ਵੈਟਨਰੀ ਯੂਨੀਵਰਸਿਟੀ ਨੇ ਆਜ਼ਾਦੀ ਦਿਵਸ ਤੇ ਸ਼ਾਨਦਾਰ ਪ੍ਰਾਪਤੀਆਂ ਸਾਂਝੀਆਂ ਕੀਤੀਆਂ
ਲੁਧਿਆਣਾ, 15 ਅਗਸਤ 2026:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ 80ਵਾਂ ਆਜ਼ਾਦੀ ਦਿਵਸ ਬਹੁਤ ਹੀ ਉਤਸ਼ਾਹ ਵਾਲੇ ਮਾਹੌਲ ਵਿੱਚ ਮਨਾਇਆ ਗਿਆ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਆਜ਼ਾਦੀ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਦੇਸ਼ ਭਗਤਾਂ ਅਤੇ ਨਾਇਕਾਂ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਯੋਧਿਆਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ।
ਆਪਣੇ ਸੰਬੋਧਨ ਵਿੱਚ ਡਾ. ਗਿੱਲ ਨੇ ਸਿੱਖਿਆ, ਖੋਜ, ਨਵੀਨਤਾ, ਕਲੀਨੀਕਲ ਸੇਵਾਵਾਂ, ਪਸਾਰ ਸਿੱਖਿਆ, ਵਿਦਿਆਰਥੀ ਵਿਕਾਸ ਅਤੇ ਬੁਨਿਆਦੀ ਢਾਂਚੇ ਦੇ ਵਿਸਥਾਰ ਵਿੱਚ ਮਹੱਤਵਪੂਰਨ ਪ੍ਰਾਪਤੀਆਂ 'ਤੇ ਚਰਚਾ ਕੀਤੀ।
ਇਸ ਵਰੇ ਵੀ ਯੂਨੀਵਰਸਿਟੀ ਨੇ ਆਪਣੀ ਅਕਾਦਮਿਕ ਉੱਤਮਤਾ ਨੂੰ ਮਜ਼ਬੂਤ ਕਰਨਾ ਜਾਰੀ ਰੱਖਿਆ, ਗ੍ਰੈਜੂਏਟਾਂ ਨੇ ਸਰਕਾਰੀ ਅਤੇ ਕਾਰਪੋਰੇਟ ਖੇਤਰਾਂ ਵਿੱਚ ਪਲੇਸਮੈਂਟ ਪ੍ਰਾਪਤ ਕੀਤੀ, ਜਦੋਂ ਕਿ ਕਈ ਵਿਦਿਆਰਥੀਆਂ ਨੇ ਨਾਮਵਰ ਅੰਤਰਰਾਸ਼ਟਰੀ ਸੰਸਥਾਵਾਂ ਵਿੱਚ ਉੱਚ ਸਿੱਖਿਆ ਪ੍ਰਾਪਤ ਕੀਤੀ। ਵਿਦਿਅਕ ਮੋਬਾਈਲ ਐਪਲੀਕੇਸ਼ਨਾਂ, ਏਆਈ-ਅਧਾਰਤ ਚੈਟਬੋਟਸ, ਉੱਨਤ ਕੀਤੀਆਂ ਪ੍ਰਯੋਗਸ਼ਾਲਾਵਾਂ, ਅੰਤਰਰਾਸ਼ਟਰੀ ਸਹਿਯੋਗ, ਘੋੜਿਆਂ ਲਈ ਪ੍ਰਯੋਗਸ਼ਾਲਾ ਦੀ ਸਥਾਪਨਾ ਅਤੇ TEDxGADVASU ਦੇ ਸਫਲ ਆਯੋਜਨ ਵਰਗੀਆਂ ਨਵੀਨਕਾਰੀ ਪਹਿਲਕਦਮੀਆਂ ਨੇ ਸਿੱਖਿਆ ਵਿੱਚ ਨਵੇਂ ਪਹਿਲੂ ਸ਼ਾਮਲ ਕੀਤੇ।
