
ਲੱਗੀ ਨਜ਼ਰ ਪੰਜਾਬ ਨੂੰ, ਇਦ੍ਹੀ ਨਜ਼ਰ ਉਤਾਰੋ। ਲੈ ਕੇ ਮਿਰਚਾਂ ਕੌੜੀਆਂ, ਏਹਦੇ ਸਿਰ ਤੋਂ ਵਾਰੋ। ਸਿਰ ਤੋਂ ਵਾਰੋ, ਵਾਰ ਕੇ, ਅੱਗ ਦੇ ਵਿਚ ਸਾੜੋ। ਲੱਗੀ ਨਜ਼ਰ ਪੰਜਾਬ ਨੂੰ, ਇਦ੍ਹੀ ਨਜ਼ਰ ਉਤਾਰੋ।
ਪੰਜਾਬੀ ਦੇ ਸਿਰਮੌਰ ਕਵੀ ਪਦਮ ਸ਼੍ਰੀ ਡਾ: ਸੁਰਜੀਤ ਪਾਤਰ ਦੀਆਂ ਇਹ ਸਤਰਾਂ ਮੈਂ ਇਸ ਕਰਕੇ ਤੁਹਾਡੇ ਧਿਆਨ ਗੋਚਰ ਕਰ ਰਿਹਾ ਹਾਂ, ਕਿਉਂਕਿ ਅੱਜ ਸੱਚਮੁਚ ਸਾਡਾ ਘੁੱਗ ਵਸਦਾ, ਰੰਗਲਾ ਪੰਜਾਬ, ਕਿਸੇ ਦੀ ਬੁਰੀ ਨਜ਼ਰ ਦਾ ਸ਼ਿਕਾਰ ਹੋ ਚੁੱਕਾ ਹੈ। ਕੁਝ ਦਿਨ ਪਹਿਲਾਂ ਇਹ ਖ਼ਬਰ ਸੁਨਣ ਨੂੰ ਮਿਲੀ ਕਿ ਪੰਜਾਬ ਐਚ. ਆਈ. ਵੀ. ਸੰਕਰਮਣ ਦੇ ਮਾਮਲਿਆਂ ਵਿਚ ਭਾਰਤ ਵਿਚ ਸਭ ਵੱਧ ਪ੍ਰਭਾਵਿਤ ਸੂਬਿਆਂ ਵਿਚੋਂ ਤੀਸਰੇ ਨੰਬਰ ਤੇ ਆ ਗਿਆ ਹੈ।
ਪੰਜਾਬੀ ਦੇ ਸਿਰਮੌਰ ਕਵੀ ਪਦਮ ਸ਼੍ਰੀ ਡਾ: ਸੁਰਜੀਤ ਪਾਤਰ ਦੀਆਂ ਇਹ ਸਤਰਾਂ ਮੈਂ ਇਸ ਕਰਕੇ ਤੁਹਾਡੇ ਧਿਆਨ ਗੋਚਰ ਕਰ ਰਿਹਾ ਹਾਂ, ਕਿਉਂਕਿ ਅੱਜ ਸੱਚਮੁਚ ਸਾਡਾ ਘੁੱਗ ਵਸਦਾ, ਰੰਗਲਾ ਪੰਜਾਬ, ਕਿਸੇ ਦੀ ਬੁਰੀ ਨਜ਼ਰ ਦਾ ਸ਼ਿਕਾਰ ਹੋ ਚੁੱਕਾ ਹੈ। ਕੁਝ ਦਿਨ ਪਹਿਲਾਂ ਇਹ ਖ਼ਬਰ ਸੁਨਣ ਨੂੰ ਮਿਲੀ ਕਿ ਪੰਜਾਬ ਐਚ. ਆਈ. ਵੀ. ਸੰਕਰਮਣ ਦੇ ਮਾਮਲਿਆਂ ਵਿਚ ਭਾਰਤ ਵਿਚ ਸਭ ਵੱਧ ਪ੍ਰਭਾਵਿਤ ਸੂਬਿਆਂ ਵਿਚੋਂ ਤੀਸਰੇ ਨੰਬਰ ਤੇ ਆ ਗਿਆ ਹੈ।
ਮਾਹਿਰਾਂ ਦੇ ਅਨੁਸਾਰ ਇਸ ਦਾ ਮੁਖ ਕਾਰਨ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਸਿਰਿੰਜਾਂ ਹਨ। ਇਹ ਬਹੁਤ ਹੀ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈ । ਭਾਰਤ ਦੇ ਸਭ ਤੋਂ ਖੁਸ਼ਹਾਲ ਰਾਜਾਂ ਵਿਚ ਅੱਜ ਵੀ ਪੰਜਾਬ ਭਾਵੇਂ ਮੂਹਰਲੀ ਕਤਾਰ ਵਿਚ ਖੜ੍ਹਾ ਹੈ, ਪਰ ਨਸ਼ਿਆਂ ਦੀ ਦੁਰਵਰਤੋਂ ਕਾਰਨ ਅੱਜ ਇਕ ਪੂਰੀ ਪੀੜ੍ਹੀ ਖ਼ਤਰੇ ਵਿਚ ਹੈ।
