ਵੈਟਨਰੀ ਯੂਨੀਵਰਸਿਟੀ ਨੇ ਹੜ੍ਹਾਂ ਦੌਰਾਨ ਪਸ਼ੂਆਂ ਦੀ ਸੰਭਾਲ ਲਈ ਜਾਰੀ ਕੀਤਾ ਹਿਦਾਇਤਨਾਮਾ

ਲੁਧਿਆਣਾ 28 ਅਗਸਤ 2025:- ਪੰਜਾਬ ਅਤੇ ਗੁਆਂਢੀ ਰਾਜਾਂ ਵਿੱਚ ਭਾਰੀ ਮੀਂਹ ਅਤੇ ਦਰਿਆਵਾਂ ਵਿੱਚ ਵਧੇਰੇ ਪਾਣੀ ਆਉਣ ਕਾਰਨ ਹੜ੍ਹ ਦੀ ਸਥਿਤੀ ਕਰਕੇ ਕਿਸਾਨ ਅਤੇ ਪਸ਼ੂ ਪਾਲਕਾਂ ਲਈ ਗੰਭੀਰ ਚੁਣੌਤੀ ਬਣ ਗਈ ਹੈ। ਹੜ੍ਹ ਦੇ ਪਾਣੀ ਕਾਰਨ ਪਸ਼ੂਆਂ ਨੂੰ ਛੂਤੀ ਰੋਗ ਅਤੇ ਪਰਜੀਵੀਆਂ ਦਾ ਖ਼ਤਰਾ ਹੋ ਸਕਦਾ ਹੈ। ਪਾਣੀ ਦੇ ਖੜ੍ਹਨ ਕਰਕੇ ਚਾਰੇ ਦੀ ਫ਼ਸਲ, ਤੂੜੀ ਅਤੇ ਖੁਰਾਕ ਦੀ ਭਾਰੀ ਕਮੀ ਹੋ ਸਕਦੀ ਹੈ ਜਿਸ ਕਾਰਨ ਪਸ਼ੂਆਂ ਉੱਤੇ ਹੋਰ ਵੀ ਦੁਰਪ੍ਰਭਾਵ ਪੈਂਦੇ ਹਨ।
 ਇਨ੍ਹਾਂ ਹਲਾਤਾਂ ਵਿੱਚ ਮੱਛਰ, ਮੱਖੀਆਂ, ਜੋਕਾਂ ਅਤੇ ਚਿੱਚੜ ਆਦਿ ਪਰਜੀਵੀ ਵੀ ਵਧ ਜਾਂਦੇ ਹਨ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਇਨ੍ਹਾਂ ਚਿੰਤਾਵਾਂ ਦਾ ਜ਼ਿਕਰ ਕਰਦਿਆਂ ਸਲਾਹ ਦਿੱਤੀ ਕਿ ਜਿੱਥੇ ਵੀ ਸੰਭਵ ਹੋ ਸਕੇ, ਪਸ਼ੂਆਂ ਨੂੰ ਹੜ੍ਹ ਪ੍ਰਭਾਵਿਤ ਅਤੇ ਇਹਨਾਂ ਦੇ ਨੇੜਲੇ ਇਲਾਕਿਆਂ ਤੋਂ ਦੂਰ ਸੁਰੱਖਿਅਤ ਜਗ੍ਹਾ ਲਿਜਾਣਾ ਜ਼ਰੂਰੀ ਹੈ।
ਡਾ. ਗਰੇਵਾਲ ਨੇ ਕਿਹਾ ਕਿ ਮੱਖੀਆਂ ਅਤੇ ਮੱਛਰਾਂ ਦੇ ਕਾਰਨ ਪਸ਼ੂਆਂ ਵਿੱਚ ਲੰਗੜਾ ਬੁਖਾਰ ਆਮ ਹੋ ਜਾਂਦਾ ਹੈ। ਇਹਨਾਂ ਦੀ ਰੋਕਥਾਮ ਲਈ ਸਥਾਨਕ ਪੱਧਰ ’ਤੇ ਲੋੜੀਂਦੇ ਇੰਤਜ਼ਾਮ ਕਰਨ ਦੀ ਲੋੜ ਹੈ। ਚਿੱਚੜਾਂ ਕਾਰਨ ਪਸ਼ੂਆਂ ਵਿੱਚ ਚਿਚੜੀ ਰੋਗ/ ਲਹੂ ਮੂਤਣ (ਬਬੇਸ਼ੀਉਸਿਸ) ਦੀ ਬਿਮਾਰੀ ਹੋ ਸਕਦੀ ਹੈ। ਪਸ਼ੂਆਂ ਦੇ ਵਾੜਿਆਂ ਵਿੱਚ ਚਿੱਚੜਾਂ ’ਤੇ ਕਾਬੂ ਪਾਉਣ ਲਈ ਸ਼ੈੱਡ ਦੀ ਫ਼ਰਸ਼ ਅਤੇ ਕੰਧਾਂ ਵਿੱਚ ਬਣੀਆਂ ਤਰੇੜਾਂ ਜਾਂ ਵਿਰਲਾਂ ਨੂੰ ਭਰ ਕੇ ਪਸ਼ੂਆਂ ਦੇ ਮਾਹਿਰਾਂ ਦੀ ਸਲਾਹ ਨਾਲ ਸਿਫ਼ਾਰਸ਼ਸ਼ੁਦਾ ਦਵਾਈਆਂ ਦਾ ਛਿੜਕਾਅ ਕਰਨਾ ਚਾਹੀਦਾ ਹੈ।
ਹੜ੍ਹ ਵਾਲੇ ਪਾਣੀ ਵਿੱਚ ਸੈਲਮੋਨੈਲਾ ਅਤੇ ਈ-ਕੋਲਾਈ ਵਰਗੇ ਖਤਰਨਾਕ ਕੀਟਾਣੂ ਹੋ ਸਕਦੇ ਹਨ ਜੋ ਕਿ ਪਸ਼ੂਆਂ ਵਿੱਚ ਮੋਕ ਦਾ ਕਾਰਨ ਬਣ ਸਕਦੇ ਹਨ। ਇਸ ਤੋਂ ਇਲਾਵਾ ਕਲੌਸਟ੍ਰੀਡੀਅਮ ਅਤੇ ਲੈਪਟੋਸਪਾਇਰਾ ਦੇ ਕਾਰਨ ਪਸ਼ੂਆਂ ਨੂੰ ਟੈਟਨਸ ਅਤੇ ਤੂਅ ਜਾਣ ਤੇ ਪੀਲੀਆ ਦੀ ਸਮੱਸਿਆ ਹੋ ਸਕਦੀ ਹੈ। ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਪਾਣੀ ਦੇ ਮਿਆਰ ਦੀ ਜਾਂਚ ਕਰਵਾਈ ਜਾ ਸਕਦੀ ਹੈ। ਖਾਸ ਤੌਰ ’ਤੇ ਕੱਟੜੂ- ਵੱਛੜੂ ਨੂੰ ਪਿਆਉਣ ਵਾਲਾ ਪਾਣੀ ਪਹਿਲਾਂ ਉਬਾਲ ਕੇ ਠੰਡਾ ਕਰਕੇ ਰੱਖਿਆ ਜਾ ਸਕਦਾ ਹੈ।
ਗਿੱਲੀ ਜਗ੍ਹਾ ਵਿੱਚ ਖੜ੍ਹੇ ਰਹਿਣ ਕਾਰਨ ਪਸ਼ੂਆਂ ਦੇ ਖੁਰ ਗਲ ਸਕਦੇ ਹਨ ਅਤੇ ਪਸ਼ੂ ਨੂੰ ਲੰਗੜਾਪਣ ਹੋ ਸਕਦਾ ਹੈ। ਜੇਕਰ ਸੰਭਵ ਹੋਵੇ ਤਾਂ ਪਸ਼ੂਆਂ ਦੇ ਖੜ੍ਹਨ ਵਾਲੀ ਜਗ੍ਹਾ ਵਿੱਚ ਸੁੱਕ/ਪਰਾਲੀ ਆਦਿ ਵਿਛਾ ਕੇ ਰੱਖਣੀ ਚਾਹੀਦੀ ਹੈ। ਖੁਰਾਂ ਦੀ ਸੰਭਾਲ ਲਈ ਇਨ੍ਹਾਂ ਨੂੰ ਕਲੀ ਨਾਲ ਸਾਫ਼ ਕੀਤਾ ਜਾ ਸਕਦਾ ਹੈ ਜਾਂ 5 ਪ੍ਰਤੀਸ਼ਤ ਫ਼ਾਰਮਾਲਿਨ ਦੇ ਘੋਲ ਵਿੱਚ ਡੋਬਾ ਦਿੱਤਾ ਜਾ ਸਕਦਾ ਹੈ।
