ਕਿੱਥੇ ਨੇ ਅਖ਼ਬਾਰਪੂਰੇ ਪੰਜਾਬ ਚ ਪੁਲੀਸ ਵੱਲੋਂ ਅਖ਼ਬਾਰਾਂ ਦੀ ਸਪਲਾਈ ਵਾਲੇ ਵਾਹਨਾਂ ਦੀ ਚੈਕਿੰਗ
ਚੰਡੀਗੜ੍ਹ- ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਸ਼ਨਿੱਚਰਵਾਰ ਨੂੰ ਕਈ ਅਖ਼ਬਾਰਾਂ ਦੀ ਵੰਡ ਵਿੱਚ ਦੇਰੀ ਹੋਈ ਕਿਉਂਕਿ ਪੁਲੀਸ ਵੱਲੋਂ ਅਖ਼ਬਾਰਾਂ ਦੀ ਸਪਲਾਈ ਲੈ ਕੇ ਜਾ ਰਹੇ ਵਾਹਨਾਂ ਦੀ ਸਖ਼ਤੀ ਨਾਲ ਜਾਂਚ ਕੀਤੀ ਗਈ। ਲੁਧਿਆਣਾ ਅਤੇ ਹੁਸ਼ਿਆਰਪੁਰ ਤੋਂ ਆਈਆਂ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਪੁਲੀਸ ਟੀਮਾਂ ਨੇ ਅਖ਼ਬਾਰਾਂ ਦੀ ਸਪਲਾਈ ਵਾਲੀਆਂ ਵੈਨਾਂ ਨੂੰ ਰੋਕਿਆ ਅਤੇ ਡੂੰਘਾਈ ਨਾਲ ਤਲਾਸ਼ੀ ਲਈ। ਪੁਲੀਸ ਨੇ ਤਲਾਸ਼ੀ ਲਈ ਇਸ ਸ਼ੱਕ ਦਾ ਹਵਾਲਾ ਦਿੱਤਾ ਕਿ ਨਸ਼ਿਆਂ ਤੇ ਹਥਿਆਰਾਂ ਦੀ ਢੋਆ-ਢੁਆਈ ਕੀਤੀ ਜਾ ਰਹੀ ਸੀ।
ਉਧਰ ਸੰਪਰਕ ਕਰਨ ’ਤੇ ਚੰਡੀਗੜ੍ਹ ਵਿੱਚ ਪੰਜਾਬ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਅਖ਼ਬਾਰਾਂ ਦੇ ਵਾਹਨਾਂ ਦੀ ਜਾਂਚ ਲਈ ਕੋਈ ਵਿਸ਼ੇਸ਼ ਆਦੇਸ਼ ਨਹੀਂ ਦਿੱਤਾ ਗਿਆ ਹੈ। ਇੱਕ ਹੋਰ ਅਧਿਕਾਰੀ ਨੇ ਕਿਹਾ, ‘‘ਕੁਝ ਜਾਣਕਾਰੀ ਦੇ ਆਧਾਰ ’ਤੇ ਸਥਾਨਕ ਪੁਲੀਸ ਵੱਲੋਂ ਫੀਲਡ ਵਿੱਚ ਕਦੇ ਵੀ ਜਾਂਚ ਕੀਤੀ ਜਾ ਸਕਦੀ ਹੈ ਪਰ ਅਖ਼ਬਾਰਾਂ ਦੀ ਸਪਲਾਈ ਵਾਲੇ ਵਾਹਨਾਂ ਨੂੰ ਨਿਸ਼ਾਨਾ ਬਣਾਉਣ ਸਬੰਧੀ ਕੋਈ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਗਏ ਹਨ।’’ ਲੁਧਿਆਣਾ ਨੇੜੇ ਅਹਿਮਦਗੜ੍ਹ ਵਿੱਚ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਸਵਾਲ ਪੁੱਛਿਆ ਕਿ ਅਖ਼ਬਾਰ ਕਿਉਂ ਨਹੀਂ ਪਹੁੰਚਾਏ ਗਏ।
ਸਥਾਨਕ ਵਸਨੀਕ ਮਹਾਵੀਰ ਗੋਇਲ ਨੇ ਕਿਹਾ ਕਿ ਮੰਡੀ ਅਹਿਮਦਗੜ੍ਹ ਵਿੱਚ ਐਤਵਾਰ ਸਵੇਰੇ 9 ਵਜੇ ਤੱਕ ਕੋਈ ਅਖ਼ਬਾਰ ਨਹੀਂ ਪਹੁੰਚਿਆ ਸੀ। ਅਤਿਵਾਦ ਦੇ ਕਾਲੇ ਦਿਨਾਂ ਤੋਂ ਬਾਅਦ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਅਖ਼ਬਾਰਾਂ ਦੀ ਸਰਕੂਲੇਸ਼ਨ ਅਸਰਅੰਦਾਜ਼ ਹੋਈ ਹੈ। ਉਧਰ ਅੰਮ੍ਰਿਤਸਰ, ਫ਼ਰੀਦਕੋਟ ਤੇ ਮੁਕਤਸਰ ਵਿਚ ਵੀ ਲੋਕਾਂ ਦੇ ਘਰਾਂ ’ਚ ਅਖ਼ਬਾਰ ਨਾ ਪੁੱਜਣ ਦਾ ਦਾਅਵਾ ਕੀਤਾ ਗਿਆ ਹੈ।
