
ਹਰ ਵੋਟਰ ਨਵੇਂ ਭਾਰਤ ਦਾ ਨਿਰਮਾਤਾ ਹੈ
ਵਰਤਮਾਨ ਸਮੇਂ ਦਾ ਭਖਵਾਂ ਮੁੱਦਾ ਨਜ਼ਦੀਕ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਹਨ | ਜਿੱਥੇ ਕਿਤੇ ਵੀ ਚਾਰ ਬੰਦੇ ਇਕੱਠੇ ਹੁੰਦੇ ਹਨ ਗੱਲਬਾਤ ਇਹਨਾਂ ਚੋਣਾਂ ਉੱਪਰ ਹੀ ਕੇਂਦਰਿਤ ਹੋ ਜਾਂਦੀ ਹੈ | ਭਾਰਤੀ ਚੋਣ ਕਮਿਸ਼ਨ ਵੱਲੋਂ ਕਿਸੇ ਵੀ ਸਮੇਂ ਚੋਣਾਂ ਦੀ ਤਾਰੀਖ ਦਾ ਐਲਾਨ ਹੋ ਸਕਦਾ ਹੈ | ਭਾਰਤ ਦੁਨੀਆਂ ਦਾ ਇੱਕ ਵੱਡਾ ਲੋਕਤੰਤਰ ਦੇਸ਼ ਹੈ |
ਵਰਤਮਾਨ ਸਮੇਂ ਦਾ ਭਖਵਾਂ ਮੁੱਦਾ ਨਜ਼ਦੀਕ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਹਨ | ਜਿੱਥੇ ਕਿਤੇ ਵੀ ਚਾਰ ਬੰਦੇ ਇਕੱਠੇ ਹੁੰਦੇ ਹਨ ਗੱਲਬਾਤ ਇਹਨਾਂ ਚੋਣਾਂ ਉੱਪਰ ਹੀ ਕੇਂਦਰਿਤ ਹੋ ਜਾਂਦੀ ਹੈ | ਭਾਰਤੀ ਚੋਣ ਕਮਿਸ਼ਨ ਵੱਲੋਂ ਕਿਸੇ ਵੀ ਸਮੇਂ ਚੋਣਾਂ ਦੀ ਤਾਰੀਖ ਦਾ ਐਲਾਨ ਹੋ ਸਕਦਾ ਹੈ | ਭਾਰਤ ਦੁਨੀਆਂ ਦਾ ਇੱਕ ਵੱਡਾ ਲੋਕਤੰਤਰ ਦੇਸ਼ ਹੈ |
ਲੋਕਤੰਤਰ ਦੇਸ਼ ਦਾ ਅਸਲ ਅਰਥ ਕੀ ਹੁੰਦਾ ਹੈ?
ਇਸ ਦਾ ਸ਼ਬਦੀ ਅਰਥ ਹੈ ਲੋਕਾਂ ਦੇ ਆਪਣੇ ਹੱਥ ਵਿੱਚ ਸੱਤਾ ਜਾਂ ਤਾਕਤ | ਇਸ ਤਾਕਤ ਨੂੰ ਯਕੀਨੀ ਬਣਾਉਣ ਵਾਸਤੇ ਚੋਣਾਂ ਕਰਵਾਈਆਂ ਜਾਂਦੀਆਂ ਹਨ | ਇਸ ਲਈ ਚੋਣਾਂ ਉਹ ਪ੍ਰਕਿਰਿਆ ਹਨ ਜਿਸ ਵਿੱਚ ਲੋਕੀ ਵੋਟਾਂ ਰਾਹੀਂ ਆਪਣੇ ਮਨਪਸੰਦ ਨੁਮਾਇੰਦੇ ਚੁਣ ਕੇ ਸਰਕਾਰ ਬਣਾਉਂਦੇ ਹਨ | ਲੋਕਤੰਤਰਿਕ ਸਰਕਾਰ ਦਾ ਮਤਲਬ ਹੈ ਕਿ ਲੋਕਾਂ ਰਾਹੀਂ, ਲੋਕਾਂ ਵਾਸਤੇ ਚੁਣੀ ਹੋਈ ਸਰਕਾਰ | ਰਾਜਾਂ ਨੂੰ ਜਨਸੰਖਿਆ ਦੇ ਆਧਾਰ ਤੇ ਹਲਕਿਆਂ ਵਿੱਚ ਵੰਡਿਆ ਜਾਂਦਾ ਹੈ | ਆਮ ਤੌਰ ਤੇ ਹਰ ਇਲਾਕੇ ਵਿੱਚ ਤਕਰੀਬਨ ਵੋਟਰਾਂ ਤੇ
ਜਨਸੰਖਿਆ ਬਰਾਬਰ ਹੁੰਦੀ ਹੈ |
