ਵੈਟਨਰੀ ਯੂਨੀਵਰਸਿਟੀ ਨੇ ਊਠਾਂ ਸੰਬੰਧੀ ਰਾਸ਼ਟਰੀ ਖੋਜ ਸੰਸਥਾ ਨਾਲ ਕੀਤਾ ਸਮਝੌਤਾ
ਲੁਧਿਆਣਾ 31 ਦਸੰਬਰ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਊਠਾਂ ਸੰਬੰਧੀ ਰਾਸ਼ਟਰੀ ਖੋਜ ਸੰਸਥਾ, ਬੀਕਾਨੇਰ ਨਾਲ ਇੱਕ ਸਮਝੌਤਾ ਪੱਤਰ 'ਤੇ ਹਸਤਾਖ਼ਰ ਕੀਤੇ ਤਾਂ ਜੋ ਪਸ਼ੂ ਪਾਲਣ ਅਤੇ ਵੈਟਨਰੀ ਵਿਗਿਆਨ ਦੇ ਵੱਖ-ਵੱਖ ਵਿਸ਼ਿਆਂ ਵਿੱਚ ਖੋਜ ਅਤੇ ਸਿਖਲਾਈ ਦੀ ਪ੍ਰਗਤੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਸਮਝੌਤੇ 'ਤੇ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਖੋਜ ਅਤੇ ਡਾ. ਅਨਿਲ ਕੁਮਾਰ ਪੂਨੀਆ, ਨਿਰਦੇਸ਼ਕ, ਊਠਾਂ ਸੰਬੰਧੀ ਰਾਸ਼ਟਰੀ ਖੋਜ ਸੰਸਥਾ ਨੇ ਡਾ ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਦੀ ਮੌਜੂਦਗੀ ਵਿੱਚ ਹਸਤਾਖ਼ਰ ਕੀਤੇ।
ਡਾ. ਗਿੱਲ ਨੇ ਦੋਵਾਂ ਟੀਮਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਮਝੌਤਾ ਵਿਗਿਆਨਕ ਨਵੀਨਤਾ ਅਤੇ ਨਵੇਂ ਉਪਰਾਲਿਆਂ ਰਾਹੀਂ ਪਸ਼ੂ ਸਿਹਤ ਅਤੇ ਉਤਪਾਦਨ ਵਿੱਚ ਵਿਹਾਰਕ ਚੁਣੌਤੀਆਂ ਦਾ ਹੱਲ ਕਰਨ ਲਈ ਅਕਾਦਮਿਕ ਭਾਈਵਾਲੀ ਦੀ ਇੱਕ ਸ਼ਾਨਦਾਰ ਉਦਾਹਰਣ ਹੈ।
ਡਾ. ਅਨਿਲ ਕੁਮਾਰ ਪੂਨੀਆ ਨੇ ਦੱਸਿਆ ਕਿ ਇਹ ਸੰਸਥਾ ਦੇਸ਼ ਭਰ ਵਿੱਚ ਊਠਾਂ ਦੀ ਸੰਭਾਲ, ਪ੍ਰਜਣਨ ਅਤੇ ਪ੍ਸਾਰ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਯੂਨੀਵਰਸਿਟੀ ਨਾਲ ਖੋਜ ਅਤੇ ਤਕਨੀਕੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਤਾਂਘਵਾਨ ਹੈ। ਇਸ ਮੌਕੇ ਯੂਨੀਵਰਸਿਟੀ ਦੇ ਡੀਨ, ਡਾਇਰੈਕਟਰ, ਵਿਗਿਆਨੀ ਅਤੇ ਰਾਸ਼ਟਰੀ ਸੰਸਥਾ ਦੇ ਅਧਿਕਾਰੀ ਮੌਜੂਦ ਸਨ।
ਇਹ ਸਮਝੌਤਾ ਸਾਂਝੇ ਤੌਰ 'ਤੇ ਵਿਕਸਿਤ ਕੀਤੀਆਂ ਜਾਣ ਵਾਲੀਆਂ ਕਾਰਜ ਯੋਜਨਾਵਾਂ ਦੀ ਕਾਰਜਸ਼ੀਲਤਾ ਨਾਲ ਲਾਗੂ ਕੀਤਾ ਜਾਵੇਗਾ। ਦੋਵੇਂ ਸੰਸਥਾਵਾਂ ਵਿਗਿਆਨੀਆਂ, ਵਿਦਿਆਰਥੀਆਂ ਅਤੇ ਤਕਨੀਕੀ ਮਾਹਿਰਾਂ ਦੇ ਆਦਾਨ-ਪ੍ਰਦਾਨ ਦੁਆਰਾ ਅਤੇ ਸਹਿਯੋਗੀ ਖੋਜ ਪ੍ਰੋਜੈਕਟਾਂ ਦੇ ਵਿਕਾਸ ਨਾਲ ਇਸ ਖੇਤਰ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਸਹਿਮਤ ਹੋਈਆਂ ਹਨ।