ਅੱਜ ਸਾਡੇ ਸੂਬੇ ਵਿਚ 15 ਤੋਂ 35 ਸਾਲ ਦੀ ਉਮਰ ਦੇ 9 ਲੱਖ ਤੋਂ ਵੱਧ ਨੌਜਵਾਨ ਕਿਸੇ ਨਾ ਕਿਸੇ ਰੂਪ ਵਿਚ ਨਸ਼ੇ ਦੇ ਆਦੀ ਹਨ। ਇਹ ਸਮੱਸਿਆ ਅੱਜ ਇੰਨੀ ਵਿਆਪਕ ਹੋ ਚੁਕੀ ਹੈ ਕਿ ਪੰਜਾਬ ਦੇ ਦੋ ਤਿਹਾਈ ਤੋਂ ਵੱਧ ਘਰਾਂ ਵਿਚ ਘੱਟੋ ਘੱਟ ਇਕ ਵਿਅਕਤੀ ਨਸ਼ੇ ਦੀ ਲਪੇਟ ਵਿਚ ਹੈ। ਸਾਡਾ ਹਰਿਆ ਭਰਿਆ ਪ੍ਰਾਂਤ ਕਿਸੇ ਵੇਲੇ, ਛਿੰਝਾਂ, ਕੁਸ਼ਤੀ ਦੇ ਅਖਾੜਿਆਂ, ਮੇਲਿਆਂ ਤੇ ਤਿਉਹਾਰਾਂ ਲਈ ਜਾਣਿਆ ਜਾਂਦਾ ਸੀ, ਅੱਜ ਸਾਨੂੰ " ਉਡਤਾ ਪੰਜਾਬ " ਦੇ ਸ਼ਰਮਨਾਕ ਕਲੰਕ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।
ਬਹੁਤ ਸਾਰੇ ਸਾਡੇ ਨੌਜਵਾਨ ਖੇਡ ਦੇ ਮੈਦਾਨਾਂ ਦੀ ਬਜਾਏ ਕਬਰਸਤਾਨਾਂ, ਖੰਡਰਾਂ ਤੇ ਉਜੜੀਆ ਖਾਲੀ ਇਮਾਰਤਾਂ ਵਿਚ ਨਸ਼ੀਲੇ ਟੀਕੇ ਤੇ ਹੋਰ ਮਾਦਕ ਪਦਾਰਥਾਂ ਦੀ ਵਰਤੋਂ ਕਰਕੇ ਬੇਸੁੱਧ ਪਏ ਨਜ਼ਰ ਆਉਂਦੇ ਹਨ। ਇਹ ਗੱਲ ਭਾਵੇਂ ਸੱਚ ਹੈ ਕਿ ਅੱਜ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਇਕ ਵਿਸ਼ਵਵਿਆਪੀ ਸਮੱਸਿਆ ਹੈ ਪਰ ਸਾਡਾ ਦੇਸ਼ ਆਰਥਿਕ ਤੌਰ ਤੇ ਇਨਾਂ ਮਜ਼ਬੂਤ ਨਹੀਂ ਕਿ ਇਸ ਮਹਾਂਮਾਰੀ ਨਾਲ ਕਾਰਗਰ ਢੰਗ ਨਾਲ ਨਜਿੱਠ ਸਕੇ ।
ਸਿਹਤ ਸੇਵਾਵਾਂ ਦਾ ਢਾਂਚਾ ਪੱਛਮੀ ਦੇਸ਼ਾਂ ਵਾਂਗ ਇੰਨਾ ਮਜ਼ਬੂਤ ਨਹੀਂ ਕਿ ਜ਼ਮੀਨੀ ਪੱਧਰ ਤੇ ਹਰ ਨਸ਼ੇ ਨਾਲ ਗ੍ਰਸਤ ਵਿਅਕਤੀ ਤੱਕ ਪਹੁੰਚ ਕੀਤੀ ਜਾ ਸਕੇ । ਨਸ਼ੀਲੇ ਪਦਾਰਥਾਂ ਦੀ ਗਿਣਤੀ ਤੇ ਉਨਾਂ ਦੀ ਵਰਤੋਂ ਦੇ ਤਰੀਕੇ ਹੈਰਾਨੀਜਨਕ ਤਰੀਕੇ ਨਾਲ ਵਧ ਰਹੇ ਹਨ । ਪੰਜਾਬ ਵਿਚ ਇਨਾਂ ਨਸ਼ਿਆਂ ਦੀ ਵਰਤੋਂ ਦਾ ਕਹਿਰ ਇਕ ਵਬਾ ਦਾ ਰੂਪ ਧਾਰਨ ਕਰ ਚੁੱਕਾ ਹੈ ਜਿਸ ਨੇ ਸਾਡੇ ਸਮਾਜ ਦੇ ਤਾਣੇ ਬਾਣੇ ਨੂੰ ਹਿਲਾ ਕੇ ਰੱਖ ਦਿਤਾ ਹੈ ।
ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਦੁਰਵਰਤੋਂ ਨਾ ਕੇਵਲ ਸੇਵਨ ਕਰਨ ਵਾਲੇ ਦੀ ਸਿਹਤ ਤੇ ਜੀਵਨ ਨੂੰ ਹੀ ਪ੍ਰਭਾਵਿਤ ਕਰਦੀ ਹੈ, ਸਗੋਂ ਸਮੁੱਚੇ ਦੇਸ਼ ਦੀ ਰਾਜਨੀਤਿਕ, ਸਮਾਜਿਕ ਅਤੇ ਸਭਿਆਚਾਰਕ ਬੁਨਿਆਦ ਨੂੰ ਵੀ ਕਮਜ਼ੋਰ ਕਰਦੀ ਹੈ । ਨਸ਼ਿਆਂ ਦੇ ਪ੍ਰਚੱਲਨ ਦਾ ਅੰਦਾਜ਼ਾ ਇਸ ਤੱਥ ਤੋ ਲਾਇਆ ਜਾ ਸਕਦਾ ਹੈ ਕਿ ਇਹ ਸੰਸਾਰ ਪੱਧਰ ਤੇ ਪੈਟਰੋਲੀਅਮ ਅਤੇ ਹਥਿਆਰਾਂ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਕਾਰੋਬਾਰ ਬਣ ਗਿਆ ਹੈ।
ਅੱਜ ਪੰਜਾਬ ਤੋਂ ਪ੍ਰਕਾਸ਼ਿਤ ਹੋਣ ਵਾਲੀ ਤਕਰੀਬਤ ਸਾਰੀਆਂ ਅਖਬਾਰਾਂ ਅਜਿਹੀਆ ਖਬਰਾਂ ਨਾਲ ਭਰੀਆਂ ਹੁੰਦੀ ਹਨ ਜਿਨਾਂ ਵਿਚ ਨਸ਼ੇ ਦੀ ਭਾਰੀ ਖੇਪ ਫੜ੍ਹੇ ਜਾਣ ਦਾ ਜ਼ਿਕਰ ਹੁੰਦਾ ਹੈ । ਅਜਿਹੀਆਂ ਦੁਖਦਾਈ ਖਬਰਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ ਕਿ, ਕਿਤੇ ਪੁਤਰ ਨੇ ਨਸ਼ੇ ਲਈ ਮਾਂ, ਪਿਓ ਜਾਂ ਆਪਣੀ ਪਤਨੀ ਦਾ ਕਤਲ ਕਰ ਦਿਤਾ ਹੈ। ਘਰੇਲੂ ਹਿੰਸਾ ਦਾ ਮੂਲ ਕਾਰਨ ਵੀ ਨਸ਼ੇ ਦੀ ਵਰਤੋਂ ਹੈ। ਘਰਾਂ ਦੇ ਘਰ ਬਰਬਾਦ ਹੋ ਰਹੇ ਹਨ, ਪਰਿਵਾਰਾਂ ਦੇ ਇਕਲੌਤੇ ਜਵਾਨ ਪੁਤਰ ਨਸ਼ੇ ਦੇ ਓਵਰਡੋਜ਼ ਨਾਲ ਮਰ ਰਹੇ ਹਨ ।
ਜੇ ਇਸ ਭਿਆਨਕ ਸਮੱਸਿਆ ਦੇ ਹੱਲ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਦੀ ਸ਼ੁਰੂਆਤ ਕੀਤੀ ਹੀ । ਇਸ ਤਹਿਤ ਕਈ ਓਪਾਵਾਂ ਓਪਰ ਜ਼ੋਰ ਦਿਤਾ ਜਾ ਰਿਹਾ ਹੈ ਜਿਵੇਂ ਕਿ ਪੁਲੀਸ ਨਸ਼ੀਲੇ ਪਦਾਰਥਾਂ ਦੇ "ਹਾਟਸਪੌਟਸ" ਦੀ ਪਛਾਣ ਕਰੇਗੀ, ਸਪਲਾਈ ਚੇਨ ਨੂੰ ਤੋੜਿਆ ਜਾਵੇਗਾ ਤੇ ਨਸ਼ੇ ਦੇ ਸੌਦਾਗਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਏਗੀ। ਪਿਛਲੇ ਕੁਝ ਦਿਨਾਂ 'ਪੀਲਾ ਪੰਜਾ' ਚਲਣ ਦੇ ਸਮਾਚਾਰ ਵੀ ਸੁਰਖੀਆਂ ਬਣੇ ਹਨ। ਇਸ ਤਹਿਤ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ ਅਤੇ ਕਾਲੀ ਕਮਾਈ ਨਾਲੋਂ ਉਸਾਰੀਆਂ ਮਹਿਲਨੁਮਾਂ ਇਮਾਰਤਾਂ ਜਮੀਦੋਜ਼ ਕੀਤੀਆਂ ਗਈਆਂ ਹਨ।
