ਇਹਨਾਂ ਨੀਲੇ ਕਾਰਡ ਵਾਲਿਆਂ ਨੂੰ ਕਦੋਂ ਮਿਲੇਗੀ ਕਣਕ

ਨਵਾਂਸ਼ਹਿਰ:- ਮਨੁੱਖੀ ਅਧਿਕਾਰ ਜਾਗ੍ਰਤੀ ਮੰਚ ਸੁਸਾਇਟੀ ਨਵਾਂ ਸ਼ਹਿਰ ਦੇ ਪ੍ਰਧਾਨ ਵਾਸਦੇਵ ਪਰਦੇਸੀ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜ਼ਿਲ੍ਹੇ ਅੰਦਰ ਬਹੁਤ ਸਾਰੇ ਬਜ਼ੁਰਗ ਜੋ ਕਿ ਨੀਲੇ ਕਾਰਡ ਧਾਰਕ ਹਨ ਉਹ ਸਰਕਾਰ ਵੱਲੋਂ ਮਿਲਣ ਵਾਲੀ ਕਣਕ ਤੋਂ ਇਸ ਕਰਕੇ ਵਾਂਝੇ ਰਹਿ ਰਹੇ ਹਨ ਕਿਉਂਕਿ  ਨਾ ਤਾਂ ਉਨਾਂ ਦੇ ਫਿੰਗਰ ਪ੍ਰਿੰਟ ਲੱਗਦੇ ਹਨ ਤੇ ਨਾ ਹੀ ਅੱਖਾਂ ਦੀ ਸਕੈਨ ਹੁੰਦੀ ਹੈ ਇਸ ਕਰਕੇ ਉਹ ਸਹੂਲਤ ਤੋਂ ਵਾਂਝੇ ਹੋ ਰਹੇ ਹਨ।
 ਜਦ ਕਿ ਉਹ ਇਸ ਪ੍ਰਤੀ ਲੋੜਵੰਦ ਹਨ। ਇਸੇ ਤਰ੍ਹਾਂ ਹੀ ਕਈ ਨਵੇਂ ਨੀਲਾ ਕਾਰਡ ਧਾਰਕ ਲਾਭਪਾਤਰੀ ਨੀਲੇ ਕਾਰਡ ਜਿਨ੍ਹਾਂ ਦੇ ਬਣਾਏ ਗਏ ਹਨ। ਉਹ ਸਰਕਾਰੀ ਰਾਸ਼ਨ ਡਿੱਪੂ ਤੇ ਬੜੀ ਆਸ ਨਾਲ ਗਏ ਕਿ ਉਹਨਾਂ ਨੂੰ ਕਣਕ ਮਿਲੇਗੀ। ਪਰ ਉਹਨਾਂ ਨੂੰ  ਬੜੇ ਅਫਸੋਸ ਨਾਲ ਵਾਪਸ ਮੁੜਨਾ ਪੈ ਰਿਹਾ ਹੈ। ਕਿਉਂਕਿ ਡੀਪੂ ਹੋਲਡਰਾਂ ਵਲੋਂ ਉਹਨਾਂ ਨੂੰ ਇਹ ਕਹਿ ਕੇ ਵਾਪਸ ਮੋੜਿਆ ਜਾ ਰਿਹਾ ਹੈ ਕਿ ਨਵੇਂ ਬਣੇ ਨੀਲੇ ਕਾਰਡਾਂ ਦਾ ਸਰਕਾਰ ਵੱਲੋਂ ਕਣਕ ਦਾ ਕੋਟਾ ਹੀ ਨਹੀਂ ਭੇਜਿਆ ਜਾ ਰਿਹਾ।
 ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਸੀਨੀਅਰ ਸਿਟੀਜਨ ਸੁਵਿਧਾ ਤੋਂ ਵਾਂਝੇ ਰਹਿ ਰਹੇ ਬਜ਼ੁਰਗਾਂ ਦੀ ਉਹਨਾਂ ਦੇ ਘਰ ਜਾ ਕੇ ਜਾਂ ਹੋਰ ਤਕਨੀਕ ਰਾਹੀਂ ਪਰਚੀ ਕੱਢਣ ਤਾਂ ਕਿ ਉਹਨਾਂ ਨੂੰ ਉਹਨਾਂ ਦੇ ਹਿੱਸੇ ਦੀ ਕਣਕ ਮਿਲ ਸਕੇ। ਉਹਨਾਂ ਕਿਹਾ ਕਿ ਇਸ ਤਰ੍ਹਾਂ ਨਵੇਂ ਬਣੇ ਨੀਲੇ ਕਾਰਡ ਧਾਰਕਾਂ ਨੂੰ ਵੀ ਕਣਕ ਦਾ ਬਣਦਾ ਕੋਟਾ ਸਬੰਧਤ ਸਰਕਾਰੀ ਰਾਸ਼ਨ ਡੀਪੂ ਹੋਲਡਰਾਂ ਨੂੰ ਭੇਜਿਆ ਜਾਵੇ।