ਡੇਰਾਬੱਸੀ ਵਿਖੇ ਯੁਵਾ ਆਪਦਾ ਮਿੱਤਰ ਟ੍ਰੇਨਿੰਗ ਪ੍ਰੋਗਰਾਮ ਦਾ ਆਗਾਜ਼
ਡੇਰਾਬੱਸੀ, 3 ਅਗਸਤ:- ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਅਤੇ ਪੰਜਾਬ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਦੇ ਸਹਿਯੋਗ ਨਾਲ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਮਗਸੀਪਾ) ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੀ ਡੇਰਾਬੱਸੀ ਸਬ-ਡਵੀਜ਼ਨ ਦੇ ਸ੍ਰੀ ਸੁਖਮਨੀ ਕਾਲਜ ਵਿਖੇ ਸੱਤ ਰੋਜ਼ਾ ਯੁਵਾ ਆਪਦਾ ਮਿੱਤਰ ਟ੍ਰੇਨਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।
ਟ੍ਰੇਨਿੰਗ ਦੇ ਪਹਿਲੇ ਦਿਨ ਐਨ.ਐੱਸ.ਐੱਸ. ਦੇ ਵਲੰਟੀਅਰਾਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਅਤੇ ਉਨ੍ਹਾਂ ਦਾ ਪ੍ਰੀ-ਟੈਸਟ ਲਿਆ ਗਿਆ। ਪ੍ਰੋਗਰਾਮ ਅਫ਼ਸਰ ਸ੍ਰੀ ਮਨੀਸ਼ ਆਰੀਆ ਵੱਲੋਂ ਵਲੰਟੀਅਰਾਂ ਦੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਸੰਪੰਨ ਕਰਵਾਇਆ ਗਿਆ।
ਇਸ ਮੌਕੇ ਕੋਰਸ ਡਾਇਰੈਕਟਰ ਡਾ. ਪ੍ਰੋ. ਯੋਗ ਭਾਟੀਆ (ਸੀਨੀਅਰ ਕੰਸਲਟੈਂਟ, ਮਗਸੀਪਾ) ਨੇ ਵਲੰਟੀਅਰਾਂ ਨੂੰ ਯੁਵਾ ਆਪਦਾ ਮਿੱਤਰ ਯੋਜਨਾ ਦੇ ਉਦੇਸ਼ਾਂ ਬਾਰੇ ਜਾਣੂ ਕਰਵਾਉਂਦਿਆਂ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪੇਂਡੂ ਪੱਧਰ 'ਤੇ ਆਫ਼ਤਾਂ ਨਾਲ ਨਜਿੱਠਣ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਇਹ ਟ੍ਰੇਨਿੰਗ ਕਰਵਾਈ ਜਾ ਰਹੀ ਹੈ ਤਾਂ ਜੋ ਸਥਾਨਕ ਪੱਧਰ 'ਤੇ ਤਿਆਰ ਅਤੇ ਸਿਖਲਾਈ ਪ੍ਰਾਪਤ ਨੌਜਵਾਨ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਸਕਣ।
ਕੋਰਸ ਕੋਆਰਡੀਨੇਟਰ ਸ੍ਰੀ ਅੰਕੁਰ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਦੇ ਇੰਸਟ੍ਰਕਟਰਾਂ ਸ੍ਰੀ ਸਚਿਨ, ਸ੍ਰੀ ਆਯੂਸ਼, ਬਬੀਤਾ ਰਾਣੀ, ਪ੍ਰੀਤੀ ਦੇਵੀ, ਸ਼ਾਨੂੰ ਅਤੇ ਇਸ਼ਿਤਾ ਪਰਮਾਰ ਵੱਲੋਂ ਵਲੰਟੀਅਰਾਂ ਨੂੰ ਆਫ਼ਤ ਪ੍ਰਬੰਧਨ ਦੇ ਮੁੱਢਲੇ ਸਿਧਾਂਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਆਫ਼ਤਾਂ ਦੇ ਕਾਰਨ, ਉਨ੍ਹਾਂ ਤੋਂ ਬਚਾਅ ਦੇ ਉਪਾਅ, ਆਫ਼ਤ ਤੋਂ ਪਹਿਲਾਂ ਦੀ ਤਿਆਰੀ, ਐਮਰਜੈਂਸੀ ਰਿਸਪਾਂਸ ਕਿੱਟ ਦੀ ਵਰਤੋਂ, ਵੱਖ-ਵੱਖ ਕਿਸਮ ਦੀਆਂ ਆਫ਼ਤਾਂ, ਸੁਰੱਖਿਆ ਉਪਾਵਾਂ, ਸੁਰੱਖਿਅਤ ਢੰਗ ਨਾਲ ਭਾਰ ਚੁੱਕਣ ਦੀਆਂ ਤਕਨੀਕਾਂ ਅਤੇ ਭੀੜ ਪ੍ਰਬੰਧਨ ਦੇ ਵਿਹਾਰਕ ਤਰੀਕਿਆਂ ਬਾਰੇ ਸਿਖਲਾਈ ਦਿੱਤੀ।
ਟ੍ਰੇਨਿੰਗ ਦੌਰਾਨ ਵਲੰਟੀਅਰਾਂ ਨੂੰ ਆਫ਼ਤਾਂ ਦੇ ਪ੍ਰਭਾਵ ਨੂੰ ਘੱਟ ਕਰਨ (ਮਿਟੀਗੇਸ਼ਨ) ਅਤੇ ਸੰਕਟ ਦੀਆਂ ਸਥਿਤੀਆਂ ਵਿੱਚ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਨ ਲਈ ਲੋੜੀਂਦੇ ਗਿਆਨ ਅਤੇ ਹੁਨਰ ਨਾਲ ਲੈਸ ਕੀਤਾ ਗਿਆ।
ਇਸ ਟ੍ਰੇਨਿੰਗ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਸ੍ਰੀ ਸੁਖਮਨੀ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ਼, ਤਹਿਸੀਲਦਾਰ ਸ੍ਰੀ ਬੀਰਕਰਨ ਸਿੰਘ, ਕਾਨੂੰਗੋ ਸ੍ਰੀ ਕਮਲ ਸੈਣੀ ਅਤੇ ਹੋਰ ਅਧਿਕਾਰੀਆਂ ਨੇ ਅਹਿਮ ਸਹਿਯੋਗ ਦਿੱਤਾ।