ਜੇ ਅਸੀਂ ਆਪਣੇ ਦੇਸ਼ ਵਿੱਚ ਚੋਣਾਂ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਮ ਚੋਣਾਂ 25 ਅਕਤੂਬਰ 1951 ਨੂੰ ਸ਼ੁਰੂ ਹੋਈਆਂ ਅਤੇ 21 ਫਰਵਰੀ 1952 ਨੂੰ ਮੁਕੰਮਲ ਹੋਈਆਂ | ਇਸ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ (INC) ਨੂੰ ਹੂੰਝਾ ਫੇਰ ਜਿੱਤ ਪ੍ਰਾਪਤ ਹੋਏ ਅਤੇ ਸ੍ਰੀ ਜਵਾਹਰ ਲਾਲ ਨਹਿਰੂ ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ | ਇਹ ਚੋਣਾਂ ਯੂਨੀਵਰਸਲ ਬਾਲਗ ਮਤਾ ਅਧਿਕਾਰ ਦੇ ਤਹਿਤ ਹੋਈਆਂ | ਇਸ ਪ੍ਰਕਿਰਿਆ ਵਿੱਚ 21 ਸਾਲ ਤੋਂ ਵੱਧ ਉਮਰ ਦੇ ਬਾਲਗ ਵੋਟਰਾਂ ਨੇ ਭਾਗ ਲਿਆ | ਕੁੱਲ 489 ਲੋਕਾਂ ਸਭਾ ਦੀਆਂ ਸੀਟਾਂ ਵਾਸਤੇ 53 ਰਾਜਨੀਤਿਕ ਦਲਾਂ ਨੇ ਆਪਣੇ ਉਮੀਦਵਾਰ ਖੜੇ ਕੀਤੇ | ਇਹਨਾਂ ਸੀਟਾਂ ਵਾਸਤੇ ਕੁੱਲ 1874 ਉਮੀਦਵਾਰਾਂ ਨੇ ਆਪਣੀ ਕਿਸਮਤ ਅਜਮਾਈ | ਉਸ ਵੇਲੇ ਦੇਸ਼ ਦੀ ਜਨਸੰਖਿਆ 36 ਕਰੋੜ ਦੇ ਕਰੀਬ ਸੀ ਜਿਸ ਵਿੱਚ 17 ਕਰੋੜ 32 ਲੱਖ ਯੋਗ ਵੋਟਰ ਸਨ | ਆਜ਼ਾਦ ਭਾਰਤ ਦੇ ਪਹਿਲੇ ਚੋਣ ਕਮਿਸ਼ਨਰ ਸੁਕੁਮਾਰ ਸੇਨ ਸਨ | ਇਹਨਾਂ ਚੋਣਾਂ ਵਿੱਚ ਪ੍ਰਮੁੱਖ ਜੇਤੂ ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸਤਰੀ, ਗੁਲਜਾਰੀ ਲਾਲ ਨੰਦਾ, ਸੁਚੇਤਾ ਕ੍ਰਿਪਲਾਨੀ, ਸ਼ਿਆਮਾ ਪ੍ਰਸਾਦ ਮੁਖਰਜੀ ਆਦਿ ਵਰਨਣ ਯੋਗ ਨਾਂ ਸਨ |
ਭਾਰਤ ਸੰਵਿਧਾਨਿਕ ਤੌਰ 'ਤੇ ਇੱਕ ਜਮਹੂਰੀ ਦੇਸ਼ ਹੈ ਜਿੱਥੇ ਲੋਕ ਸਭਾ ਦੀਆਂ ਚੋਣਾਂ ਸਮੇਂ-ਸਿਰ ਅਤੇ ਆਜ਼ਾਦ ਅਤੇ ਨਿਰਪੱਖ ਕਰਵਾਉਣ ਦਾ ਵਾਅਦਾ ਕੀਤਾ ਜਾਂਦਾ ਹੈ | ਇਹ ਚੋਣਾਂ ਸਰਕਾਰ ਦੇ ਸਰੂਪ ਦਾ ਨਿਰਧਾਰਨ ਕਰਦੀਆਂ ਹਨ | ਸਮੇਂ ਦੀਆਂ ਸਰਕਾਰਾਂ ਚੋਣਾਂ ਨੂੰ ਨਿਰਪੱਖ ਅਤੇ ਭੈਅ ਰਹਿਤ ਕਰਵਾਉਣ ਲਈ ਵਿਆਪਕ ਪ੍ਰਬੰਧ ਕਰਦੀਆਂ ਹਨ | ਵੱਡੀ ਪੱਧਰ ਤੇ ਪੁਲਿਸ ਅਤੇ ਅਰਥ ਸੈਨਿਕ ਬਲਾਂ ਦੀ ਤੈਨਾਤੀ ਕੀਤੀ ਜਾਂਦੀ ਹੈ | ਭਾਰਤ ਅਜੇ ਵੀ ਦੁਨੀਆਂ ਦੇ ਵਿਕਾਸਸ਼ੀਲ ਦੇਸ਼ਾਂ ਦੀ ਸੂਚੀ ਵਿੱਚ ਆਉਂਦਾ ਹੈ | ਸਿੱਖਿਆ ਦਾ ਪ੍ਰਸਾਰ ਅਜੇ ਵੀ ਲੋੜੀਦੇ ਪੱਧਰ ਤੱਕ ਨਹੀਂ ਪਹੁੰਚਿਆ ਹੈ | ਇਸੇ ਕਰਕੇ ਅਨਪੜਤਾ ਅਤੇ ਅਗਿਆਨਤਾ ਸਾਨੂੰ ਆਪਣੇ ਨੁਮਾਇੰਦੇ ਚੁਣਨ ਵਿੱਚ ਵਿਵੇਕਸ਼ੀਲ ਹੋਣ ਦੇ ਰਾਸਤੇ ਵਿੱਚ ਰੁਕਾਵਟ ਬਣਦੇ ਹਨ ।
ਅੱਜ ਵੀ ਸਾਡੇ ਸਮੇਂ ਦਾ ਕੌੜਾ ਸੱਚ ਹੈ ਕਿ ਚੋਣ ਪ੍ਰਕਿਰਿਆ ਨੂੰ ਜਾਤ ਬਿਰਾਦਰੀ, ਇਲਾਕਾ ਵਾਦ, ਧਰਮ ਅਤੇ ਡੇਰਾਵਾਦ ਕਾਫੀ ਹੱਦ ਤੱਕ ਪਰਬਾਬਿਤ ਕਰਦੇ ਹਨ | ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਲਾਲਚ, ਨਸ਼ਾ ਡਰ ਅਤੇ ਦਹਿਸ਼ਤ ਵੀ ਵੋਟਾਂ ਦੀ ਗਿਣਤੀ ਘਟਾਉਣ-ਵਟਾਉਣ ਵਿੱਚ ਮਹੱਤਵ ਪੂਰਨ ਰੋਲ ਅਦਾ ਕਰਦੇ ਹਨ | ਚੋਣਾਂ ਉਮੀਦਵਾਰ ਦੀ ਕਾਬਲੀਅਤ ਨਾਲੋਂ ਪੈਸੇ ਦੀ ਖੇਡ ਵੱਧ ਪ੍ਰਤੀਤ ਹੁੰਦਾ ਹੈ | ਇਸ ਦੇ ਨਾਲ ਹੀ ਵੋਟਾਂ ਦੇ ਨਜ਼ਦੀਕ ਆਉਂਦਿਆਂ ਦੀ "ਦਲ ਬਦਲਣਾ", "ਘਰ ਵਾਪਸੀ", "ਮੌਜੂਦਾ ਪਾਰਟੀ ਵਿੱਚ ਘੁਟਣ ਮਹਿਸੂਸ ਹੋਣਾ" ਆਦਿ ਮੌਕਾ ਪ੍ਰਸਤੀ ਦੇ ਬਿਆਨ ਵੀ ਪੜ੍ਹਨ ਸੁਣਨ ਨੂੰ ਮਿਲਣ ਲੱਗਦੇ ਹਨ | ਖੈਰ ਇੱਕ ਜਿੰਮੇਵਾਰ ਅਤੇ ਜਵਾਬ ਦੇਹ ਉਮੀਦਵਾਰ ਚੁਣਨਾ ਸਾਡੇ ਆਪਣੇ ਹੱਥ ਵਿੱਚ ਹੁੰਦਾ ਹੈ | ਸਾਨੂੰ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਬਿਨਾਂ ਕਿਸੇ ਲਾਲਚ ਦੇ, ਜਾਤੀ ਧਰਮ ਦੇ ਮੋਹ ਨੂੰ ਤਿਆਗ ਕੇ ਸਹੀ ਲੋਕਾਂ ਦੇ ਹੱਥਾਂ ਵਿੱਚ ਆਪਣੀ ਅਗਲੀ ਪੀੜੀ ਅਤੇ ਦੇਸ਼ ਦਾ ਭਵਿੱਖ ਸੌਂਪਣਾ ਚਾਹੀਦਾ ਹੈ | ਸਹੀ ਚੁਣੇ ਹੋਏ ਨੇਤਾ ਸਾਡੇ ਦੇਸ਼ ਨੂੰ ਸਹੀ ਵਿਕਾਸ ਵੱਲ ਲਿਜਾਣ ਲਈ ਸਹਾਇਕ ਹੋਣਗੇ | ਅੱਜ ਵਿਸ਼ਵ ਦੀਆਂ ਨਜ਼ਰਾਂ ਸਾਡੇ ਭਾਰਤ ਵੱਲ ਹਨ | ਹਰ ਵੋਟਰ ਨਵੇਂ ਭਾਰਤ ਦਾ ਨਿਰਮਾਤਾ ਹੈ |