ਇਸੇ ਤਰਾਂ ਪੰਜਾਬ ਸਰਕਾਰ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਉਪਰ ਕੇਂਦਰਿਤ ਇਕ ਡਰੱਗ ਕੰਟਰੋਲ ਨੀਤੀ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਪੰਜਾਬ ਪੁਲਿਸ ਦੇ ਕਮਿਊਨਟੀ ਪੁਲਿਸਿੰਗ ਵਿੰਗ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਵੇਗਾ। ਸਕੂਲ ਅਤੇ ਉਚ ਸਿੱਖਿਆ ਵਿਭਾਗ, ਵਿਦਿਆਰਥੀਆਂ ਦੇ ਪਾਠਕਰਮ ਵਿਚ ਸੋਧ ਕਰਨ ਤੇ ਵਿਚਾਰ ਕਰ ਰਿਹਾ ਹੈ, ਇਸ ਵਿਚ ਨਸ਼ਿਆਂ ਦੀ ਦੁਰਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿਤੀ ਜਾਵੇਗੀ। ਇਸ ਵੇਲੇ ਰਾਜ ਵਿਚ 300 ਦੇ ਕਰੀਬ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇੰਦਰ ਹਨ ਤੇ ਔਰਤਾਂ ਲਈ ਇਕ ਕੇਂਦਰ ਕਪੂਰਥਲਾ ਵਿਖੇ ਚਲ ਰਿਹਾ ਹੈ।
ਸਰਕਾਰ ਭਾਵੇਂ ਆਪਣੀ ਪੱਧਰ 'ਤੇ ਇਸ ਸਮੱਸਿਆ ਦੇ ਹੱਲ ਲਈ ਪੂਰੀ ਤਰਾਂ ਯਤਨਸ਼ੀਲ ਹੈ | ਪਰੰਤੂ ਸਾਡੀਆਂ ਧਾਰਮਿਕ, ਸਮਾਜਿਕ ਤੇ ਨੌਜਵਾਨਾਂ ਦੀਆਂ ਸੰਸਥਾਵਾਂ, ਨਸ਼ੇ ਦੇ ਹੜ੍ਹ ਨੂੰ ਠੱਲ ਪਾਉਣ ਵਿਚ ਵਧੇਰੇ ਸਕਾਰਾਤਮਿਕ ਰੋਲ ਨਿਭਾ ਸਕਦੀਆਂ ਹਨ । ਵਿਹਲਾਪਨ ਤੇ ਬੇਰੁਜ਼ਗਾਰੀ ਵੀ ਇਸ ਸਮੱਸਿਆ ਦੇ ਮੁਖ ਕਾਰਨਾਂ ਵਿਚੋਂ ਇਕ ਹੈ। ਸੋ ਨੌਜਵਾਨ ਵਰਗ ਨੂੰ ਉਨਾਂ ਦੀ ਕਾਬਲੀਅਤ ਅਨੁਸਾਰ ਰੁਜ਼ਗਾਰ ਜਾਂ ਕੋਈ ਦਸਤੀ ਕਿੱਤਾ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਅੱਜ ਪੰਜਾਬ ਦੇ ਹਰ ਕੋਨੇ ਵਿਚੋਂ ਇਹੀ ਪੁਕਾਰ ਆ ਰਹੀ ਹੈ ਕਿ ਨਸ਼ਾ ਭਜਾਓ, ਨੌਜਵਾਨੀ ਬਚਾਓ, ਖੁਸ਼ਹਾਲੀ ਲਿਆਓ।
-ਦਵਿੰਦਰ ਕੁਮਾਰ
