ਸਾਪਤਾਹਿਕ ਸਤਿਸੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ

ਹੁਸ਼ਿਆਰਪੁਰ:- ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸਥਾਨਕ ਆਸ਼ਰਮ ਵਿੱਚ ਸਾਪਤਾਹਿਕ ਸਤਿਸੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਜੀ ਦੀ ਸ਼ਿਸ਼ਿਆ ਸਾਧਵੀ ਰਣੇ ਭਾਰਤੀ ਜੀ ਨੇ ਪ੍ਰਵਚਨ ਪੇਸ਼ ਕੀਤੇ। ਸਾਧਵੀ ਜੀ ਨੇ ਆਪਣੇ ਵਿਚਾਰਾਂ ਵਿੱਚ ਸਮਝਾਇਆ ਕਿ ਗੁਰੂ ਮਾਲੀ ਦੇ ਸਮਾਨ ਹੈ ਅਤੇ ਸ਼ਿਸ਼ ਇੱਕ ਰੁੱਖ ਦੇ ਸਮਾਨ। ਜਿਵੇਂ ਮਾਲੀ ਪਹਿਲਾਂ ਚੰਗੇ ਬੀਜ ਦੀ ਪਹਿਚਾਣ ਕਰਦਾ ਹੈ ਅਤੇ ਫਿਰ ਉਸ ਨੂੰ ਉਚਿਤ ਸਮੇਂ 'ਤੇ ਉਚਿਤ ਭੂਮੀ ਵਿੱਚ ਬੀਜਦਾ ਹੈ, ਉਵੇਂ ਹੀ ਗੁਰੂ ਵੀ ਯੋਗ ਸ਼ਿਸ਼ ਨੂੰ ਚੁਣ ਕੇ ਸਹੀ ਮਾਰਗ 'ਤੇ ਸਥਾਪਿਤ ਕਰਦਾ ਹੈ। 
ਮਾਲੀ ਸਮੇਂ-ਸਮੇਂ 'ਤੇ ਬੀਜ ਨੂੰ ਖਾਦ ਅਤੇ ਪਾਣੀ ਦਿੰਦਾ ਹੈ, ਉਸੇ ਤਰ੍ਹਾਂ ਗੁਰੂ ਵੀ ਸ਼ਿਸ਼ ਨੂੰ ਲੋੜ ਅਨੁਸਾਰ ਗਿਆਨ ਅਤੇ ਸੰਸਕਾਰ ਪ੍ਰਦਾਨ ਕਰਦਾ ਹੈ । ਬੀਜ ਹੌਲੀ-ਹੌਲੀ ਪੌਦਾ ਬਣਦਾ ਹੈ ਅਤੇ ਇਸ ਹਾਲਤ ਵਿੱਚ ਵੀ ਮਾਲੀ ਉਸ ਦੀ ਨਿਰੰਤਰ ਦੇਖਭਾਲ ਕਰਦਾ ਹੈ, ਕਦੇ ਮੌਸਮ ਤੋਂ, ਕਦੇ ਜੰਗਲੀ ਜਾਨਵਰਾਂ ਤੋਂ ਅਤੇ ਕਦੇ ਰੋਗਾਂ ਤੋਂ ਉਸ ਦੀ ਰੱਖਿਆ ਕਰਦਾ ਹੈ। ਜਦੋਂ ਉਹੀ ਪੌਦਾ ਵੱਡਾ ਹੋ ਕੇ ਮਜ਼ਬੂਤ ਰੁੱਖ ਬਣ ਜਾਂਦਾ ਹੈ, ਤਦ ਮਾਲੀ ਉਸਨੂੰ ਨਿਯਮਿਤ ਰੂਪ ਨਾਲ ਪਾਣੀ ਦੇਣਾ ਬੰਦ ਕਰ ਦਿੰਦਾ ਹੈ ਕਿਉਂਕਿ ਤਦ ਤੱਕ ਰੁੱਖ ਆਪਣੀਆਂ ਜੜ੍ਹਾਂ ਇੰਨੀ ਡੂੰਘਾਈ ਤੱਕ ਫੈਲਾ ਚੁੱਕਾ ਹੁੰਦਾ ਹੈ ਕਿ ਉਹ ਖੁਦ ਆਪਣਾ ਸੰਰਕਸ਼ਨ ਅਤੇ ਪੋਸ਼ਣ ਕਰਨਾ ਸਿੱਖ ਜਾਂਦਾ ਹੈ। 
