ਗੌਤਮ ਨਗਰ ਵਿੱਚ ਹਫ਼ਤਾਵਾਰੀ ਅਧਿਆਤਮਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ
ਹੁਸ਼ਿਆਰਪੁਰ:- ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਗੌਤਮ ਨਗਰ ਵਿੱਚ ਹਫ਼ਤਾਵਾਰੀ ਅਧਿਆਤਮਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਰਵਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਸਾਧਵੀ ਪੂਨਮ ਭਾਰਤੀ ਜੀ ਨੇ ਹਾਜ਼ਰ ਭਗਤਜਨਾਂ ਨੂੰ ਇਹ ਭਾਵਪੂਰਨ ਸੰਦੇਸ਼ ਦਿੱਤਾ ਕਿ ਜਦੋਂ ਕੋਈ ਸਾਧਕ ਪੂਰਨ ਨਿਸ਼ਠਾ ਅਤੇ ਪਵਿੱਤਰ ਭਾਵ ਨਾਲ ਆਪਣੇ ਗੁਰੂ ਨੂੰ ਹਿਰਦੇ ਵਿੱਚ ਯਾਦ ਕਰਦਾ ਹੈ, ਤਾਂ ਗੁਰੂ ਵੀ ਆਪਣੇ ਸ਼ਿਸ਼ ਦੇ ਇਨ੍ਹਾਂ ਸੱਚੇ ਭਾਵਾਂ ਨੂੰ ਪੂਰਾ ਕਰਨ ਲਈ ਜ਼ਰੂਰ ਪ੍ਰਗਟ ਹੁੰਦੇ ਹਨ।
ਇਤਿਹਾਸ ਅਤੇ ਸੰਤ-ਪਰੰਪਰਾਵਾਂ ਵਿੱਚ ਅਨੇਕ ਉਦਾਹਰਨ ਮਿਲਦੇ ਹਨ ਜਿੱਥੇ ਗੁਰੂ ਨੇ ਆਪਣੇ ਸ਼ਿਸ਼ਾਂ ਦੀ ਪੁਕਾਰ 'ਤੇ ਕੁਦਰਤੀ ਨਿਯਮਾਂ ਨੂੰ ਵੀ ਬਦਲ ਦਿੱਤਾ, ਕਿਉਂਕਿ ਗੁਰੂ ਅਤੇ ਸ਼ਿਸ਼ ਦਾ ਸਬੰਧ ਸਿਰਫ਼ ਸੰਸਾਰਿਕ ਨਹੀਂ, ਸਗੋਂ ਆਤਮਿਕ ਅਤੇ ਅਨਾਦਿ ਕਾਲ ਤੋਂ ਚੱਲਦਾ ਆ ਰਿਹਾ ਇੱਕ ਦਿਵਯ ਬੰਧਨ ਹੈ।
ਸਾਧਵੀ ਜੀ ਨੇ ਦੱਸਿਆ ਕਿ ਜਦੋਂ ਕੋਈ ਪੂਰਨ ਗੁਰੂ ਕਿਸੇ ਜਿਗਿਆਸੂ ਨੂੰ ਆਪਣੀ ਪਵਿੱਤਰ ਸ਼ਰਨ ਵਿੱਚ ਸਵੀਕਾਰ ਕਰਦੇ ਹਨ ਅਤੇ ਉਸ ਨੂੰ ਦੀਖਿਆ ਪ੍ਰਦਾਨ ਕਰਦੇ ਹਨ, ਤਾਂ ਉਸੇ ਪਲ ਉਸ ਦੀ ਤ੍ਰਿਕੁਟੀ ਵਿੱਚ ਸਥਿਤ ਤੀਜਾ ਨੇਤਰ ਜਾਗ੍ਰਿਤ ਕਰ ਦਿੰਦੇ ਹਨ। ਇਹ ਜਾਗਰਣ ਕੋਈ ਕਲਪਨਾ ਨਹੀਂ, ਇੱਕ ਸੱਚਾ ਅਨੁਭਵ ਹੈ, ਜਿਸ ਦੇ ਪ੍ਰਗਟ ਹੁੰਦਿਆਂ ਹੀ ਸਾਧਕ ਦੇ ਅੰਤਰਮਨ ਵਿੱਚ ਚਾਰ ਦਿਵਯ ਅਨੁਭਵ ਆਪੇ ਹੀ ਪ੍ਰਗਟ ਹੋ ਜਾਂਦੇ ਹਨ।
