ਵੈਟਨਰੀ ਯੂਨੀਵਰਸਿਟੀ ਨੇ ਹਾਰਵੈਸਟ 20 ਦੇ ਤਹਿਤ ਕੀਤਾ ਪ੍ਰਦਰਸ਼ਨੀ ਦੌਰੇ ਦਾ ਆਯੋਜਨ

ਲੁਧਿਆਣਾ 24 ਜੁਲਾਈ 2026:- ਪੰਜਾਬ ਯੂਨੀਵਰਸਿਟੀ ਅਤੇ ਆਈ ਆਈ ਟੀ ਰੋਪੜ ਨਾਲ ਸੰਬੰਧਿਤ ਰੀਜ਼ਨਲ ਐਕਸਲੇਟਰ ਫਾਰ ਹੋਲਿਸਟਿਕ ਇਨੋਵੇਸ਼ਨ ਫਾਊਂਡੇਸ਼ਨ ਦੀ ਅਗਵਾਈ ਹੇਠ ਭਾਰਤ ਦੇ ਉਤਰੀ ਖੇਤਰ ਦੇ 35 ਨੌਜਵਾਨ ਉਦਮੀਆਂ ਅਤੇ ਕਿਸਾਨ ਉਤਪਾਦਕ ਸੰਗਠਨਾਂ ਦੇ ਪ੍ਰਤੀਨਿਧੀਆਂ ਦੇ ਵਫ਼ਦ ਨੇ ਹਾਰਵੈਸਟ 2.0 ਪ੍ਰੋਗਰਾਮ ਦੇ ਤਹਿਤ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕੀਤਾ।
          ਡਾ. ਜਤਿੰਦਰ ਪਾਲ ਸਿੰਘ ਗਿੱਲ, ਉੁਪ-ਕੁਲਪਤੀ ਨੇ ਕਿਹਾ ਕਿ ਅਜਿਹੇ ਪ੍ਰਦਰਸ਼ਨੀ ਦੌਰੇ ਰਾਹੀਂ ਅਕਾਦਮਿਕ ਸੰਸਥਾਵਾਂ ਨੂੰ ਸਮਾਜਿਕ ਲੋੜਾਂ ਨੂੰ ਸਮਝਣ ਅਤੇ ਉਦਮੀਆਂ ਨੂੰ ਨਵੀਨ ਸੰਚਾਲਿਤ ਪ੍ਰਣਾਲੀਆਂ ਬਾਰੇ ਦੱਸਣ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਨੇ ਕਿਹਾ ਕਿ ਟਿਕਾਊ ਵਿਕਾਸ ਦੀ ਪ੍ਰਾਪਤੀ ਅਤੇ ਪਸ਼ੂਧਨ ਖੇਤਰ ਦੀ ਉਤਪਾਦਕਤਾ ਨੂੰ ਵਧਾਉਣ ਲਈ ਖੇਤੀਬਾੜੀ ਭਾਈਚਾਰੇ ਅਤੇ ਕਿਸਾਨਾਂ ਨੂੰ ਵਿਗਿਆਨਕ ਖੋਜ ਨਾਲ ਜੁੜਨ ਦੀ ਜ਼ਰੂਰਤ ਹੈ।
          ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਹਾਰਵੈਸਟ 2.0 ਇਕ ਸਹਿਯੋਗੀ ਮੰਚ ਹੈ ਜੋ ਤਕਨਾਲੋਜੀ ਤਬਾਦਲੇ, ਉਦਮਤਾ, ਟਿਕਾਊ ਪਸ਼ੂਧਨ ਵਿਕਾਸ ਅਤੇ ਨਵੀਨਕਾਰੀ ਖੇਤੀਬਾੜੀ ਹੱਲਾਂ ਨੂੰ ਲੱਭਣ ਸੰਬੰਧੀ ਕਿਸਾਨਾਂ, ਸਟਾਰਟਅੱਪਸ, ਖੋਜਕਰਤਾਵਾਂ, ਅਕਾਦਮਿਕ, ਉਦਯੋਗ ਅਤੇ ਨੀਤੀ ਨਿਰਮਾਤਾਵਾਂ ਨੂੰ ਜੋੜਦਾ ਹੈ।
          ਡਾ. ਵੈਸ਼ਾਲੀ ਅਗਰਵਾਲ, ਪ੍ਰਾਜੈਕਟ ਮੈਨੇਜਰ ਨੇ ਦੱਸਿਆ ਕਿ ਇਹ ਰਾਜ ਪੱਧਰੀ ਪਹਿਲਕਦਮੀ ਪੰਜਾਬ ਯੂਨੀਵਰਸਿਟੀ ਅਤੇ ਆਈ ਆਈ ਟੀ ਰੋਪੜ ਵੱਲੋਂ ਸਥਾਪਿਤ ਅਤੇ ਭਾਰਤ ਸਰਕਾਰ ਦੀ ਸਰਪ੍ਰਸਤੀ ਅਧੀਨ ਕੀਤੀ ਜਾ ਰਹੀ ਹੈ ਜੋ ਭਾਈਵਾਲ ਧਿਰਾਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਦੀ ਹੈ।
          ਡਾ. ਰਾਮ ਸਰਨ ਸੇਠੀ, ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਨੇ ਦੱਸਿਆ ਕਿ ਦੌਰੇ ਦਾ ਤਾਲਮੇਲ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਵੈਟਨਰੀ ਐਂਡ ਲਾਈਵਸਟਾਕ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਦੇ ਤਹਿਤ ਪਸ਼ੂਧਨ ਅਤੇ ਡੇਅਰੀ ਖੇਤਰਾਂ ਵਿੱਚ ਉਦਮਤਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਸਹਿਯੋਗੀ ਭਾਈਵਾਲ ਧਿਰਾਂ ਨੂੰ ਅੱਗੇ ਆਉਣ ਅਤੇ ਸੰਗਠਿਤ ਤੌਰ ’ਤੇ ਕੰਮ ਕਰਨ ਲਈ ਪ੍ਰੇਰਨਾ ਮਿਲਦੀ ਹੈ।
          ਡਾ. ਸੁਨੀਲ ਕੁਮਾਰ ਨੇ ਧੰਨਵਾਦ ਦੇ ਸ਼ਬਦ ਸਾਂਝੇ ਕੀਤੇ। ਪ੍ਰੋਗਰਾਮ ਦਾ ਸੰਯੋਜਨ, ਸ਼੍ਰੀਮਤੀ ਇਕਬਾਲਪ੍ਰੀਤ ਕੌਰ ਸਿੱਧੂ, ਮੁੱਖ ਕਾਰਜਕਾਰੀ ਅਧਿਕਾਰੀ ਵੈਟਨਰੀ ਐਂਡ ਲਾਈਵਸਟਾਕ ਇਨੋਵੇਸ਼ਨ ਐਂਡ ਇਨਕਿਊਬੇਸ਼ਨ ਫਾਊਂਡੇਸ਼ਨ ਨੇ ਆਪਣੀ ਟੀਮ ਨਾਲ ਕੀਤਾ।