ਵਾਤਾਵਰਨ ਵਿੱਚ ਨਮੀ ਵਧਣ ਕਾਰਨ ਪਸ਼ੂਆਂ ਨੂੰ ਗਲਘੋਟੂ ਦੀ ਬਿਮਾਰੀ ਅਤੇ ਥਨੈਲਾ ਰੋਗ ਵੀ ਹੋ ਸਕਦਾ ਹੈ। ਲੰਪੀ ਚਮੜੀ ਰੋਗ ਅਤੇ ਗਲਘੋਟੂ ਤੋਂ ਬਚਾਉਣ ਲਈ ਪਸ਼ੂਆਂ ਦਾ ਟੀਕਾਕਰਨ ਕਰਵਾਉਣਾ ਜ਼ਰੂਰੀ ਹੈ। ਥਨੈਲਾ ਤੋਂ ਬਚਾਅ ਲਈ ਚੁਆਈ ਤੋਂ ਬਾਅਦ ਥਣਾਂ ਨੂੰ ਬੀਟਾਡੀਨ ਅਤੇ ਗਲਿਸਰੀਨ ਦੇ 3:1 ਹਿੱਸਿਆਂ ਦੇ ਘੋਲ ਵਿੱਚ ਡੋਬਾ ਦੇਣਾ ਚਾਹੀਦਾ ਹੈ।
ਵਾਤਾਵਰਨ ਵਿਚਲੀ ਸਿੱਲ੍ਹ ਕਾਰਨ ਪਸ਼ੂਆਂ ਦੀ ਖੁਰਾਕ/ ਦਾਣੇ ਅਤੇ ਤੂੜੀ ਆਦਿ ਨੂੰ ਉੱਲੀ ਲੱਗਣ ਕਾਰਨ, ਪਸ਼ੂਆਂ ਨੂੰ ਉੱਲੀ ਦਾ ਜ਼ਹਿਰਬਾਦ ਹੋ ਸਕਦਾ ਹੈ। ਪਸ਼ੂਆਂ ਦੀ ਖੁਰਾਕ ਨੂੰ ਸਿੱਲ੍ਹ ਤੋਂ ਬਚਾੳਣ ਲਈ ਸੁੱਕੀ ਜਗ੍ਹਾ ਰੱਖੋ। ਪੱਠੇ ਅਤੇ ਖੁਰਾਕ ਦੀ ਕਮੀ ਕਾਰਨ ਪਸ਼ੂਆਂ ਦਾ ਰੱਖਿਆ-ਤੰਤਰ ਕਮਜ਼ੋਰ ਪੈ ਸਕਦਾ ਹੈ। ਪਸ਼ੂਆਂ ਦੀ ਰੋਗਾਂ ਨਾਲ ਲੜਨ ਦੀ ਤਾਕਤ ਅਤੇ ਸਰੀਰ ਨੂੰ ਮਜ਼ਬੂਤ ਕਰਨ ਲਈ ਵਿਟਾਮਿਨ ਦੀ ਖੁਰਾਕ ਦੀ ਵਰਤੋਂ ਕੀਤੀ ਜਾ ਸਕਦੀ ਹੈ। 
ਪਸ਼ੂਆਂ ਵਿੱਚ ਧਾਤਾਂ ਦੇ ਚੂਰੇ ਦੀ ਵਰਤੋਂ ਇਹਨਾਂ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ। ਚਾਰੇ ਅਤੇ ਖੁਰਾਕ ਦੀ ਕਮੀ ਦੀ ਸੂਰਤ ਵਿੱਚ 1 ਕੁਇੰਟਲ ਪਰਾਲੀ ਨੂੰ 30 ਲੀਟਰ ਪਾਣੀ, 3 ਕਿੱਲੋ ਸ਼ੀਰਾ ਅਤੇ 1 ਕਿੱਲੋ ਯੂਰੀਆ ਦੇ ਘੋਲ ਨਾਲ ਸੋਧ ਕੇ ਪਸ਼ੂਆਂ ਨੂੰ ਖਵਾਇਆ ਜਾ ਸਕਦਾ ਹੈ।
ਪਸ਼ੂ ਪਾਲਕ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਯੂਨੀਵਰਸਿਟੀ ਵਿਖੇ 62832-58834 ਅਤੇ 62832-97919 ’ਤੇ ਸੰਪਰਕ ਕਰ ਸਕਦੇ ਹਨ।