ਸੰਪਾਦਕ ਦੀ ਕਲਾਮ ਤੋਂ "ਸਾਡੀ ਜ਼ਿੰਦਗੀ ਵਿਚ ਮੋਬਾਈਲ ਫੋਨ"

ਆਧੁਨਿਕ ਯੁੱਗ ਵਿਚ ਪ੍ਰਚੱਲਿਤ ਸੰਚਾਰ ਸਾਧਨਾਂ ਵਿਚ ਮੋਬਾਈਲ ਫੋਨ ਦਾ ਸਥਾਨ ਸਭ ਤੋਂ ਉਪਰ ਹੈ| ਇਸ ਨੇ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ ਕਾਫੀ ਸੌਖਾ ਕਰ ਦਿਤਾ ਹੈ| ਹਰ ਤਰਾਂ ਦੀ ਸੂਚਨਾ ਅਤੇ ਸੰਸਾਰ ਭਰ ਦੀ ਜਾਣਕਾਰੀ ਸਾਡੀ ਹਥੇਲੀ ਉਪਰ ਆ ਗਈ ਹੈ| ਇਸ ਛੋਟੇ ਜਹੇ, ਪਰ ਅਤੀ ਮਹੱਤਵਪੂਰਨ ਯੰਤਰ ਤੋਂ ਬਗੈਰ ਰੋਜ਼ਾਨਾ ਜ਼ਿੰਦਗੀ ਅਸੰਭਵ ਲਗਦੀ ਹੈ|

