ਵੈਟਨਰੀ ਯੂਨੀਵਰਸਿਟੀ ਨੇ ਐਡੀਸੀਓ ਐਨੀਮਲ ਨਿਊਟ੍ਰੀਸ਼ਨ ਇੰਡੀਆ ਨਾਲ ਕੀਤਾ ਇਕਰਾਰਨਾਮਾ

ਲੁਧਿਆਣਾ 06 ਨਵੰਬਰ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਐਡੀਸੀਓ ਐਨੀਮਲ ਨਿਊਟ੍ਰੀਸ਼ਨ ਇੰਡੀਆ ਪ੍ਰਾ. ਲਿਮ. ਨਾਲ ਸਾਂਝੇ ਤੌਰ ’ਤੇ ਖੋਜ ਕਰਨ ਸੰਬੰਧੀ ਇਕਰਾਰਨਾਮੇ ’ਤੇ ਦਸਤਖ਼ਤ ਕੀਤੇ ਹਨ। ਇਸ ਸਮਝੌਤੇ ਤਹਿਤ ‘ਹੋਲਸੀਟੀਅਨ-ਫ਼ਰੇਜ਼ੀਅਨ ਦੋਗਲੀ ਨਸਲ ਦੀਆਂ ਗਾਵਾਂ ਦੇ ਦੁੱਧ ਵਿੱਚ ਪਾਏ ਜਾਂਦੇ ਤੱਤਾਂ ਸੰਬੰਧੀ ਖੁਰਾਕ ਦੇ ਪ੍ਰਭਾਵ’ ਬਾਰੇ ਖੋਜ ਕੀਤੀ ਜਾਵੇਗੀ। ਇਸ ਸਮਝੌਤੇ ’ਤੇ ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਖੋਜ ਅਤੇ ਐਡੀਸੀਓ ਐਨੀਮਲ ਨਿਊਟ੍ਰੀਸ਼ਨ ਇੰਡੀਆ ਦੇ ਵਪਾਰ ਨਿਰਦੇਸ਼ਕ ਡਾ. ਤਰੁਣ ਪਾਲ ਨੇ ਦਸਤਖ਼ਤ ਕੀਤੇ।
          ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਸੰਤੁਲਿਤ ਪੌਸ਼ਟਿਕ ਖੁਰਾਕ ਡੇਅਰੀ ਪਸ਼ੂਆਂ ਦੀ ਉਤਪਾਦਕਤਾ ਵਧਾਉਣ ਦੇ ਨਾਲ ਗੁਣਵੱਤਾ ਬਿਹਤਰ ਕਰਨ ਅਤੇ ਪਸ਼ੂ ਸਿਹਤ ਲਈ ਬਹੁਤ ਲੋੜੀਂਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਉਦਯੋਗ ਅਤੇ ਅਕਾਦਮਿਕ ਸਹਿਯੋਗ ਦੀ ਚੰਗੀ ਉਦਾਹਰਣ ਪੇਸ਼ ਹੋਵੇਗੀ ਅਤੇ ਪਸ਼ੂ ਖੁਰਾਕ ਦੀ ਬਿਹਤਰੀ ਸੰਬੰਧੀ ਆਉਂਦੀਆਂ ਚੁਣੌਤੀਆਂ ਨੂੰ ਹੱਲ ਕੀਤਾ ਜਾਵੇਗਾ। ਡਾ. ਤਰੁਣ ਪਾਲ ਨੇ ਕਿਹਾ ਕਿ ਸਾਡਾ ਅਦਾਰਾ ਪਸ਼ੂਧਨ ਖੇਤਰ ਵਿੱਚ ਵਿਗਿਆਨਕ ਲੀਹਾਂ ’ਤੇ ਤਿਆਰ ਉੱਤਮ ਉਤਪਾਦ ਦੇ ਕੇ ਪਸ਼ੂਧਨ ਸਿਹਤ ਅਤੇ ਇਸ ਖੇਤਰ ਦਾ ਉਤਪਾਦਨ ਵਧਾਉਣ ਲਈ ਵਚਨਬੱਧ ਹੈ।
