ਵੈਟਨਰੀ ਯੂਨੀਵਰਸਿਟੀ ਨੇ ਪ੍ਰਯੋਗਸ਼ਾਲਾ ਨਿਰੀਖਣ ਅਤੇ ਟੇਬਲ ਕੈਲੰਡਰ ਦੀ ਐਟਲਸ ਕੀਤੀ ਲੋਕ ਅਰਪਣ

ਲੁਧਿਆਣਾ 06 ਮਾਰਚ 2026- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪ੍ਰਯੋਗਸ਼ਾਲਾ ਨਿਰੀਖਣ ਅਤੇ ਟੇਬਲ ਕੈਲੰਡਰ ਦੀ ਐਟਲਸ ਨੂੰ ਲੋਕ ਅਰਪਣ ਕੀਤਾ ਗਿਆ। ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਯੂਨੀਵਰਸਿਟੀ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਹ ਐਟਲਸ ਜਾਰੀ ਕੀਤੀ। ਇਸ ਐਟਲਸ ਦੀ ਸੰਕਲਪ ਸਿਰਜਣਾ ਅਤੇ ਡਿਜ਼ਾਈਨ ਡਾ. ਵਿਸ਼ਾਲ ਮਹਾਜਨ, ਇੰਚਾਰਜ ਪਸ਼ੂ ਬਿਮਾਰੀ ਖੋਜ ਕੇਂਦਰ ਅਤੇ ਡਾ. ਮਨਦੀਪ ਸਿੰਘ ਬੱਲ, ਪ੍ਰਮੁੱਖ ਵਿਗਿਆਨੀ ਵੱਲੋਂ ਵੈਟਨਰੀ ਵਿਦਿਆਰਥੀਆਂ ਅਤੇ ਵੈਟਨਰੀ ਡਾਕਟਰਾਂ ਦੇ ਲਾਭ ਲਈ ਕੀਤਾ ਗਿਆ। ਕੈਲੰਡਰ ਰਾਹੀਂ ਪ੍ਰਯੋਗਸ਼ਾਲਾ ਨਿਰੀਖਣ ਖੋਜਾਂ ਦੀਆਂ ਉੱਚ ਗੁਣਵੱਤਾ ਵਾਲੀਆਂ ਤਸਵੀਰਾਂ ਸੰਕਲਿਤ ਕੀਤੀਆਂ ਗਈਆਂ ਹਨ ਜਿਸ ਨਾਲ ਬਿਮਾਰੀ ਦਾ ਸਟੀਕ ਇਲਾਜ ਕਰਨ ਸੰਬੰਧੀ ਭਰਪੂਰ ਮਦਦ ਮਿਲੇਗੀ। ਕੈਲੰਡਰ ਦੀ ਵਿਸ਼ੇਸ਼ਤਾ ਕਿਉ ਆਰ (QR) ਕੋਡਾਂ ਦੀ ਵਰਤੋਂ ਵੀ ਹੈ ਜਿੰਨ੍ਹਾਂ ਨੂੰ ਸਕੈਨ ਕਰਕੇ ਵਰਤੋਂਕਾਰ ਸਿੱਧੇ ਤੌਰ ’ਤੇ ਪਸ਼ੂ ਬਿਮਾਰੀ ਖੋਜ ਕੇਂਦਰ ਦੀਆਂ ਨਿਰੀਖਣ ਪ੍ਰਯੋਗਸ਼ਾਲਾਵਾਂ ਅਤੇ ਯੂਨੀਵਰਸਿਟੀ ਦੇ ਮਲਟੀ-ਸਪੈਸ਼ਲਿਟੀ ਪਸ਼ੂ ਹਸਪਤਾਲ ਵਿਖੇ ਉਪਲਬੱਧ ਨਿਰੀਖਣ ਟੈਸਟਾਂ ਦੀ ਵਿਆਪਕ ਸੂਚੀ ਤਕ ਪਹੁੰਚ ਕਰ ਸਕਦਾ ਹੈ।
          ਡਾ. ਗਿੱਲ ਨੇ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਨਿਰੀਖਣ ਸੇਵਾਵਾਂ ਪ੍ਰਤੀ ਜਾਗਰੂਕਤਾ ਅਤੇ ਪਹੁੰਚ ਨੂੰ ਵਧਾਉਣਾ ਹੈ ਤਾਂ ਜੋ ਬਿਮਾਰੀ ਦਾ ਪ੍ਰਭਾਵਸ਼ਾਲੀ ਨਿਦਾਨ ਅਤੇ ਪ੍ਰਬੰਧਨ ਲਈ ਢੁੱਕਵੇਂ ਇਲਾਜ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਇਸ ਪਹਿਲ ਦੀ ਸ਼ਲਾਘਾ ਕੀਤੀ ਅਤੇ ਬਿਮਾਰੀਆਂ ਦੇ ਸਟੀਕ ਅਤੇ ਢੁੱਕਵੇਂ ਇਲਾਜ ਨੂੰ ਯਕੀਨੀ ਬਨਾਉਣ ਲਈ ਨਿਰੀਖਣ ਸਹੂਲਤਾਂ ਨੂੰ ਬਿਹਤਰ ਕਰਨ ਅਤੇ ਉਨਤ ਟੈਸਟ ਸਹੂਲਤਾਂ ਸ਼ੁਰੂ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।