
ਸੁੱਚਜੇ ਮਨੁੱਖ ਦੇ ਸਿਰਜਣਹਾਰ, ਸ੍ਰੀ ਗੁਰੂ ਨਾਨਕ ਦੇਵ ਜੀ
੧੪੬੯ ਦੀ ਕੱਤਕ ਦੀ ਪੂਰਨਮਾਸ਼ੀ ਦੇ ਦਿਨ ਜਿਹੜਾ ਪ੍ਰਕਾਸ਼ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਮਹਿਤਾ ਕਾਲੂ ਜੀ ਦੇ ਘਰ ਪ੍ਰਗਟ ਹੋਇਆ ਉਸ ਪੂਰਨਮਾਸ਼ੀ ਦਾ ਪ੍ਰਕਾਸ਼ ਸਦੀਵ ਕਾਲ ਲਈ ਇਸ ਬ੍ਰਹਿਮੰਡ ਨੂੰ ਰੁਸ਼ਨਾ ਗਿਆ।
੧੪੬੯ ਦੀ ਕੱਤਕ ਦੀ ਪੂਰਨਮਾਸ਼ੀ ਦੇ ਦਿਨ ਜਿਹੜਾ ਪ੍ਰਕਾਸ਼ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਮਹਿਤਾ ਕਾਲੂ ਜੀ ਦੇ ਘਰ ਪ੍ਰਗਟ ਹੋਇਆ ਉਸ ਪੂਰਨਮਾਸ਼ੀ ਦਾ ਪ੍ਰਕਾਸ਼ ਸਦੀਵ ਕਾਲ ਲਈ ਇਸ ਬ੍ਰਹਿਮੰਡ ਨੂੰ ਰੁਸ਼ਨਾ ਗਿਆ।
ਉਹ ਸਮਾਂ ਹਿੰਦੋਸਤਾਨ ਦੀ ਜਨਤਾ ਲਈ ਘੁੱਪ ਹਨੇਰ ਦਾ ਸਮਾਂ ਸੀ,ਕੂੜ ਦੀ ਧੁੰਦ ਨੇਂ ਹਿੰਦੋਸਤਾਨ ਦੀ ਖ਼ਲਕਤ ਦੇ ਦਮਨ ਅੰਦਰ ਹਨੇਰੇ ਦਾ ਪਸਾਰਾ ਕੀਤਾ ਹੋਇਆ ਸੀ ਜਿਸ ਕਾਰਨ ਲੋਕ ਜ਼ੁਲਮ ਤੇ ਜਬਰ ਦੀ ਹਨੇਰੀ ਅੱਗੇ ਝੁਕ ਕੇ ਮੂਰਖ ਜੀਵਨ ਜੀਉਣ ਲਈ ਮਜਬੂਰ ਹੋਈ ਪਏ ਸਨ। ਅਜੇਹੇ ਭਿਆਨਕ ਸਮੇਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹਿੰਦੋਸਤਾਨ ਲਈ ਏਡਾ ਵੱਡਾ ਵਰਦਾਨ ਸਾਬਤ ਹੋਇਆ ਤੇ ਲੋਕਾਂ ਦੇ ਮਨ ਦੀਆਂ ਹਨੇਰ ਕੋਠੜੀਆਂ ਇਸ ਪ੍ਰਕਾਸ਼ ਨਾਲ ਰੁਸ਼ਨਾਇਆ ਗਈਆਂ। ਉਹਨਾਂ ਦੇ ਸਰੀਰ ਗੁਲਾਮੀ ਦੀਆਂ ਜੰਜੀਰਾਂ ਦਾ ਭਾਰ ਮਹਿਸੂਸ ਕਰਨ ਲੱਗੇ, ਆਜ਼ਾਦੀ ਦੀ ਅੰਗੜਾਈ ਲਈ ਕੇ, ਮਰ ਚੁੱਕੀ ਜ਼ਮੀਰ ਜਾਗਣ ਲੱਗੀ।
ਉਹਨਾਂ ਨੇ ਸਭ ਤੋਂ ਪਹਿਲਾਂ ਮਨੁੱਖ ਦੀ ਸੁੱਚੀਘਾੜਤ ਘੜਨ ਲਈ ਤਿੰਨ, ਸਿੱਧਾਂਤ ਸਮਾਜ ਦੇ ਸਨਮੁਖ ਰੱਖੇ। ਇਹ ਸਿਧਾਂਤ ਸਨ :-
‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ '
ਸਭ ਤੋਂ ਪਹਿਲਾ ਸਿਧਾਂਤ ਗੁਰੂ ਸਾਹਿਬ ਜੀ ਨੇ ਉਸ ਅਕਾਲ ਪੁਰਖ ਦੀ ਯਾਦ ਨੂੰ ਹਿਹਦੇ ਵਿਚ ਵਸਾਉਣ ਦਾ ਦਿੱਤਾ ਜਿਸ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਤੇ ਇਸ ਧਰਤੀ ਤੇ ਇਨਸਾਨ ਨੂੰ ਸਰਦਾਰ, ਭਾਵ ਰਾਜਾ ਬਣਾ ਕੇ ਭੇਜਿਆ ਜਿਸ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਸਾ ਦੀ ਵਾਰ ਵਿੱਚ ਇਨਾਂ ਸ਼ਬਦਾਂ ਰਾਹੀਂ ਪ੍ਰਗਟ ਕੀਤਾ:
" ਅਵਰ ਜੋਨਿ ਤੇਰੀ ਪਨਿਹਾਰੀ ॥
ਇਸੁ ਧਰਤੀ ਮਹਿ ਤੇਰੀ ਸਿਕਦਾਰੀ॥”
ਲੋਕਾਂ ਵਿਚ ਇਸ ਸਚਾਈ ਦਾ ਅਹਿਸਾਸ ਕਰਾਉਣ' ਲਾਜ਼ਮੀ ਸੀ, ਕਿਉਂਕਿ ਮਨੁੱਖ ਅਗਿਆਨਤਾ ਵੱਸ ਰਾਜਾ ਹੁੰਦਾ ਹੋਇਆ ਵੀ, ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਜਾ ਚੁੱਕਾ ਸੀ |
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖ ਨੂੰ ਇਸ ਗੱਲ ਦਾ ਅਹਿਸਾਸ ਕਰਾ ਕੇ ਇਸ ਨੂੰ ਉਸ ਸਿਰਜਣਹਾਰ ਦੇ ਸ਼ੁਕਰਾਨੇ ਨਾਲ ਜੁੜਨ ਦਾ ਸਿਧਾਂਤ ਦ੍ਰਿੜ ਕਰਵਾਇਆ ਕਿ ਜਿਸ ਪ੍ਰਮਾਤਮਾ ਨੇ ਸਾਡੇ ਊਪਰ ਵੱਡਾ ਪਰਉਪਕਾਰ ਕੀਤਾ ਹੈ, ਮਨੁੱਖਾ ਦੇਹੀ ਦੀ ਦਾਤ ਬਖਸ਼ਿਸ਼ ਕਰਕੇ ਧਰਤੀ ਦੀ ਸਰਦਾਰੀ ਬਖਸ਼ਿਸ਼ ਹੈ ਉਸ ਦੀ ਯਾਦ ਨੂੰ ਹਿਰਦੇ ਵਿੱਚ ਵਸਾ ਕੇ,ਇਸਦੇ ਸ਼ੁਕਰਾਨੇ ਵਿੱਚ ਜੁੜਨਾ ਸਾਡਾ ਪਹਿਲਾ ਫ਼ਰਜ਼ ਹੈ।
