ਦੋ ਦੋਸਤਾਂ ਦੀ ਸ਼ਰਾਬ ਦੀ ਸਾਂਝ ਖ਼ੂਨੀ ਲੜਾਈ ਵਿਚ ਬਦਲੀ

ਅੰਬਾਲਾ, 15 ਸਤੰਬਰ:- ਅੰਬਾਲਾ ਸ਼ਹਿਰ ਦੇ ਜੰਡਲੀ ਖੇਤਰ ਵਿਚ ਇਕੱਠੇ ਬਹਿ ਕੇ ਸ਼ਰਾਬ ਪੀ ਰਹੇ ਦੋ ਦੋਸਤਾਂ ਦੀ ਸਾਂਝ ਮਾਮੂਲੀ ਤਕਰਾਰ ਤੋਂ ਖ਼ੂਨੀ ਲੜਾਈ ਵਿੱਚ ਬਦਲ ਗਈ। ਝਗੜੇ ਤੋਂ ਬਾਅਦ ਵਿਵੇਕ ਨਾਮ ਦੇ ਨੌਜਵਾਨ ਨੇ ਆਪਣੇ ਦੋਸਤ ਸ਼ਿਵ ਬਹਾਦਰ ’ਤੇ ਚਾਕੂ ਨਾਲ ਜਾਨਲੇਵਾ ਹਮਲਾ ਕਰ ਦਿੱਤਾ।
ਰਿਪੋਰਟਾਂ ਅਨੁਸਾਰ ਵਿਵੇਕ ਅਤੇ ਸ਼ਿਵ ਬਹਾਦਰ ਇਕੱਠੇ ਬਹਿ ਕੇ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਉਨ੍ਹਾਂ ਵਿਚਕਾਰ ਝਗੜਾ ਹੋ ਗਿਆ। ਝਗੜਾ ਇਸ ਹੱਦ ਤੱਕ ਵਧ ਗਿਆ ਕਿ ਵਿਵੇਕ ਨੇ ਤੈਸ਼ ਵਿਚ ਆ ਕੇ ਨੇੜੇ ਪਿਆ ਚਾਕੂ ਚੁੱਕਿਆ ਅਤੇ ਸ਼ਿਵ ਬਹਾਦਰ ਦੀ ਗਰਦਨ ’ਤੇ ਵਾਰ ਕਰ ਦਿੱਤਾ। ਚਾਕੂ ਸਿੱਧਾ ਸ਼ਿਵ ਬਹਾਦਰ ਦੀ ਗਰਦਨ ਦੇ ਨੇੜੇ ਲੱਗਿਆ, ਜਿਸ ਨਾਲ ਉਹ ਲਹੂ-ਲੁਹਾਨ ਹੋ ਗਿਆ। ਜ਼ਖ਼ਮੀ ਹਾਲਤ ਵਿਚ ਉਸ ਨੂੰ ਤੁਰੰਤ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਸੱਟ ਗੰਭੀਰ ਦੱਸੀ ਹੈ ਪਰ ਰਾਹਤ ਦੀ ਗੱਲ ਇਹ ਹੈ ਕਿ ਉਸ ਦੀ ਹਾਲਤ ਇਸ ਸਮੇਂ ਖ਼ਤਰੇ ਤੋਂ ਬਾਹਰ ਹੈ।
ਹਸਪਤਾਲ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲੀਸ ਪਰਿਵਾਰਕ ਮੈਂਬਰਾਂ ਅਤੇ ਚਸ਼ਮਦੀਦਾਂ ਦੇ ਬਿਆਨ ਦਰਜ ਕਰ ਰਹੀ ਹੈ ਅਤੇ ਦੋਸ਼ੀ ਵਿਵੇਕ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।