ਵੈਟਨਰੀ ਯੂਨੀਵਰਸਿਟੀ ਵਲੋਂ ਮੁੱਖ ਮੰਤਰੀ ਸਨਮਾਨ ਲਈ ਅਰਜ਼ੀਆਂ ਦੀ ਮੰਗ

ਲੁਧਿਆਣਾ-08-ਜਨਵਰੀ 2026:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਸ਼ੂ ਪਾਲਣ ਕਿੱਤਿਆਂ ਵਿੱਚ ਪ੍ਰਗਤੀਸ਼ੀਲ ਕਿਸਾਨਾਂ ਨੂੰ ਇਸ ਵਰ੍ਹੇ ਮੁੱਖ ਮੰਤਰੀ ਇਨਾਮ ਦੇਣ ਲਈ 06 ਫਰਵਰੀ 2026 ਤੱਕ ਅਰਜ਼ੀਆਂ ਲੈਣ ਦੀ ਮਿਤੀ ਨਿਰਧਾਰਿਤ ਕੀਤੀ ਗਈ ਹੈ।
          ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਦੱਸਿਆ ਕਿ ਇਹ ਇਨਾਮ ਪਸ਼ੂ ਪਾਲਣ ਦੇ ਖੇਤਰ ਵਿਚ ਮੱਝਾਂ ਪਾਲਣ, ਮੱਛੀ ਪਾਲਣ, ਸੂਰ ਪਾਲਣ ਅਤੇ ਬੱਕਰੀ ਪਾਲਣ ਵਾਲੇ ਪ੍ਰਗਤੀਸ਼ੀਲ ਕਿਸਾਨਾਂ ਨੂੰ 20 ਅਤੇ 21 ਮਾਰਚ 2026 ਨੂੰ ਹੋਣ ਵਾਲੇ ਪਸ਼ੂ ਪਾਲਣ ਮੇਲੇੇ ਵਿਚ ਦਿੱਤਾ ਜਾਏਗਾ। ਇਨ੍ਹਾਂ ਇਨਾਮਾਂ ਵਿਚ ਨਕਦ ਰਾਸ਼ੀ ਅਤੇ ਸਨਮਾਨ ਪੱਤਰ ਭੇਟ ਕੀਤੇ ਜਾਣਗੇ।
          ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਕਿਸਾਨ ਬਿਨੈ ਪੱਤਰ ਫਾਰਮ ਪ੍ਰਾਪਤ ਕਰਨ ਲਈ ਨਿਰਦੇਸ਼ਕ ਪਸਾਰ ਸਿੱਖਿਆ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਤੋਂ ਇਲਾਵਾ ਆਪਣੇ ਜ਼ਿਲੇ ਦੇ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ। 
ਇਸ ਤੋਂ ਇਲਾਵਾ ਨਿਰਧਾਰਤ ਪ੍ਰੋਫਾਰਮੇ ਲਿੰਕ - https://www.gadvasu.in/notices/12286  ਤੋਂ ਵੀ ਡਾਊਨਲੋਡ ਕੀਤੇ ਜਾ ਸਕਦੇ ਹਨ। ਪਸ਼ੂ ਪਾਲਕ ਆਪਣੇ ਬਿਨੈ ਪੱਤਰ ਨਿਰਦੇਸ਼ਕ ਪਸਾਰ ਸਿੱਖਿਆ ਦੇ ਦਫਤਰ ਵਿੱਚ ਪੂਰੇ ਵੇਰਵੇ ਸਹਿਤ (ਆਪਣਾ ਤਜਰਬਾ ਅਤੇ ਆਪਣੇ ਫਾਰਮ ਦੀਆਂ ਫੋਟੋਆਂ ਆਦਿ ਸਮੇਤ) 06-02-2026 ਤੱਕ ਭਰ ਕੇ ਪਹੁੰਚਾਉਣ ਦੀ ਕ੍ਰਿਪਾਲਤਾ ਕਰਨ।
          ਡਾ. ਗਰੇਵਾਲ ਨੇ ਕਿਹਾ ਕਿ ਪ੍ਰਾਪਤ ਅਰਜ਼ੀਆਂ ਦੀ ਮੁਢਲੀ ਜਾਂਚ ਪੜਤਾਲ ਤੋਂ ਬਾਅਦ ਯੂਨੀਵਰਸਿਟੀ ਦੇ ਮਾਹਿਰਾਂ ਦੀ ਟੀਮ ਫਾਰਮਾਂ ਦਾ ਦੌਰਾ ਕਰਕੇ ਵੱਖ-ਵੱਖ ਫਾਰਮਾਂ `ਤੇ ਅਪਣਾਈਆਂ ਜਾਣ ਵਾਲੀਆਂ ਅਤੇ ਕਿਸਾਨ ਵੀਰਾਂ ਵੱਲੋਂ ਆਪਣੇ ਤੌਰ `ਤੇ ਵਿਕਸਿਤ ਨਵੀਨਤਮ ਤਕਨੀਕਾਂ ਦਾ ਬਾਰੀਕੀ ਨਾਲ ਮੁਲਾਂਕਣ ਕਰੇਗੀ। ਉਨ੍ਹਾਂ ਇਹ ਵੀ ਉਮੀਦ ਜਤਾਈ ਕਿ ਅਜਿਹੇ ਪੁਰਸਕਾਰ ਪਸ਼ੂ ਪਾਲਣ ਨਾਲ ਸਬੰਧਿਤ ਕਿੱਤਿਆਂ ਨੂੰ ਅਪਨਾਉਣ ਲਈ ਪੇਂਡੂ ਵੀਰਾਂ ਤੇ ਬੀਬੀਆਂ ਨੂੰ ਪ੍ਰੇਰਿਤ ਕਰਨਗੇ। 
ਇਸ ਨਾਲ ਨੌਜਵਾਨਾਂ ਨੂੰ ਬਿਹਤਰ ਰੁਜ਼ਗਾਰ ਵੀ ਮਿਲੇਗਾ, ਰਵਾਇਤੀ ਖੇਤੀ ਵਿੱਚ ਵੰਨ-ਸੁਵੰਨਤਾ ਆਵੇਗੀ ਤੇ ਪੇਂਡੂ ਲੋਕਾਂ ਦਾ ਸਮਾਜਕ ਅਤੇ ਆਰਥਿਕ ਜੀਵਨ ਨਿਰਵਾਹ ਹੋਰ ਸੁਚੱਜਾ ਹੋਵੇਗਾ।ਉਨ੍ਹਾਂ ਕਿਹਾ ਕਿ ਚਾਹਵਾਨ ਪਸ਼ੂ ਪਾਲਕ ਸਮੇਂ ਸਿਰ ਬਿਨੈ ਪੱਤਰ ਭੇਜਣ ਦੀ ਖੇਚਲ ਕਰਨ।