ਦੂਸਰਾ ਸਿਧਾਂਤ ਉਨਾਂ ਨੇ 'ਕਿਰਤ' ਦਾ ਦ੍ਰਿੜ੍ਹ ਕਰਵਾਇਆ ਕਿਉਂਕਿ ਮਨੁੱਖਾ ਸਰੀਰ ਨੂੰ ਜੀਂਦਿਆਂ ਰੱਖਣ ਲਈ, ਪੇਟ ਭਰਨ ਲਈ, ਤਨ ਨੂੰ ਢਕਣ ਤੇ ਸਿਰ ਲੁਕਾਉਣ ਲਈ, ਰੋਟੀ, ਕੱਪੜਾ ਤੇ ਮਕਾਨ ਚਾਹੀਦਾ ਹੈ। ਇਸ ਪ੍ਰਾਪਤੀ ਲਈ ਮਨੁੱਖ ਨੂੰ ਸੱਚੀ ਤੇ ਸੁੱਚੀ ਕਿਰਤ ਕਰਨ ਲਈ ਕਿਹਾ। ਇਨ੍ਹਾਂ ਲੋੜਾਂ ਦੀ ਪੂਰਤੀ ਕਿਰਤ ਤੋਂ ਬਿਨਾਂ ਹੋ ਨਹੀਂ ਸਕਦੀ। ਨਹੀਂ ਤਾਂ ਮਨੁੱਖ ਨੂੰ ਭਿਖਾਰੀ ਬਣਨ ਲਈ ਮਜਬੂਰ ਹੋਣਾ ਪੈਂਦਾ ਹੈ। ਸੁੱਚਜਾ ਮਨੁੱਖ ਭਿਖਾਰੀ ਨਹੀਂ ਹੋ ਸਕਦਾ ਇਸ ਕਰਕੇ ਅਕਾਲ ਪੁਰਖ ਦੀ ਯਾਦ ਨੂੰ ਹਿਰਦੇ ਵਿੱਚ ਵਸਾਉਣ ਤੇ ਸ਼ੁਕਰਾਨੇ ਸਹਾਰੇ ਜਿਉਣ ਲਈ ਕਿਰਤ ਜ਼ਰੂਰੀ ਹੈ। ਕਿਰਤੀ ਮਨੁੱਖ ਹੀ ਗੁਰਬਤ ਨੂੰ ਗਲੋਂ ਲਾਹ ਕੇ ਦਾਨੀ ਬਣ ਸਕਦਾ ਹੈ।
ਤੀਸਰਾ ਸਿਧਾਂਤ ਗੁਰੂ ਸਾਹਿਬ ਜੀ ਨੇ ਮਨੁੱਖ ਨੂੰ 'ਵੰਡ ਛੱਕਣ' ਦਾ ਦਿੱਤਾ। ਇਹ ਸਿੱਧਾਂਤ ਵੀ ਮਨੁੱਖ ਦੀ ਘਾੜਤ ਲਈ ਇਸ ਕਰਕੇ ਜ਼ਰੂਰੀ ਸੀ, ਕਿ ਜੋ ਮਨੁੱਖ ਆਪਣੀਆਂ ਲੋੜਾਂ ਦੀ ਪੂਰਤੀ ਕਰ ਰਿਹਾ ਹੈ ਤਾਂ ਉਸਦਾ ਫ਼ਰਜ਼ ਬਣਦਾ ਹੈ ਕਿ ਉਸ ਦੇ ਗੁਆਂਢ ਵਿਚੋ ਕੋਈ ਵੀ ਇਨਸਾਨ ਭੁੱਖਾ ਨਾ ਹੋਵੇ, ਤਨ ਤੋਂ ਨੰਗਾ ਨਾ ਹੋਵੇ, ਮਕਾਨ ਤੋਂ ਬਿਨਾਂ ਨਾ ਹੋਵੇ। ਹਿਰਦਾ ਕਠੋਰ ਨਹੀਂ ਹੋਣਾ ਚਾਹੀਦਾ, ਨਰਮ ਹਿਰਦੇ ਵਾਲਾ ਮਨੁੱਖ ਹੀ ਦਾਨੀ ਹੋ ਸਕਦਾ ਹੈ। ਮਨ ਦੀ ਕਠੋਰਤਾ ਮਨੁੱਖ ਵਿਚ ਮਨੁੱਖਤਾ ਨੂੰ ਜਾਗਣ ਨਹੀ ਦਿੰਦੀ, ਤੇ ਹਉਮੈ ਦਾ ਕਾਰਨ ਬਣਦੀ ਹੈ। ਹਉਮੈ ਵਾਲਾ ਮਨੁੱਖ ਅਕਾਲ ਪੁਰਖ ਦੀ ਸਿਫ਼ਤ-ਸਲਾਹ ਵਿਚ ਨਹੀਂ ਜੁੜ ਸਕਦਾ, ਉਸਦਾ ਸ਼ੁਕਰਾਨਾ ਨਹੀਂ ਕਰ ਸਕਦਾ। ਉਹ ਨਾ-ਸ਼ੁਕਰਾ ਬਣ,ਫਿਰ ਮਰੀ ਹੋਈ ਜ਼ਮੀਰ ਵਾਲਾ ਹੋ ਜਾਂਦਾ ਹੈ। ਇਸ ਕਰਕੇ ਕੀਤੀ ਹੋਈ ਕਿਰਤ ਨੂੰ ਵੰਡ ਕੇ ਛਕਣ ਦਾ ਸਿਧਾਂਤ ਗੁਰੂ ਸਾਹਿਬ ਜੀ ਨੇ ਸਚਿਆਰੇ ਮਨੁੱਖ ਦੀ ਘਾੜਤ ਲਈ ਲਾਜ਼ਮੀ ਬਣਾ ਦਿੱਤਾ।
