ਸਾਨੂੰ ਯੋਧਿਆਂ ਦੇ ਇਤਿਹਾਸ ਤੇ ਅਮਲ ਕਰਨ ਦੀ ਲੋੜ: ਜਥੇਦਾਰ ਬਲਕਾਰ ਸਿੰਘ ਭੁੱਲਰ
ਐਸ.ਏ.ਐਸ. ਨਗਰ, 23 ਜੂਨ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਦੁਆਰਾ ਸਾਹਿਬਵਾੜਾ ਫੇਜ਼ 5 ਵਿਖੇ ਕੌਮੀ ਗਤਕਾ ਦਿਵਸ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਪਾਰਟੀ ਦੇ ਕੌਮੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਨੌਜਵਾਨ ਸਿੰਘਾਂ ਵੱਲੋਂ ਪੂਰੇ ਜੋਸ਼ ਨਾਲ ਗਤਕੇ ਦੇ ਜੌਹਰ ਦਿਖਾਏ ਗਏ।
ਇਸ ਮੌਕੇ ਗਤਕਾ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਪਹੁੰਚੇ ਪਾਰਟੀ ਦੇ ਪੀ.ਏ.ਸੀ. ਮੈਂਬਰ ਜਥੇਦਾਰ ਬਲਕਾਰ ਸਿੰਘ ਭੁੱਲਰ ਨੇ ਗਤਕਾ ਖਿਡਾਰੀਆਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਦੱਸਿਆ ਕਿ ਇਹ ਸਾਲਾਨਾ ਗਤਕਾ ਦਿਵਸ ਦਾ ਪ੍ਰੋਗਰਾਮ ਉਦੋਂ ਸ਼ੁਰੂ ਕੀਤਾ ਗਿਆ ਸੀ ਜਦੋਂ ਹਿੰਦੂ ਰਾਸ਼ਟਰ ਨੇ ਮਜ਼ਹਬੀ ਸੋਚ ਨੂੰ ਘੱਟ ਗਿਣਤੀਆਂ ਉੱਤੇ ਜ਼ਬਰਦਸਤੀ ਥੋਪਣ ਲਈ ਯੋਗਾ ਦਿਵਸ ਮਨਾਉਣ ਦਾ ਫੈਸਲਾ ਕੀਤਾ ਸੀ।
ਇਸ ਮੌਕੇ ਸੰਗਤ ਨੂੰ ਸਿੱਖ ਕੌਮ ਦੇ ਕੀਮਤੀ ਇਤਿਹਾਸ ਜਾਣੂ ਕਰਵਾਉਂਦਿਆਂ ਉਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਵੀ ਦੱਸਿਆ ਅਤੇ ਕਿਹਾ ਕਿ ਸਾਨੂੰ ਆਪਣੇ ਸੂਰਵੀਰ ਯੋਧਿਆਂ ਦਾ ਇਤਿਹਾਸ ਪੜ੍ਹਨ ਅਤੇ ਉਸ ’ਤੇ ਅਮਲ ਕਰਨ, ਜਿਨ੍ਹਾਂ ਨੇ ਇੰਨਾਂ ਸ਼ੋਰਾਂ ਨਾਲ ਦੁਨੀਆਂ ਭਰ ਵਿੱਚ ਖਾਲਸਾ ਰਾਜ ਦਾ ਲੋਹਾ ਮਨਵਾਇਆ ਹੈ।
ਅੰਤ ਵਿੱਚ ਹਲਕਾ ਇੰਚਾਰਜ ਖਰੜ ਸ. ਲਖਵੀਰ ਸਿੰਘ ਕੋਟਲਾ ਵੱਲੋਂ ਆਈ ਸੰਗਤਾਂ ਅਤੇ ਗੁਰਦੁਆਰਾ ਸਾਹਿਬਵਾੜਾ ਫੇਜ਼ 5 ਦੀ ਸਮੂਹ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਗੋਪਾਲ ਸਿੰਘ ਝਾੜੋਂ ਚੰਡੀਗੜ੍ਹ, ਚਰਨਜੀਤ ਸਿੰਘ ਪੜਿਆਲ, ਬਲਵੀਰ ਸਿੰਘ ਸੋਹਾਣਾ, ਤਲਵਿੰਦਰ ਸਿੰਘ ਭੁੱਲਰ, ਮਲਕੀਤ ਸਿੰਘ ਆਦਿ ਆਗੂ ਵੀ ਹਾਜ਼ਰ ਸਨ।