ਹੁਣ ਉਹ ਦੇਣ ਦੇ ਯੋਗ ਬਣ ਜਾਂਦਾ ਹੈ, ਯਾਤਰੀਆਂ ਨੂੰ ਛਾਂ ਦਿੰਦਾ ਹੈ, ਪੰਛੀਆਂ ਨੂੰ ਆਸਰਾ ਦਿੰਦਾ ਹੈ, ਫਲ-ਫੁੱਲ ਪ੍ਰਦਾਨ ਕਰਦਾ ਹੈ ਅਤੇ ਆਪਣੀਆਂ ਜੜ੍ਹਾਂ ਅਤੇ ਅਰਕ ਰਾਹੀਂ ਦਵਾਈ ਦੇ ਰੂਪ ਵਿੱਚ ਵੀ ਉਪਯੋਗੀ ਹੁੰਦਾ ਹੈ। ਹਰਿਆਲੀ ਫੈਲਾ ਕੇ ਉਹ ਵਾਤਾਵਰਣ ਨੂੰ ਸ਼ੁੱਧ ਕਰਦਾ ਹੈ ਅਤੇ ਵਰਖਾ ਦਾ ਮਾਧਿਅਮ ਬਣ ਕੇ ਧਰਤੀ ਅਤੇ ਉਸ 'ਤੇ ਰਹਿਣ ਵਾਲੇ ਪ੍ਰਾਣੀਆਂ ਦੀ ਪਿਆਸ ਬੁਝਾਉਂਦਾ ਹੈ। ਇਸੇ ਪ੍ਰਕਾਰ ਗੁਰੂ ਵੀ ਸ਼ਿਸ਼ ਨੂੰ ਇੱਕ ਸਮਾਂ, ਇੱਕ ਸਥਿਤੀ ਅਤੇ ਇੱਕ ਸੀਮਾ ਤੱਕ ਹੀ ਸਿੰਜਦਾ ਹੈ।
 ਗੁਰੂ ਓਨਾ ਹੀ ਦਿੰਦਾ ਹੈ ਜਿੰਨਾ ਸ਼ਿਸ਼ ਲਈ ਜ਼ਰੂਰੀ ਹੁੰਦਾ ਹੈ। ਗੁਰੂ ਸ਼ਿਸ਼ ਨੂੰ ਕੇਵਲ ਜੜ੍ਹਾਂ ਨਹੀਂ ਦਿੰਦਾ, ਬਲਕਿ ਉਨ੍ਹਾਂ ਜੜ੍ਹਾਂ ਨੂੰ ਵਿਸਥਾਰ ਅਤੇ ਸਥਿਰਤਾ ਵੀ ਪ੍ਰਦਾਨ ਕਰਦਾ ਹੈ ਤਾਂਕਿ ਸ਼ਿਸ਼ ਆਤਮ-ਨਿਰਭਰ ਬਣ ਸਕੇ। ਫਿਰ ਗੁਰੂ ਸ਼ਿਸ਼ ਨੂੰ ਰੁੱਖ ਵਾਂਗ ਝੁਕਣਾ, ਵੰਡਣਾ ਅਤੇ ਦੇਣਾ ਸਿਖਾਉਂਦਾ ਹੈ। ਫੁੱਲ ਰੁੱਖ ਦੇ ਹੁੰਦੇ ਹਨ ਪਰ ਉਨ੍ਹਾਂ ਵਿੱਚ ਸੁਗੰਧ ਮਾਲੀ ਦੀ ਹੁੰਦੀ ਹੈ, ਪੱਤੇ ਰੁੱਖ ਦੇ ਹੁੰਦੇ ਹਨ ਪਰ ਉਨ੍ਹਾਂ ਵਿੱਚ ਸੁੰਦਰਤਾ ਮਾਲੀ ਦੀ ਹੁੰਦੀ ਹੈ, ਆਕਾਰ ਅਤੇ ਛਾਂ ਰੁੱਖ ਦੀ ਹੁੰਦੀ ਹੈ ਪਰ ਉਸਦੀ ਪੂਰੀ ਦੇਖਰੇਖ ਮਾਲੀ ਦੀ ਹੁੰਦੀ ਹੈ। 
ਗੁਰੂ ਦਾ ਹਿਰਦਾ ਧਰਤੀ ਵਾਂਗ ਵਿਸ਼ਾਲ ਹੁੰਦਾ ਹੈ, ਕਿਤੇ ਕਠੋਰ ਤਾਂ ਕਿਤੇ ਅਤਿਅੰਤ ਸੰਵੇਦਨਸ਼ੀਲ। ਗੁਰੂ ਊਰਜਾ ਦਾ ਸਰੋਤ ਹੈ ਜੋ ਆਪਣੇ ਗਿਆਨ ਅਤੇ ਅਨੁਭਵ ਨੂੰ ਸ਼ਿਸ਼ ਵਿੱਚ ਤਬਦੀਲ ਕਰਨਾ ਜਾਣਦਾ ਹੈ। ਗੁਰੂ ਉਸ ਪਰਮ ਸੱਤਾ ਦਾ ਮਾਨਵੀ ਸਰੂਪ ਹੈ ਅਤੇ ਆਤਮਾ ਅਤੇ ਪਰਮਾਤਮਾ ਦੇ ਵਿੱਚ ਪੁਲ ਦੇ ਸਮਾਨ ਹੈ। ਸਾਡੇ ਸਾਰੇ ਧਾਰਮਿਕ ਗ੍ਰੰਥ ਇਹ ਦੱਸਦੇ ਹਨ ਕਿ ਪੂਰਨ ਗੁਰੂ ਤੋਂ ਬਿਨਾਂ ਮਨੁੱਖੀ ਜੀਵਨ ਦਾ ਅਸਲ ਵਿਕਾਸ ਸੰਭਵ ਨਹੀਂ ਹੈ ਅਤੇ ਗੁਰੂ ਦੇ ਮਾਧਿਅਮ ਰਾਹੀਂ ਹੀ ਮਨੁੱਖੀ ਜੀਵਨ ਦਾ ਸੱਚਾ ਕਲਿਆਣ ਹੁੰਦਾ ਹੈ।