ਉਸ ਨੂੰ ਆਪਣੇ ਅੰਦਰ ਦਿਵਯ ਪ੍ਰਕਾਸ਼ ਦਾ ਦਰਸ਼ਨ ਹੁੰਦਾ ਹੈ, ਅਨਹਦ ਨਾਦ ਦੀ ਅਖੰਡ ਧੁਨ ਸੁਣਾਈ ਦਿੰਦੀ ਹੈ, ਸਾਹਾਂ ਵਿੱਚ ਆਦਿ ਨਾਮ ਦਾ ਸਿਮਰਨ ਜਾਗ ਪੈਂਦਾ ਹੈ ਅਤੇ ਸਹਿਸ੍ਰਦਲ ਕਮਲ ਵਿੱਚੋਂ ਅੰਮ੍ਰਿਤ-ਰਸ ਦਾ ਪ੍ਰਵਾਹ ਅਨੁਭਵ ਹੁੰਦਾ ਹੈ। ਇਹ ਦਿਵਯ ਅਨੁਭੂਤੀਆਂ ਸਾਧਕ ਦੇ ਜੀਵਨ ਵਿੱਚ ਮਹਾਨ ਬਦਲਾਅ ਦੀ ਸ਼ੁਰੂਆਤ ਹੁੰਦੀ ਹੈ, ਜੋ ਉਸ ਦੇ ਅੰਦਰ ਉਤਸ਼ਾਹ, ਆਨੰਦ ਅਤੇ ਅਟੱਲ ਵਿਸ਼ਵਾਸ ਦਾ ਸੰਚਾਰ ਕਰਦੀਆਂ ਹਨ।
ਸਾਧਵੀ ਜੀ ਨੇ ਕਿਹਾ ਕਿ ਸਾਧਕ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਉਸ ਦਾ ਇੱਕ ਮਾਤਰ ਲਕਸ਼ ਸਿਰਫ਼ ਸੱਚ ਦੀ ਪ੍ਰਾਪਤੀ ਹੈ, ਇਸ ਲਈ ਉਸ ਨੂੰ ਸੰਸਾਰ ਦੇ ਮੋਹ ਅਤੇ ਭਟਕਾਵਾਂ ਤੋਂ ਦੂਰ ਰਹਿੰਦੇ ਹੋਏ ਆਪਣੀ ਚੇਤਨਾ ਨੂੰ ਕੇਵਲ ਆਪਣੇ ਸਤਿਗੁਰੂ ਉੱਪਰ ਹੀ ਕੇਂਦਰਿਤ ਰੱਖਣਾ ਚਾਹੀਦਾ ਹੈ। ਜਦ ਸਾਧਕ ਗੁਰੂ ਦੇ ਬਚਨਾਂ ਨੂੰ ਅਪਣੇ ਜੀਵਨ ਵਿੱਚ ਲਾਗੂ ਕਰਦਾ ਹੈ, ਤਾਂ ਉਸ ਦੇ ਅੰਦਰ ਹੌਲੀ-ਹੌਲੀ ਆਤਮ-ਸ਼ਕਤੀ ਦਾ ਉਦੇ ਹੋਣਾ ਸ਼ੁਰੂ ਹੋ ਜਾਂਦਾ ਹੈ।
ਸਾਧਕ ਆਪਣੇ ਅੰਦਰ ਇੱਕ ਨਵੀਂ ਊਰਜਾ, ਹਿੰਮਤ ਅਤੇ ਦ੍ਰਿੜ੍ਹਤਾ ਮਹਿਸੂਸ ਕਰਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਜਿਸ ਦੇ ਚਰਨਾਂ ਵਿੱਚ ਉਸ ਨੇ ਆਪਣਾ ਜੀਵਨ ਸਮਰਪਿਤ ਕੀਤਾ ਹੈ, ਉਹ ਕੋਈ ਆਮ ਸ਼ਖ਼ਸੀਅਤ ਨਹੀਂ, ਸਗੋਂ ਉਹੀ ਪੂਰਨ ਸੱਤਾ ਹੈ ਜਿਸ ਨੇ ਉਸ ਦਾ ਮਿਲਾਪ ਸਾਕਾਰ ਪ੍ਰਭੂ ਨਾਲ ਕਰਵਾਇਆ ਹੈ। ਇਹੀ ਅਨੁਭੂਤੀ ਸਾਧਕ ਦੇ ਜੀਵਨ ਵਿੱਚ ਸ਼ਾਂਤੀ, ਸਥਿਰਤਾ ਅਤੇ ਅਧਿਆਤਮਕ ਉੱਨਤੀ ਦਾ ਪ੍ਰਕਾਸ਼ ਭਰ ਦਿੰਦੀ ਹੈ।
