ਵੋਟਾਂ ਦੀ ਰਾਜਨੀਤੀ ਤੇ ਮੁਫ਼ਤ ਸਕੀਮਾਂ ਨੇ ਪੰਜਾਬ ਨੂੰ ਕੀਤਾ ਕੰਗਾਲ : ਸੰਜੀਵ ਕੁਮਾਰ

ਹੁਸ਼ਿਆਰਪੁਰ- ਸਮਾਜ ਸੇਵੀ ਸੰਜੀਵ ਕੁਮਾਰ ਨੇ ਪੰਜਾਬ ਦੀ ਖਰਾਬ ਹੋ ਰਹੀ ਵਿੱਤੀ ਹਾਲਤ ’ਤੇ ਗੰਭੀਰ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਵੋਟਾਂ ਲਈ ਬਣਾਈਆਂ ਗਈਆਂ ਬੇਤੁਕੀਆਂ ਮੁਫ਼ਤ ਸਕੀਮਾਂ ਨੇ ਪੰਜਾਬ ਨੂੰ ਦਿਵਾਲੀਆ ਕਰਨ ਦੀ ਕਗਾਰ ’ਤੇ ਲਿਆ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਬੱਸਾਂ ਵਿੱਚ ਔਰਤਾਂ ਲਈ ਮੁਫ਼ਤ ਯਾਤਰਾ ਦੀ ਸਕੀਮ ਨੇ ਸਰਵਜਨਿਕ ਟਰਾਂਸਪੋਰਟ ਸਿਸਟਮ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। “ਅਮੀਰ ਘਰਾਨਿਆਂ ਦੀਆਂ ਔਰਤਾਂ ਵੀ ਟੈਕਸਦਾਤਿਆਂ ਦੇ ਪੈਸਿਆਂ ’ਤੇ ਮੁਫ਼ਤ ਸਫ਼ਰ ਕਰ ਰਹੀਆਂ ਹਨ, ਜੋ ਪੂਰੀ ਤਰ੍ਹਾਂ ਵੋਟਾਂ ਦੀ ਰਾਜਨੀਤੀ ਹੈ।
ਸੰਜੀਵ ਕੁਮਾਰ ਨੇ ਇਹ ਵੀ ਦਰਸਾਇਆ ਕਿ ਸਮਰੱਥ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਦਾ ਬੇਜਾ ਫਾਇਦਾ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਸਰਕਾਰ ਨੂੰ ਅਜਿਹੀਆਂ ਸਕੀਮਾਂ ਦਾ ਪੁਨਰਵਿਚਾਰ ਕਰਕੇ ਇਨ੍ਹਾਂ ਨੂੰ ਸਬਸਿਡੀ ਅਧਾਰਿਤ ਬਣਾਉਣਾ ਚਾਹੀਦਾ ਹੈ, ਤਾਂ ਜੋ ਸਿਰਫ਼ ਲੋੜਵੰਦ ਲੋਕਾਂ ਨੂੰ ਹੀ ਲਾਭ ਮਿਲੇ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦੋਂ ਕਿ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲਗਭਗ ਇਕ ਸਾਲ ਬਾਕੀ ਹੈ, ਸਰਕਾਰ ਵੱਲੋਂ ਹਰ ਔਰਤ ਨੂੰ ਹਜ਼ਾਰ ਰੁਪਏ ਮਹੀਨਾ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ। ਇਹ ਪੰਜਾਬ ਲਈ ਤਬਾਹੀ ਸਾਬਤ ਹੋਵੇਗੀ ਕਿਉਂਕਿ ਪੰਜਾਬ ਪਹਿਲਾਂ ਹੀ ਲਗਭਗ 4 ਲੱਖ ਕਰੋੜ ਦੇ ਕਰਜ਼ੇ ਹੇਠ ਦਬਿਆ ਹੋਇਆ ਹੈ।
ਸੰਜੀਵ ਕੁਮਾਰ ਨੇ ਸਰਕਾਰੀ ਕਰਮਚਾਰੀਆਂ ਦੀ ਹਾਲਤ ’ਤੇ ਵੀ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਸਮੇਂ ’ਤੇ ਨਹੀਂ ਦਿੱਤੀਆਂ ਜਾ ਰਹੀਆਂ, ਨਵੀਂ ਤਨਖਾਹ ਸਕੇਲ ਦੇ ਬਕਾਇਆ ਭੁਗਤਾਨ ਰੁਕੇ ਪਏ ਹਨ ਅਤੇ ਅਗਲਾ ਸਕੇਲ ਵੀ ਅਗਲੇ ਸਾਲ ਦੇਣ ਯੋਗ ਹੈ। ਇਸ ਨਾਲ ਹਾਲਾਤ ਹੋਰ ਗੰਭੀਰ ਹੋਣਗੇ।
“ਇਹ ਇਕ ਚੇਤਾਵਨੀ ਵਾਲੀ ਸਥਿਤੀ ਹੈ। ਪੰਜਾਬ ਨੂੰ ਮੁਫ਼ਤ ਵੰਡ ਦੀ ਨਹੀਂ, ਸਖ਼ਤ ਆਰਥਿਕ ਸੁਧਾਰਾਂ ਦੀ ਲੋੜ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਅਜਿਹੀਆਂ ਮੁਫ਼ਤ ਸਕੀਮਾਂ ਦੇ ਵਾਅਦੇ ਕਰਨ ਵਾਲਿਆਂ ਨੂੰ ਹੌਸਲਾ ਨਾ ਦੇਣ,” ਸੰਜੀਵ ਕੁਮਾਰ ਨੇ ਅਪੀਲ ਕੀਤੀ।