ਪਦਮ ਪੁਰਸਕਾਰਾਂ ਲਈ 31 ਜੁਲਾਈ ਤੱਕ ਕਰ ਸਕਦੇ ਹੋ ਆਨਲਾਈਨ ਅਪਲਾਈ
ਚੰਡੀਗੜ੍ਹ, 4 ਜੁਲਾਈ:- ਗਣਤੰਤਰ ਦਿਵਸ 2027 'ਤੇ ਐਲਾਨੇ ਜਾਣ ਵਾਲੇ ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ/ਸਿਫਾਰਸ਼ਾਂ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਨ੍ਹਾਂ ਪੁਰਸਕਾਰਾਂ ਲਈ ਰਾਸ਼ਟਰੀ ਪੁਰਸਕਾਰ ਪੋਰਟਲ (https://awards.gov.in/) 'ਤੇ 31 ਜੁਲਾਈ ਤੱਕ ਆਨਲਾਈਨ ਰਾਹੀਂ ਅਪਲਾਈ ਕੀਤਾ ਜਾ ਸਕਦਾ ਹੈ। ਇਨ੍ਹਾਂ ਪੁਰਸਕਾਰਾਂ ਵਿੱਚ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ ਪੁਰਸਕਾਰ ਸ਼ਾਮਲ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨਾਮਜ਼ਦਗੀ ਕਰਨ ਵਾਲੇ ਵਿਅਕਤੀ ਵੱਧ ਤੋਂ ਵੱਧ 800 ਸ਼ਬਦਾਂ ਦਾ ਇੱਕ ਵਿਆਖਿਆਤਮਕ ਪ੍ਰਸ਼ੰਸਾ-ਪੱਤਰ, ਜਿਸ ਵਿੱਚ ਸਿਫਾਰਸ਼ ਕੀਤੇ ਵਿਅਕਤੀ ਦੀ ਸਬੰਧਤ ਖੇਤਰ/ਵਿਸ਼ੇ ਵਿੱਚ ਵਿਸ਼ਿਸ਼ਟ ਅਤੇ ਹੋਰ ਪ੍ਰਾਪਤੀਆਂ/ਸੇਵਾਵਾਂ ਦਾ ਸਪੱਸ਼ਟ ਵਰਨਣ ਕੀਤਾ ਗਿਆ ਹੋਵੇ, ਪੇਸ਼ ਕਰਨ।
ਉਨ੍ਹਾਂ ਦੱਸਿਆ ਕਿ ਪਦਮ ਪੁਰਸਕਾਰ, ਮਤਲਬ ਪਦਮ ਵਿਭੂਸ਼ਣ, ਪਦਮ ਭੂਸ਼ਣ ਅਤੇ ਪਦਮ ਸ਼੍ਰੀ, ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰਾਂ ਵਿੱਚੋਂ ਹਨ। ਸਾਲ 1954 ਵਿੱਚ ਸਥਾਪਿਤ ਇਨ੍ਹਾਂ ਪੁਰਸਕਾਰਾਂ ਦਾ ਐਲਾਨ ਹਰ ਸਾਲ ਗਣਤੰਤਰ ਦਿਵਸ ਦੇ ਮੌਕੇ 'ਤੇ ਕੀਤਾ ਜਾਂਦਾ ਹੈ। ਇਹ ਪੁਰਸਕਾਰ ਕਲਾ, ਸਾਹਿਤ ਅਤੇ ਸਿੱਖਿਆ, ਖੇਡਾਂ, ਡਾਕਟਰੀ, ਸਮਾਜਿਕ ਕਾਰਜ, ਵਿਗਿਆਨ ਅਤੇ ਇੰਜੀਨੀਅਰਿੰਗ, ਜਨਤਕ ਕਾਰਜ, ਨਾਗਰਿਕ ਸੇਵਾਵਾਂ, ਵਪਾਰ ਅਤੇ ਉਦਯੋਗ ਵਰਗੇ ਸਾਰੇ ਖੇਤਰਾਂ/ਵਿਸ਼ਿਆਂ ਵਿੱਚ ਵਿਸ਼ਿਸ਼ਟ ਅਤੇ ਅਸਾਧਾਰਨ ਪ੍ਰਾਪਤੀਆਂ/ਸੇਵਾਵਾਂ ਲਈ ਉੱਤਮ ਕਾਰਜ ਨੂੰ ਮਾਨਤਾ ਪ੍ਰਦਾਨ ਕਰਨ ਲਈ ਦਿੱਤੇ ਜਾਂਦੇ ਹਨ। ਜਾਤੀ, ਕਿੱਤੇ, ਅਹੁਦੇ ਜਾਂ ਲਿੰਗ ਭੇਦਭਾਵ ਤੋਂ ਬਿਨਾਂ ਸਾਰੇ ਵਿਅਕਤੀ ਇਨ੍ਹਾਂ ਪੁਰਸਕਾਰਾਂ ਲਈ ਪਾਤਰ ਹਨ। ਡਾਕਟਰਾਂ ਅਤੇ ਵਿਗਿਆਨੀਆਂ ਨੂੰ ਛੱਡ ਕੇ ਜਨਤਕ ਖੇਤਰ ਦੇ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਸਰਕਾਰੀ ਕਰਮਚਾਰੀ ਪਦਮ ਪੁਰਸਕਾਰ ਲਈ ਯੋਗ ਨਹੀਂ ਹਨ।
