ਵੈਟਨਰੀ ਯੂਨੀਵਰਸਿਟੀ ਨੇ ਬੱਕਰੀ ਦੇ ਪਨੀਰ ਉਤਪਾਦਨ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਲਈ ਕੀਤਾ ਇਕਰਾਰਨਾਮਾ
ਲੁਧਿਆਣਾ, 17 ਨਵੰਬਰ, 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਪੰਜਾਬ ਵਿੱਚ ਬੱਕਰੀ ਦੇ ਦੁੱਧ ਵਾਲੇ ਪਨੀਰ (ਛੇਵਰੇ) ਦੇ ਵਿਕਾਸ ਅਤੇ ਪ੍ਰਚਾਰ ਲਈ ਗ੍ਰੀਨ ਪਾਕੇਟਸ ਪ੍ਰਾ. ਲਿਮ. ਨਾਲ ਇੱਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ।
ਇਸ ਸਮਝੌਤੇ 'ਤੇ ਗ੍ਰੀਨ ਪਾਕੇਟਸ ਪ੍ਰਾ. ਲਿਮ. ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀ ਭੁਪਿੰਦਰ ਸਿੰਘ ਬਰਾੜ ਅਤੇ ਵੈਟਨਰੀ ਯੂਨੀਵਰਸਿਟੀ ਦੇ ਖੋਜ ਨਿਰਦੇਸ਼ਕ ਡਾ. ਪਰਕਾਸ਼ ਸਿੰਘ ਬਰਾੜ ਨੇ ਹਸਤਾਖ਼ਰ ਕੀਤੇ। ਇਸ ਇਕਰਾਰਨਾਮੇ 'ਤੇ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ , ਡਾ. ਐਸ. ਕੇ. ਉੱਪਲ, ਡੀਨ, ਕਾਲਜ ਆਫ਼ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ, ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹਸਤਾਖ਼ਰ ਕੀਤੇ ਗਏ।
ਇਸ ਸਮਝੌਤੇ ਤਹਿਤ, ਯੂਨੀਵਰਸਿਟੀ ਆਪਣੇ ਕਾਲਜ ਆਫ਼ ਡੇਅਰੀ ਐਂਡ ਫੂਡ ਸਾਇੰਸ ਟੈਕਨਾਲੋਜੀ ਰਾਹੀਂ ਤਕਨੀਕੀ ਜਾਣਕਾਰੀ, ਹੱਥੀਂ ਸਿਖਲਾਈ, ਸਲਾਹ-ਮਸ਼ਵਰਾ ਅਤੇ ਇੱਕ ਸਾਲ ਦੀ ਇਨਕਿਊਬੇਸ਼ਨ ਸਹਾਇਤਾ ਪ੍ਰਦਾਨ ਕਰੇਗੀ। ਇਸ ਸਹਿਯੋਗ ਦਾ ਉਦੇਸ਼ 'ਸ਼ੇਵਰ ਪਨੀਰ' ਬਣਾਉਣ ਨੂੰ ਉਤਸ਼ਾਹਿਤ ਕਰਨਾ, ਬੱਕਰੀ ਦੇ ਦੁੱਧ ਦੀ ਪ੍ਰਾਸੈਸਿੰਗ ਵਿੱਚ ਉੱਦਮਤਾ ਨੂੰ ਹੁਲਾਰਾ ਦੇਣਾ ਅਤੇ ਪੰਜਾਬ ਵਿੱਚ ਜੀਵਨ - ਯਾਪਨ ਵਿਭਿੰਨਤਾ ਲਈ ਬੱਕਰੀ ਪਾਲਕਾਂ ਨੂੰ ਗੁਣਵੱਤਾ ਭਰਪੂਰ ਉਤਪਾਦਾਂ ਦੀ ਮੰਡੀ ਦੇ ਮੌਕੇ ਪ੍ਰਦਾਨ ਕਰਨਾ ਹੈ।