ਆਧੁਨਿਕ ਯੁੱਗ ਵਿਚ ਪ੍ਰਚੱਲਿਤ ਸੰਚਾਰ ਸਾਧਨਾਂ ਵਿਚ ਮੋਬਾਈਲ ਫੋਨ ਦਾ ਸਥਾਨ ਸਭ ਤੋਂ ਉਪਰ ਹੈ| ਇਸ ਨੇ ਸਾਡੀ ਰੋਜ਼ਾਨਾ ਜ਼ਿੰਦਗੀ ਨੂੰ ਕਾਫੀ ਸੌਖਾ ਕਰ ਦਿਤਾ ਹੈ| ਹਰ ਤਰਾਂ ਦੀ ਸੂਚਨਾ ਅਤੇ ਸੰਸਾਰ ਭਰ ਦੀ ਜਾਣਕਾਰੀ ਸਾਡੀ ਹਥੇਲੀ ਉਪਰ ਆ ਗਈ ਹੈ| ਇਸ ਛੋਟੇ ਜਹੇ, ਪਰ ਅਤੀ ਮਹੱਤਵਪੂਰਨ ਯੰਤਰ ਤੋਂ ਬਗੈਰ ਰੋਜ਼ਾਨਾ ਜ਼ਿੰਦਗੀ ਅਸੰਭਵ ਲਗਦੀ ਹੈ| ਚਿਠੀਆਂ, ਤਾਰਾਂ, ਵਧਾਈ ਸੰਦੇਸ਼ ਦੇ ਕਾਰਡ ਬੀਤੇ ਜ਼ਮਾਨੇ ਦੀਆਂ ਗੱਲਾਂ ਹੋ ਗਏ ਹਨ| ਹੁਣ ਅਸੀਂ ਦੂਰ ਦੁਰਾਤੇ ਵਿਦੇਸ਼ਾਂ ਵਿਚ ਬੈਠੇ ਮਿੱਤਰਾਂ, ਦੋਸਤਾਂ ਤੇ ਰਿਸ਼ਤੇਦਾਰਾ ਨਾਲ ਵੀਡੀਓ ਕਾਲ ਰਾਹੀਂ ਆਹਮੋ - ਸਾਹਮਣੇ ਗਲਬਾਤ ਕਰ ਸਕਦੇ ਹਾਂ| ਇਸ ਵਿਗਿਆਨਕ ਕਾਢ ਦੇ ਅਣਗਿਣਤ ਫਾਇਦੇ ਹਨ | ਪਰ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਲਈ ਇਸ ਦੇ ਕਾਫ਼ੀ ਨੁਕਸਾਨ ਵੀ ਸਾਹਮਣੇ ਆ ਰਹੇ ਹਨ | ਸਾਡੇ ਦੇਸ਼ ਵਿਚ ਮੋਬਾਈਲ ਫੋਨ ਅਪਰਾਧੀਆਂ ਦਾ ਹੱਥਕੰਡਾ ਵੀ ਸਾਬਤ ਹੋ ਰਿਹਾ ਹੈ | ਹਰ ਤਰਾਂ ਦੇ ਅਪਰਾਧ ਵਿਚ ਮੋਬਾਈਲ ਫੋਨ ਦਾ ਰੋਲ ਸ਼ਾਮਿਲ ਹੁੰਦਾ ਹੈ | ਪਰ ਇਸ ਦੇ ਨਾਲ ਹੀ ਇਹ ਅਪਰਾਧੀਆਂ ਤਕ ਪਹੁੰਚਣ ਦਾ ਜ਼ਰੀਆ ਵੀ ਬਣਦਾ ਹੈ |
ਜੇ ਸਮਾਜਿਕ ਤਾਣੇ - ਬਾਣੇ ਦੀ ਗਲ ਕਰੀਏ ਤਾਂ ਇਸ ਸੰਚਾਰ ਸਾਧਨ ਨੇ ਸਾਡੇ ਰਿਸ਼ਤਿਆਂ ਨੂੰ ਵੀ ਹਰ ਤਰਾਂ ਨਾਲ ਪ੍ਰਭਾਵਿਤ ਕੀਤਾ ਹੈ | ਜਿਥੇ ਇਕ ਦੂਜੇ ਦੀ ਸੁਖ ਸਾਂਦ ਜਾਨਣ ਦਾ ਸਭ ਤੇ ਤੇਜ਼ ਸਾਧਨ ਹੈ ਉਥੇ ਹੀ ਵਸਦੇ ਘਰਾਂ ਨੂੰ ਉਜਾੜਣ ਲਈ ਵੀ ਇਸ ਨੂੰ ਜ਼ਿਮੇਵਾਰ ਕਿਹਾ ਜਾ ਸਕਦਾ ਹੈ | ਅੱਜ ਦੇ ਸਮੇਂ ਵਿਚ ਕਿਸੇ ਦੀ ਵੀ ਪਰਿਵਾਰਿਕ ਨਿੱਜਤਾ ਸੁਰੱਖਿਅਤ ਨਹੀਂ ਹੈ |
ਨੂੰਹਾਂ ਧੀਆਂ ਆਪਣੇ ਪਰਿਵਾਰਾਂ ਦੀ ਹਰ ਗੱਲ ਆਪਣੀਆਂ ਮਾਵਾਂ ਤੱਕ ਤੁਰੰਤ ਪਹੁੰਚਦਿਆਂ ਹਨ | ਇਸ ਨਾਲ ਘਰੇਲੂ ਕਲੇਸ਼ ਪੈਦਾ ਹੁੰਦਾ ਹੈ ਤੇ ਸਿੱਟੇ ਅਕਸਰ ਹੀ ਦੁਖਦਾਈ ਹੁੰਦੇ ਹਨ | ਅੱਜ ਟੁੱਟਦੇ ਪਰਿਵਾਰਾਂ ਵਿਚ ਮੋਬਾਈਲ ਫੋਨ ਅਹਿਮ ਹਿੱਸੇਦਾਰ ਸਾਬਿਤ ਹੁੰਦਾ ਹੈ | ਮੋਬਾਈਲ ਤੋਂ ਪ੍ਰਾਪਤ ਅੱਧੀ ਅਧੂਰੀ ਤੇ ਕਈਂ  ਵਾਰ ਸਰਾਸਰ ਗਲਤ ਜਾਣਕਾਰੀ ਨੇ ਪੁਸਤਕਾਂ ਪੜ੍ਹਨ ਦੇ ਸ਼ੌਂਕ ਨੂੰ ਬੱਚਿਆਂ ਤੇ ਵਿਦਿਆਰਥੀਆਂ ਵਿਚ ਖ਼ਤਮ ਕਰ ਦਿਤਾ ਹੈ | ਇਸ ਦੀ ਲੋੜ ਤੋਂ ਵਧ ਵਰਤੋਂ ਤਰਾਂ ਤਰਾਂ ਦੀਆਂ ਬਿਮਾਰੀਆਂ ਨੂੰ ਜਨਮ ਦੇ ਰਹੀ ਹੈ | ਛੋਟੇ ਛੋਟੇ ਬੱਚੇ ਇਸ ਦੇ ਆਦੀ ਹੋ ਰਹੇ ਹਨ | ਮਾਤਾਵਾਂ ਵੀ ਆਪਣੇ ਬੱਚਿਆਂ ਦੇ ਹੱਥ ਮੋਬਾਈਲ ਫੋਨ ਫੜਾ ਕੇ ਆਪਣੇ ਕਮਾਂ ਕਾਰਾਂ ਵਿਚ ਰੁਝ ਜਾਂਦੀਆਂ ਹਨ | ਪਰ ਇਹ ਕੋਈ ਖਿਡੌਣਾ ਨਹੀਂ | ਛੋਟੇ ਬੱਚਿਆਂ ਉਪਰ ਇਸ ਦੇ ਪ੍ਰਭਾਵ ਵੱਧ ਹਾਨੀਕਾਰਕ ਹਨ |
ਲੋਕੀ ਵਾਹਨ ਚਲਾਉਂਦੇ ਸਮੇਂ ਜਾਂ ਸੜਕ ਪਾਰ ਕਰਦੇ ਸਮੇਂ ਵੀ ਇਸ ਦੀ ਵਰਤੋਂ ਤੋਂ ਗੁਰੰਜ ਨਹੀਂ ਕਰਦੇ | ਰੇਲਵੇ ਲਾਈਨਾਂ ਪਾਰ ਕਰਦੇ ਸਮੇਂ ਕੰਨਾਂ ਵਿਚ ਹੈੱਡ ਫੋਨ ਲਗਾ ਕੇ ਟਰੇਨ ਥੱਲੇ ਆਣ ਦੀਆਂ ਅਨੇਕਾਂ ਘਟਨਾਵਾਂ ਸਾਮਣੇ ਆ ਚੁਕੀਆਂ ਹਨ | ਅੱਜ ਸਾਨੂ ਇਹ ਗਲ ਬੜੀ ਸੰਜੀਦਗੀ ਨਾਲ ਵਿਚਾਰਨ ਦੀ ਲੋੜ ਹੈ ਕਿ ਮੋਬਾਈਲ ਫੋਨ ਸਾਡੀ ਸਿਹਤ ਤੇ ਜ਼ਿੰਦਗੀ ਉਪਰ ਕਿਨ੍ਹਾਂ ਭਾਰੀ ਪੈ ਚੁਕਾ ਹੈ | ਇਸ ਦੀ ਵਰਤੋਂ ਜਰੂਰ ਕਰੋ ਪਰ ਸਮਝਦਾਰੀ ਨਾਲ |    

ਦਵਿੰਦਰ ਕੁਮਾਰ 

 

- ਦਵਿੰਦਰ ਕੁਮਾਰ