ਬਾਹਰੀ ਫੰਡ ਪ੍ਰਾਪਤ 20 ਨਵੇਂ ਪ੍ਰੋਜੈਕਟਾਂ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਹਿਯੋਗ, ਤਿੰਨ ਪੇਟੈਂਟ ਅਤੇ ਏਆਈ-ਸੰਚਾਲਿਤ ਵਨ ਹੈਲਥ ਪਹਿਲਕਦਮੀਆਂ ਰਾਹੀਂ ਖੋਜ ਅਤੇ ਨਵੀਨਤਾ ਨੂੰ ਵੱਡਾ ਹੁਲਾਰਾ ਮਿਲਿਆ। ਯੂਨੀਵਰਸਿਟੀ ਨੇ ਡੇਅਰੀ ਪ੍ਰੀਮਿਕਸ, ਵਿਸ਼ੇਸ਼ ਵਿਭਿੰਨ ਕਿਸਮ ਦੇ ਚੀਜ਼, ਬੱਕਰੀ ਦੇ ਦੁੱਧ ਉਤਪਾਦ ਅਤੇ ਪਸ਼ੂ ਫੀਡ ਨਵੀਨਤਾਵਾਂ ਸਮੇਤ ਕਈ ਤਕਨਾਲੋਜੀਆਂ ਦਾ ਸਫਲਤਾਪੂਰਵਕ ਮੰਡੀਕਰਨ ਸ਼ੁਰੂ ਕੀਤਾ। ਅੰਤਰਰਾਸ਼ਟਰੀ ਗੋਸ਼ਟੀਆਂ ਅਤੇ ਸਹਿਯੋਗੀ ਖੋਜ ਪ੍ਰੋਗਰਾਮਾਂ ਰਾਹੀਂ ਵਿਗਿਆਨਕ ਪਹੁੰਚ ਨੂੰ ਹੋਰ ਵਧਾਇਆ ਗਿਆ।
ਵੈਟਨਰੀ ਸਿਹਤ ਸੰਭਾਲ ਅਤੇ ਪਸ਼ੂ ਵਿਕਾਸ ਦੇ ਖੇਤਰਾਂ ਵਿੱਚ, ਯੂਨੀਵਰਸਿਟੀ ਨੇ 55,000 ਤੋਂ ਵੱਧ ਜਾਨਵਰਾਂ ਦਾ ਇਲਾਜ ਕੀਤਾ ਅਤੇ 59,000 ਤੋਂ ਵੱਧ ਨਿਰੀਖਣ ਨਮੂਨਿਆਂ ਦੀ ਜਾਂਚ ਕੀਤੀ। ਪਸ਼ੂ ਫਾਰਮਾਂ ਵਿੱਚ ਦੁੱਧ ਉਤਪਾਦਨ ਵਧਾ ਕੇ, ਮੌਤ ਦਰ ਘਟਾਉਣ ਅਤੇ ਵਧੇ ਹੋਏ ਮਸ਼ੀਨੀਕਰਨ ਰਾਹੀਂ ਮਹੱਤਵਪੂਰਨ ਸੁਧਾਰ ਦਰਜ ਕੀਤੇ ਗਏ। ਵਿਆਪਕ ਪਸਾਰ ਪ੍ਰੋਗਰਾਮਾਂ, ਸਿਖਲਾਈ ਕੋਰਸਾਂ, ਪਸ਼ੂ ਪਾਲਣ ਮੇਲਿਆਂ ਅਤੇ ਪਿੰਡਾਂ ਤਕ ਪਹੁੰਚ ਗਤੀਵਿਧੀਆਂ ਰਾਹੀਂ ਹਜ਼ਾਰਾਂ ਕਿਸਾਨਾਂ ਅਤੇ ਪੇਂਡੂ ਨੌਜਵਾਨਾਂ ਨੂੰ ਲਾਭ ਪਹੁੰਚਾਇਆ ਗਿਆ ।
ਅਧਿਆਪਕਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ 140 ਪੁਰਸਕਾਰ, ਸਨਮਾਨ ਅਤੇ ਫੈਲੋਸ਼ਿਪ ਪ੍ਰਾਪਤ ਕਰਕੇ ਯੂਨੀਵਰਸਿਟੀ ਦਾ ਨਾਮ ਰੋਸ਼ਨ ਕੀਤਾ। ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਿਗਿਆਨਕ ਪੇਸ਼ਕਾਰੀਆਂ, ਖੋਜ ਪੱਤਰਾਂ ਅਤੇ ਪੋਸਟਰ ਮੁਕਾਬਲਿਆਂ ਲਈ ਵੀ ਕਈ ਮਾਨਤਾਵਾਂ ਪ੍ਰਾਪਤ ਹੋਈਆਂ।
ਵੈਟਨਰੀ ਐਂਡ ਲਾਈਵਸਟਾਕ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਫਾਊਂਡੇਸ਼ਨ ਨੇ 28 ਸਟਾਰਟਅੱਪਸ ਨੂੰ ਸਹਿਯੋਗ ਕੀਤਾ, ₹50 ਲੱਖ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਅਤੇ ਬਾਹਰੋਂ ਵਿੱਤੀ ਸਹਾਇਤਾ ਅਤੇ ਪੇਟੈਂਟ ਅਰਜ਼ੀਆਂ ਦੀ ਸਹੂਲਤ ਦਿੱਤੀ।
ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਵੀ ਸ਼ਾਨਦਾਰ ਰਹੀਆਂ, ਐਨਸੀਸੀ ਕੈਡਿਟਾਂ ਨੇ ਰਾਸ਼ਟਰੀ ਪੱਧਰ ਦੇ ਘੋੜਸਵਾਰੀ ਸਮਾਗਮਾਂ, ਲੀਡਰਸ਼ਿਪ ਕੈਂਪਾਂ, ਰਸਮੀ ਪਰੇਡਾਂ, ਖੇਡਾਂ, ਯੁਵਾ ਅਤੇ ਵਿਰਾਸਤੀ ਤਿਉਹਾਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ, ਬਹੁਤ ਸਾਰੇ ਪ੍ਰੋਜੈਕਟ ਪੂਰੇ ਹੋ ਚੁੱਕੇ ਹਨ ਅਤੇ ਬਹੁਤ ਸਾਰੇ ਹੋਰ ਚੱਲ ਰਹੇ ਹਨ, ਜਿਸ ਵਿੱਚ ਉੱਨਤ ਨਿਰੀਖਣ ਪ੍ਰਯੋਗਸ਼ਾਲਾਵਾਂ, ਸੀਟੀ ਸਕੈਨ ਸਹੂਲਤਾਂ, ਹਸਪਤਾਲ, ਹੋਸਟਲ, ਆਡੀਟੋਰੀਅਮ ਅਤੇ ਉੱਤਮਤਾ ਕੇਂਦਰ ਸ਼ਾਮਲ ਹਨ, ਜੋ ਦੇਸ਼ ਵਿੱਚ ਇੱਕ ਮੋਹਰੀ ਵੈਟਨਰੀ ਅਤੇ ਪਸ਼ੂ ਵਿਗਿਆਨ ਸੰਸਥਾ ਵਜੋਂ ਯੂਨੀਵਰਸਿਟੀ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਦੇ ਹਨ। ਡਾ. ਗਿੱਲ ਅਤੇ ਯੂਨੀਵਰਸਿਟੀ ਅਧਿਕਾਰੀਆਂ ਨੇ ਗੈਰ-ਅਧਿਆਪਨ ਸਟਾਫ ਨੂੰ ਉਨ੍ਹਾਂ ਦੇ ਪ੍ਰਸ਼ਾਸਕੀ ਯੋਗਦਾਨ, ਪ੍ਰਾਪਤੀਆਂ ਅਤੇ ਮਿਸਾਲੀ ਕੰਮਾਂ ਲਈ ਸਨਮਾਨਿਤ ਵੀ ਕੀਤਾ।
ਡਾ. ਗਿੱਲ ਦੇ ਭਾਸ਼ਣ ਤੋਂ ਬਾਅਦ, ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਪੇਸ਼ ਕਰਕੇ ਸੰਗੀਤਕ ਢੰਗ ਨਾਲ ਸਮਾਗਮ ਨੂੰ ਦੇਸ਼ ਭਗਤੀ ਨਾਲ ਜੋੜਿਆ। ਯੂਨੀਵਰਸਿਟੀ ਦੇ ਅਧਿਕਾਰੀਆਂ, ਵਿਭਾਗਾਂ ਦੇ ਮੁਖੀਆਂ, ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਆਜ਼ਾਦੀ ਦਿਵਸ ਨੂੰ ਸਮਰਪਿਤ ਇਸ ਸਮਾਗਮ ਵਿੱਚ ਹਿੱਸਾ ਲਿਆ। ਡਾ. ਜਸਪਾਲ ਸਿੰਘ ਹੁੰਦਲ, ਨਿਰਦੇਸ਼ਕ ਵਿਦਿਆਰਥੀ ਭਲਾਈ ਦੀ ਅਗਵਾਈ ਹੇਠ ਪੂਰਾ ਸਮਾਗਮ ਸੁਚੱਜੇ ਢੰਗ ਨਾਲ ਆਯੋਜਿਤ ਕੀਤਾ ਗਿਆ।