ਡਾ. ਗਿੱਲ ਨੇ ਇਸ ਪਹਿਲਕਦਮੀ ਲਈ ਟੀਮ ਨੂੰ ਵਧਾਈ ਦਿੱਤੀ ਅਤੇ ਪੰਜਾਬ ਦੇ ਪਸ਼ੂਧਨ ਖੇਤਰ ਨੂੰ ਵਿਭਿੰਨਤਾ ਮੁਖੀ ਬਣਾਉਣ ਵਿੱਚ ਬੱਕਰੀ ਉੱਦਮੀਆਂ ਦੀ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ, "ਇਹ ਸਹਿਯੋਗ ਵਿਗਿਆਨਕ ਨਵੀਨਤਾ ਨੂੰ ਉੱਦਮਤਾ ਨਾਲ ਜੋੜਨ ਲਈ 'ਵਰਸਿਟੀ ਦੇ ਨਿਰੰਤਰ ਯਤਨਾਂ ਨੂੰ ਦਰਸਾਉਂਦਾ ਹੈ। ਬੱਕਰੀ ਪਨੀਰ ਵਿੱਚ ਘਰੇਲੂ ਮੰਡੀ ਅਤੇ ਬਰਾਮਦ ਦੀਆਂ ਅਪਾਰ ਸੰਭਾਵਨਾਵਾਂ ਹਨ ਅਤੇ ਇਹ ਪਹਿਲ ਕਿਸਾਨਾਂ ਅਤੇ ਪਸ਼ੂਧਨ ਉੱਦਮੀਆਂ ਲਈ ਨਵੇਂ ਮੌਕੇ ਖੋਲ੍ਹੇਗੀ।
ਡਾ. ਗਰੇਵਾਲ ਨੇ ਪੂਰਨ ਸੰਸਥਾਗਤ ਸਹਾਇਤਾ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਯੂਨੀਵਰਸਿਟੀ ਸਿਖਲਾਈ ਅਤੇ ਉਸ ਦੇ ਬਾਦ ਪੂਰਨ ਸਹਿਯੋਗ ਅਤੇ ਮਾਹਰ ਮਾਰਗਦਰਸ਼ਨ ਪ੍ਰਦਾਨ ਕਰਨਾ ਜਾਰੀ ਰੱਖੇਗੀ।
ਡਾ. ਉੱਪਲ ਨੇ ਕਿਹਾ ਕਿ ਇਹ ਪਹਿਲਕਦਮੀ ਯੂਨੀਵਰਸਿਟੀ ਦੇ ਪਸ਼ੂਧਨ ਉਦਯੋਗ ਵਿੱਚ ਗੁਣਵੱਤਾ ਭਰਪੂਰ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਅਤੇ ਹੁਨਰਮੰਦ ਮਨੁੱਖੀ ਸ਼ਕਤੀ ਵਿਕਸਤ ਕਰਨ ਦੇ ਉਦੇਸ਼ ਨਾਲ ਜੁੜੀ ਹੋਈ ਹੈ।
ਸ਼੍ਰੀ ਭੁਪਿੰਦਰ ਸਿੰਘ ਬਰਾੜ ਨੇ 'ਵਰਸਿਟੀ ਦੇ ਸਹਿਯੋਗ ਅਤੇ ਤਕਨੀਕੀ ਸਹਾਇਤਾ ਦੀ ਸਰਾਹਨਾ ਕੀਤੀ। ਯੂਨੀਵਰਸਿਟੀ ਦੇ ਮਾਰਗਦਰਸ਼ਨ ਨਾਲ, ਗ੍ਰੀਨ ਪਾਕੇਟਸ ਪ੍ਰਾ. ਲਿਮ. ਦਾ ਉਦੇਸ਼ ਅੰਤਰਰਾਸ਼ਟਰੀ ਪੱਧਰ 'ਤੇ ਵਧੀਆ ਬੱਕਰੀ ਪਨੀਰ ਪੈਦਾ ਕਰਨਾ ਅਤੇ ਰਾਜ ਵਿੱਚ ਬੱਕਰੀ ਪਾਲਕਾਂ ਲਈ ਰੋਜ਼ੀ-ਰੋਟੀ ਦੇ ਮੌਕੇ ਪੈਦਾ ਕਰਨਾ ਹੈ।