ਇਹ ਤਿੰਨੋ ਸਿਧਾਂਤ ਇਕ ਦੂਜੇ ਦੇ ਪੂਰਕ ਵੀ ਹਨ ਤੇ ਸੁੱਚਜੇ ਮਨੁੱਖ ਦੀ ਘਾੜਤ ਲਈ ਅਧਾਰ ਵੀ ਹਨ। ਇਹਨਾਂ ਸਿਧਾਂਤਾਂ ਦੀ ਦ੍ਰਿੜਤਾ ' ਤੋਂ ਬਿਨਾ ਸੱਚੇ-ਸੁੱਚੇ ਸਮਾਜ ਦੀ ਉਸਾਰੀ ਨਹੀ ਸੀ ਹੋ ਸਕਦੀ। ਇਸ ਕਰਕੇ ਗੁਰੂ ਸਾਹਿਬ ਜੀ ਨੇ ਬੁਨਿਆਦੀ ਤੌਰ 'ਤੇ ਇਹਨਾਂ ਸਿਧਾਂਤਾਂ ਨੂੰ ਮਨੁੱਖ ਤੇ ਲਾਜ਼ਮੀ ਤੌਰ ਤੇ ਲਾਗੂ ਕਰਨ ਦਾ ਉਪਦੇਸ਼ ਦਿੱਤਾ।
ਇਨ੍ਹਾਂ ਸਿਧਾਂਤਾਂ ਦੀ ਦ੍ਰਿੜਤਾ ਨੇ ਹਿੰਦੋਸਤਾਨ ਦੇ ਲੋਕਾਂ ਵਿੱਚ ਵੱਡੀ ਕ੍ਰਾਂਤੀ ਲਿਆਂਦੀ, ਜਿਸ ਨਾਲ ਇਕ ਸੁੱਚਜੇ ਮਨੁੱਖ ਦੀ ਘਾੜਤ ਘੜੀ ਗਈ। ਹਿੰਦੋਸਤਾਨ ਦੀ ਤਸਵੀਰ ਬਦਲਣੀ ਸ਼ੁਰੂ ਹੋਈ।
ਇਸ ਕ੍ਰਾਂਤੀ ਨੇ ਮਨੁੱਖਾ ਵਿੱਚ ਇਹ ਅਹਿਸਾਸ ਪੈਦਾ ਕੀਤਾ ਕਿ:
ਭਈ ਪਰਅਤਿ ਮਾਨੁਖ ਦੇਹੁਰੀਆ ॥
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥”
ਇਸ ਤਰਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਨੂੰ ਮਨੁੱਖਾਂ ਅੰਦਰ ਮਨੁੱਖਤਾ ਜਗਾ ਕੇ ਉਸਨੂੰ ਇਸ ਧਰਤੀ ਦੇ ਸਿਕੰਦਰ ਹੋਣ ਦਾ ਅਹਿਸਾਸ ਕਰਵਾਇਆ ਤੇ ਮਨੁੱਖੀ ਜੀਵਨ ਦਾ ਸਹੀ ਅਰਥ ਸਮਝਾ ਕੇ ਪ੍ਰਮਾਤਮਾਂ ਤੋਂ ਵਿਛੜ ਕੇ ਆਈ ਰੂਹ ਨੂੰ ਪ੍ਰਮਾਤਮਾਂ ਵਿੱਚ ਅਭਿਨਤਾ ਹਾਸਲ ਕਰਨ ਦਾ ਸਹੀ ਰਸਤਾ ਦਿਖਾਇਆ ਜਿਸ ਨਾਲ ਬੇਅੰਤ ਰੂਹਾ ਆਪਣਾ ਜੀਵਨ ਸਫ਼ਲ ਕਰਨ ਵਿਚ ਸਫ਼ਲ ਹੋਈਆਂ ਹਨ।
ਸਾਹਿਬ ਗੁਰੂ ਨਾਨਕ ਦੇਵ ਜੀ ਦੇ ਇਸ ਫ਼ਲਸਫ਼ੇ ਨੂੰ ਸਮਝ ਕੇ ਤੇ ਪ੍ਰਚਾਰਕੇ ਹੀ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਨੂੰ ਸੰਸਾਰ ਭਰ ਵਿਚ ਲਾਗੂ ਕਰਨ ਦਾ ਯਤਨ ਕੀਤਾ ਜਾ ਸਕਦਾ ਹੈ ਜੋ ਅੱਜ ਦੇ ਸਮੇ ਦੀ ਪਹਿਲੀ ਲੋੜ ਹੈ।
ਪ੍ਰੋ: ਅਪਿੰਦਰ ਸਿੰਘ
