇਹ ਗੱਲ ਸਮਝ ਆ ਜਾਵੇਗੀ ਕਿ ਉਨ੍ਹਾਂ ਨੇ ਮਨੁਖਾਂ ਦੁਆਰਾ ਉਤਾਰੀ ਜਾ ਰਹੀ ਆਰਤੀ ਦਾ ਖੰਡਨ ਕੀਤਾ ਸੀ। ਕਾਦਰ ਦੀ ਕੁਦਰਤ ਵਿਚ ਆਰਤੀ ਆਪਣੇ ਆਪ ਨਿਰੰਤਰ ਤੋ ਰਹੀ ਹੈ। ਇਸ ਤਰਾਂ ਗੁਰ ਪੁਰਬ ਉਪਰ ਪਟਾਕੇ ਚਲਾਉਣਾ ਸ਼ਰਧਾ ਜਾਂ ਖ਼ੁਸ਼ੀ ਦਾ ਪ੍ਰਗਟਾਵਾ ਨਹੀਂ, ਬਲਕਿ ਕੁਦਰਤ ਦਾ ਨੁਕਸਾਨ ਹੈ।
ਹਵਾ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕੁਦਰਤੀ ਗੈਸ ਵਰਗੇ ਸਾਫ ਬਾਲਣ ਦੀ ਵਰਤੋਂ, ਵਾਹਨਾਂ ਦੇ ਨਿਕਾਸ ਦੇ ਮਿਆਰ ਵਿਚ ਸੁਧਾਰ, ਕੁਦਰਤੀ ਊਰਜਾ ਸਰੋਤਾਂ ਜਿਵੇਂ ਸੂਰਜੀ ਤੇ ਪੌਣ ਊਰਜਾ, ਜਨਤਕ ਆਵਾਜਾਈ ਨੂੰ ਵਧਾਉਣਾ ਤੇ ਵਧੇਰੇ ਰੁੱਖ ਲਗਾਉਣ ਦੀ ਜ਼ਰੂਰਤ ਹੈ।

- ਦਵਿੰਦਰ ਕੁਮਾਰ