ਕਲਾਲਟੀ ਵਿਚ ਨੌਜਵਾਨ ਤੇ ਅੰਨ੍ਹੇਵਾਹ ਫਾਇਰਿੰਗ ਪੈਰ ਵਿਚ ਲੱਗੀ ਗੋਲ਼ੀ

ਅੰਬਾਲਾ, 15 ਸਤੰਬਰ:- ਮੁਲਾਣਾ ਥਾਣੇ ਦੇ ਤਹਿਤ ਕਲਾਲਟੀ ਪਿੰਡ ਵਿਚ ਅੱਜ ਕਾਰਾਂ ਅਤੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ 10-15 ਲੋਕਾਂ ਨੇ ਖੇਤਾਂ ਵੱਲ ਜਾ ਰਹੇ ਇਕ ਨੌਜਵਾਨ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿਚ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਸਿਵਲ ਹਸਪਤਾਲ ਅੰਬਾਲਾ ਕੈਂਟ ਵਿਚ ਭਰਤੀ ਕਰਵਾਇਆ ਗਿਆ।
ਰਿਪੋਰਟਾਂ ਅਨੁਸਾਰ ਕਲਾਲਟੀ ਦਾ ਰਹਿਣ ਵਾਲਾ ਬਲਵਿੰਦਰ ਸਵੇਰੇ ਆਪਣੇ ਭਰਾਵਾਂ ਨਾਲ ਖੇਤਾਂ ਵਿੱਚੋਂ ਪਸ਼ੂਆਂ ਲਈ ਘਾਹ ਲੈਣ ਜਾ ਰਿਹਾ ਸੀ। ਸੜਕ ਦੇ ਕਿਨਾਰੇ ਘਾਤ ਲਾ ਕੇ ਬੈਠੇ ਹਮਲਾਵਰਾਂ ਨੇ ਬਿਨਾ ਕੋਈ ਗੱਲ-ਬਾਤ ਕੀਤਿਆਂ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਬਲਵਿੰਦਰ ’ਤੇ ਗੋਲੀਆਂ ਚਲਾ ਦਿੱਤੀਆਂ। ਇਸ ਅਚਾਨਕ ਹਮਲੇ ਨਾਲ ਦਹਿਸ਼ਤ ਫੈਲ ਗਈ ਅਤੇ ਇੱਕ ਗੋਲੀ ਬਲਵਿੰਦਰ ਦੀ ਲੱਤ ਵਿਚ ਲੱਗ ਗਈ। ਅਪਰਾਧ ਕਰਨ ਤੋਂ ਬਾਅਦ ਹਮਲਾਵਰ ਆਪਣੀਆਂ ਗੱਡੀਆਂ ਵਿੱਚ ਮੌਕੇ ਤੋਂ ਭੱਜ ਗਏ। ਪਰਿਵਾਰ ਨੇ ਖੂਨ ਨਾਲ ਲੱਥਪੱਥ ਬਲਵਿੰਦਰ ਨੂੰ ਤੁਰੰਤ ਅੰਬਾਲਾ ਕੈਂਟ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਹ ਇਸ ਸਮੇਂ ਇਲਾਜ ਅਧੀਨ ਹੈ। ਸੂਚਨਾ ਮਿਲਣ ’ਤੇ ਮੁਲਾਣਾ ਥਾਣੇ ਤੋਂ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਪੁਲੀਸ ਦਾ ਕਹਿਣਾ ਹੈ ਕਿ ਜ਼ਖ਼ਮੀ ਬਲਵਿੰਦਰ ਅਤੇ ਉਸ ਦੇ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਾਰੀ ਘਟਨਾ ਪਿੱਛੇ ਕੋਈ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ।
ਇਸ ਦੌਰਾਨ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਕਾਰ ਸੜਕ ਤੋਂ ਥੱਲੇ ਡਿੱਗੀ ਨਜ਼ਰ ਆ ਰਹੀ ਹੈ। ਉਸ ਦਾ ਪਿਛਲਾ ਸ਼ੀਸ਼ਾ ਟੁੱਟਿਆ ਹੋਇਆ ਹੈ। ਵੀਡੀਓ ਵਿਚ ਕਾਰ ਦੇ ਉੱਪਰ ਪਈਆਂ ਦੋ ਨੰਬਰ ਪਲੇਟਾਂ ਵੀ ਨਜ਼ਰ ਆ ਰਹੀਆਂ ਹਨ। ਵੀਡੀਓ ਵਿਚ ਮੌਜੂਦ ਲੋਕ ਦਾਅਵਾ ਕਰ ਰਹੇ ਹਨ ਕਿ ਇਹ ਨੰਬਰ ਪਲੇਟਾਂ ਹਮਲਾਵਰਾਂ ਦੀਆਂ ਗੱਡੀਆਂ ਦੀਆਂ ਹਨ। ਜ਼ਿਕਰਯੋਗ ਹੈ ਕਿ ਕਲਾਲਟੀ ਵਿਚ ਪੁਲੀਸ ਚੌਕੀ ਵੀ ਹੈ।