ਪਟਿਆਲਾ ਵਿੱਚ ਸਥਾਨਕ ਭਾਸ਼ਾਈ ਅਖ਼ਬਾਰਾਂ ਵਾਲੇ ਵਾਹਨਾਂ ਦੀ ਸਵੇਰੇ-ਸਵੇਰੇ ਸਖ਼ਤੀ ਨਾਲ ਜਾਂਚ ਕੀਤੀ ਗਈ, ਪਰ ਬਾਅਦ ਵਿੱਚ ਉਨ੍ਹਾਂ ਨੂੰ ਲੰਘਣ ਦਿੱਤਾ ਗਿਆ। ਸਮਾਣਾ ਅਤੇ ਪਾਤੜਾਂ ਦੇ ਛੋਟੇ ਕਸਬਿਆਂ ਵਿੱਚ ਅਖ਼ਬਾਰਾਂ ਦੀ ਸਪਲਾਈ ਪ੍ਰਭਾਵਿਤ ਹੋਈ ਅਤੇ ਲੋਕਾਂ ਦੇ ਘਰਾਂ ਤੱਕ ਦੇਰੀ ਨਾਲ ਅਖ਼ਬਾਰ ਪੁੱਜਾ। ਵੈਂਡਰਾਂ ਨੇ ਦਾਅਵਾ ਕੀਤਾ ਕਿ ਪੁਲੀਸ ਨੇ ਅਖ਼ਬਾਰਾਂ ਦੀ ਸਪਲਾਈ ਵਾਲੇ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਿਸ ਕਰਕੇ ਦੁਕਾਨਾਂ ’ਤੇ ਸਪਲਾਈ ਪ੍ਰਭਾਵਿਤ ਹੋਈ ਅਤੇ ਲੋਕਾਂ ਤੱਕ ਅਖ਼ਬਾਰ ਦੇਰੀ ਨਾਲ ਪੁੱਜੇ।
ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਬਾਰੇ ਇਨਪੁਟ ਕਰਕੇ ਵਾਹਨਾਂ ਦੀ ਜਾਂਚ ਕੀਤੀ: ਡੀਜੀਪੀ
ਉਧਰ ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਮੰਨਿਆ ਕਿ ਅਖ਼ਬਾਰਾਂ ਦੀ ਸਪਲਾਈ ਵਾਲੇ ਵਾਹਨਾਂ ਨੂੰ ਰੋਕ ਕੇ ਉਨ੍ਹਾਂ ਦੀ ਸਖ਼ਤੀ ਨਾਲ ਜਾਂਚ ਕੀਤੀ ਗਈ ਹੈ। ਸ਼ੁਕਲਾ ਨੇ ਕਿਹਾ ਕਿ ਉਨ੍ਹਾਂ ਕੋਲ ਇਨਪੁਟ ਸੀ ਕਿ ਇਨ੍ਹਾਂ ਵਾਹਨਾਂ ਦੀ ਵਰਤੋਂ ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ ਲਈ ਕੀਤੀ ਜਾ ਸਕਦੀ ਹੈ। ਇਹੀ ਵਜ੍ਹਾ ਹੈ ਕਿ ਇਨ੍ਹਾਂ ਵਾਹਨਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ। ਸ਼ੁਕਲਾ ਨੇ ਸਾਫ਼ ਕਰ ਦਿੱਤਾ ਕਿ ਅਖ਼ਬਾਰਾਂ ਦੇ ਪ੍ਰਸਾਰ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ ਅਤੇ ਵਾਹਨਾਂ ਤੇ ਡਰਾਈਵਰਾਂ ਨੂੰ ਪੂਰੀ ਤਰ੍ਹਾਂ ਜਾਂਚ ਤੋਂ ਬਾਅਦ ਛੱਡ ਦਿੱਤਾ ਗਿਆ।