          ਡਾ.  ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਖੋਜ ਨੇ ਦੋਨਾਂ ਧਿਰਾਂ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਅਜਿਹੇ ਸਹਿਯੋਗ ਨਾਲ ਅਸੀਂ ਖੁਰਾਕ ਸੰਬੰਧੀ ਢੁੱਕਵੀਆਂ ਖੋਜਾਂ ਕਰਕੇ ਪਸ਼ੂ ਪਾਲਕਾਂ ਦੇ ਹਿਤ ਵਿੱਚ ਬਹੁਤ ਕੁਝ ਨਵਾਂ ਕਰ ਸਕਦੇ ਹਾਂ। ਡਾ. ਜਸਪਾਲ ਸਿੰਘ ਹੁੰਦਲ, ਮੁਖੀ, ਪਸ਼ੂ ਆਹਾਰ ਵਿਭਾਗ ਨੇ ਕਿਹਾ ਕਿ ਪਸ਼ੂਆਂ ਦੀ ਖੁਰਾਕ ਵਿੱਚ ਕੋਈ ਵੀ ਸਮਝੌਤਾ ਕਰਨਾ ਨੁਕਸਾਨਦਾਈ ਹੋ ਸਕਦਾ ਹੈ ਇਸ ਲਈ ਅਜਿਹੀਆਂ ਖੋਜਾਂ ਪਸ਼ੂ ਖੁਰਾਕ ਦੇ ਖੇਤਰ ਵਿੱਚ ਨਵਾਂ ਪੰਨਾ ਲਿਖ ਸਕਦੀਆਂ ਹਨ।
 ਡਾ. ਸੰਦੀਪ ਉਨਿਆਲ, ਮੁੱਖ ਨਿਰੀਖਕ, ਖੋਜ ਪ੍ਰਾਜੈਕਟ ਨੇ ਕਿਹਾ ਕਿ ਖੋਜ ਦੀਆਂ ਸਾਰੀਆਂ ਲੱਭਤਾਂ ਨੂੰ ਸਿਲਸਿਲੇਵਾਰ ਪੜਚੋਲਿਆ ਜਾਏਗਾ ਅਤੇ ਉਸ ਦੀ ਪ੍ਰਸੰਗਿਕਤਾ ਨੂੰ ਵਿਚਾਰਿਆ ਜਾਵੇਗਾ।ਸ. ਦਲਜੀਤ ਸਿੰਘ ਸਦਰਪੁਰ, ਪ੍ਰਧਾਨ, ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਅਤੇ ਸ਼੍ਰੀ ਮੁਨੀਸ਼ ਸ਼ਰਮਾ ਨੇ ਇਸ ਭਾਈਵਾਲੀ ਦੀ ਸ਼ਲਾਘਾ ਕੀਤੀ।
          ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਇਸ ਖੋਜ ਦੀਆਂ ਲੱਭਤਾਂ ਨੂੰ ਵਿਭਿੰਨ ਪਸਾਰ ਮੰਚਾਂ ਰਾਹੀਂ ਪਸ਼ੂ ਪਾਲਕਾਂ ਦੀ ਪਹੁੰਚ ਵਿੱਚ ਲਿਆਂਦਾ ਜਾਏਗਾ। ਇਹ ਸਮਝੌਤਾ ਇਹ ਨਿਸ਼ਚਿਤ ਕਰਦਾ ਹੈ ਕਿ ਯੂਨੀਵਰਸਿਟੀ ਕਿਸਾਨਾਂ ਦੇ ਹਿੱਤਾਂ ਲਈ ਲਗਾਤਾਰ ਯਤਨਸ਼ੀਲ ਹੈ। ਇਸ ਸਮਝੌਤੇ ਮੌਕੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਨਾਲ ਇਕਰਾਰਨਾਮੇ ਵਾਲੀ ਕੰਪਨੀ ਦੇ ਅਧਿਕਾਰੀ ਵੀ ਮੌਜੂਦ ਸਨ।