ਵੈਟਨਰੀ ਯੂਨੀਵਰਸਿਟੀ ਵਿਗਿਆਨੀਆਂ ਨੇ ਜਿੱਤਿਆ ਰਾਸ਼ਟਰੀ ਸਰਵਉੱਤਮ ਲੇਖ ਸਨਮਾਨ
ਲੁਧਿਆਣਾ 28 ਅਕਤੂਬਰ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਦੇ ਦੋ ਵਿਗਿਆਨਕਾਂ ਡਾ. ਦੀਪਥੀ ਵਿਜੇ ਅਤੇ ਡਾ. ਕ੍ਰਿਤੀ ਸਿੰਘ ਨੂੰ ਸਰਵਉੱਤਮ ਲੇਖ ਲਿਖਣ ਦੇ ਮੁਕਾਬਲੇ ਵਿੱਚ ਕੌਮੀ ਪੱਧਰ ’ਤੇ ਸਨਮਾਨ ਪ੍ਰਾਪਤ ਹੋਇਆ ਹੈ। ਇਹ ਮੁਕਾਬਲਾ ਇੰਡੀਅਨ ਵੈਟਨਰੀ ਐਸੋਸੀਏਸ਼ਨ ਕੇਰਲਾ ਵੱਲੋਂ ਕਰਵਾਇਆ ਗਿਆ ਸੀ ਜਿਸ ਵਿੱਚ ਵੈਟਨਰੀ ਅਤੇ ਪਸ਼ੂ ਵਿਗਿਆਨ ਸੰਬੰਧੀ ਅਧਿਆਪਕ ਸ਼੍ਰੇਣੀ ਵਿੱਚ ਇਹ ਇਨਾਮ ਪ੍ਰਾਪਤ ਹੋਇਆ ਹੈ।
ਡਾ. ਦੀਪਥੀ ਵਿਜੇ ਦੇ ਲੇਖ ਦਾ ਸਿਰਲੇਖ ਸੀ ‘ਫਾਰਮ ਦੇ ਦਰਵਾਜ਼ੇ ਤੋਂ ਆਲਮੀ ਸਿਹਤ: ਰੋਗਾਣੂਨਾਸ਼ਕ ਪ੍ਰਤੀਰੋਧ ਨੂੰ ਨਜਿੱਠਣ ਲਈ ਜੈਵਿਕ ਸੁਰੱਖਿਆ’। ਇਸ ਲੇਖ ਵਿੱਚ ਜੈਵਿਕ ਸੁਰੱਖਿਆ ਰਾਹੀਂ ਰੋਗਾਣੂਨਾਸ਼ਕ ਪ੍ਰਤੀਰੋਧ ਨੂੰ ਨਜਿੱਠਣ ਸੰਬੰਧੀ ਅਹਿਮ ਨੁਕਤਿਆਂ ’ਤੇ ਗੱਲ ਕੀਤੀ ਗਈ ਸੀ। ਇਸ ਵਿਸ਼ੇ ਤਹਿਤ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ, ਉਨ੍ਹਾਂ ਦਾ ਫੈਲਾਅ ਅਤੇ ਵਨ ਹੈਲਥ ਪਹੁੰਚ ਬਾਰੇ ਬਿਰਤਾਂਤ ਪੇਸ਼ ਕੀਤਾ ਗਿਆ।
ਡਾ. ਕ੍ਰਿਤੀ ਸਿੰਘ ਨੇ ਭੋਜਨ ਸੂਖਮ ਜੀਵ ਵਿਗਿਆਨ ਸੰਬੰਧੀ ਵਿਸ਼ੇ ’ਤੇ ਲੇਖ ਪ੍ਰਸਤੁਤ ਕੀਤਾ। ਇਸ ਵਿੱਚ ਭੋਜਨ ਸੁਰੱਖਿਆ ਅਤੇ ਮਿਆਰ ਨੂੰ ਨਿਸ਼ਚਿਤ ਕਰਨ ਲਈ ਨਿਰੀਖਣ ਢੰਗਾਂ ਬਾਰੇ ਵਿਚਾਰ ਰੱਖੇ ਗਏ। ਇਹ ਦੋਨੋਂ ਜੇਤੂ ਲੇਖ ਮਹੱਤਵਪੂਰਨ ਪੱਤ੍ਰਿਕਾ ‘ਫਰੰਟੀਅਰਜ਼ ਇਨ ਵੈਟਨਰੀ ਮੈਡੀਸਨ’ ਦੇ ਅਗਲੇ ਅੰਕ ਵਿੱਚ ਪ੍ਰਕਾਸ਼ਿਤ ਹੋਣਗੇ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਦੋਨਾਂ ਸਾਇੰਸਦਾਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਸ ਢੰਗ ਦੀਆਂ ਖੋਜੀ ਪ੍ਰਕਾਸ਼ਨਾਵਾਂ ਰਾਹੀਂ ਜੈਵਿਕ ਸੁਰੱਖਿਆ, ਨਿਰੀਖਣ ਅਤੇ ਵਨ ਹੈਲਥ ਖੇਤਰ ਦੀਆਂ ਵਿਭਿੰਨ ਸ਼ਾਖਾਵਾਂ ਨੂੰ ਨਵਾਂ ਗਿਆਨ ਦਿੱਤਾ ਜਾ ਸਕਦਾ ਹੈ। ਇਸ ਨਾਲ ਯੂਨੀਵਰਸਿਟੀ ਦਾ ਵੀ ਰਾਸ਼ਟਰੀ ਪੱਧਰ ’ਤੇ ਸਿਰ ਉੱਚਾ ਹੁੰਦਾ ਹੈ।
ਡਾ. ਜਸਬੀਰ ਸਿੰਘ ਬੇਦੀ, ਨਿਰਦੇਸ਼ਕ ਸੈਂਟਰ ਫਾਰ ਵਨ ਹੈਲਥ ਨੇ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਆਸ ਪ੍ਰਗਟਾਈ ਕਿ ਉਹ ਭਵਿੱਖ ਵਿੱਚ ਵੀ ਇਸੇ ਢੰਗ ਦੀਆਂ ਅਕਾਦਮਿਕ ਅਤੇ ਖੋਜ ਪ੍ਰਕਾਸ਼ਨਾਵਾਂ ਸੰਬੰਧੀ ਲਗਾਤਾਰ ਯਤਨਸ਼ੀਲ ਰਹਿਣਗੇ ਅਤੇ ਵਿਸ਼ੇ ਸੰਬੰਧੀ ਯੋਗਦਾਨ ਪਾਉਣਗੇ।
