ਵੈਟਨਰੀ ਯੂਨੀਵਰਸਿਟੀ ਦੇ ਮਾਹਿਰ ਨੇ ਟਾਟਾ ਟਰੱਸਟ ਦੀ ਆਧੁਨਿਕ ਡਾਇਲਸਿਸ ਯੂਨਿਟ ਸਥਾਪਨਾ ਲਈ ਦਿੱਤਾ ਯੋਗਦਾਨ

ਲੁਧਿਆਣਾ 29 ਜੁਲਾਈ 2026:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਡਾ. ਰਣਧੀਰ ਸਿੰਘ ਨੂੰ ਵੱਕਾਰੀ ਟਾਟਾ ਟਰੱਸਟ ਸਮਾਲ ਐਨੀਮਲ ਹਸਪਤਾਲ, ਮੁੰਬਈ ਵੱਲੋਂ ਨਵਾਂ ਵੈਟਨਰੀ ਡਾਇਲਸਿਸ ਯੂਨਿਟ ਸਥਾਪਿਤ ਕਰਨ ਲਈ ਇਕ ਮਾਹਿਰ ਵਜੋਂ ਸੱਦਾ ਦਿੱਤਾ ਗਿਆ। ਉਨ੍ਹਾਂ ਨੂੰ ਹਸਪਤਾਲ ਦੇ ਪਸ਼ੂਆਂ ਦੇ ਡਾਕਟਰਾਂ ਦੀ ਟੀਮ ਨੂੰ ਉਨੱਤ ਤਕਨੀਕੀ ਸਿਖਲਾਈ ਪ੍ਰਦਾਨ ਕਰਨ ਦਾ ਕੰੰਮ ਵੀ ਸੌਂਪਿਆ ਗਿਆ ਸੀ।
          ਸਵ: ਸ਼੍ਰੀ ਰਤਨ ਟਾਟਾ ਦੀ ਦੂਰਦਰਸ਼ੀ ਵਿਰਾਸਤ ਦੇ ਤਹਿਤ ਸਥਾਪਿਤ ਕੀਤਾ ਗਿਆ ‘ਟਾਟਾ ਟਰੱਸਟ ਸਮਾਲ ਐਨੀਮਲ ਹਸਪਤਾਲ’ ਸਾਥੀ ਜਾਨਵਰਾਂ ਦੀਆਂ ਸਿਹਤ ਸੰਭਾਲ ਸਹੂਲਤਾਂ ਲਈ ਇਕ ਉਨੱਤ ਸੰਸਥਾ ਹੈ। ਇਹ ਵਿਸ਼ਵ ਪੱਧਰੀ ਬੁਨਿਆਦੀ ਢਾਂਚੇ ਅਤੇ ਅੰਤਰਰਾਸ਼ਟਰੀ ਪੱਧਰ ਦੇ ਮਾਪਦੰਡਾਂ ਦੇ ਸਿਖਲਾਈ ਪ੍ਰੋਗਰਾਮਾਂ ਨਾਲ ਸੰਪੂਰਨ ਹੈ। ਇਸ ਵਿੱਚ ਰਾਇਲ ਵੈਟਨਰੀ ਕਾਲਜ, ਲੰਡਨ ਦਾ ਸਹਿਯੋਗ ਵੀ ਸ਼ਾਮਿਲ ਹੈ।
          ਡਾ. ਰਣਧੀਰ ਸਿੰਘ ਨੇ ਗੁਰਦੇ ਦੀ ਅਸਫਲਤਾ ਸੰਬੰਧੀ ਭਾਸ਼ਣ ਦਿੱਤੇ ਅਤੇ ਇਲਾਜ ਵਿਧੀ, ਫੈਸਲਾ ਲੈਣ ਅਤੇ ਸਬੂਤ ਆਧਾਰਿਤ ਪਹੁੰਚ ਵਿਧੀਆਂ ’ਤੇ ਕੰਮ ਕਰਨ ਲਈ ਜ਼ੋਰ ਦਿੱਤਾ। ਉਨ੍ਹਾਂ ਨੇ ਵੈਟਨਰੀ ਹੀਮੋਡਾਇਲਸਿਸ ਵਿਸ਼ੇ ਲਈ ਮਰੀਜ਼ ਦੀ ਚੋਣ, ਨਾੜੀ ਪਹੁੰਚ, ਮਸ਼ੀਨ ਸੰਚਾਲਨ, ਤਰੀਕੇ, ਢੁੱਕਵਾਂ ਮੁਲਾਂਕਣ, ਦਵਾ ਦੀ ਮਿਕਦਾਰ ਅਤੇ ਹੋਰ ਪੇਚੀਦਗੀਆਂ ਬਾਰੇ ਦੱਸਿਆ। ਉਨ੍ਹਾਂ ਦੀ ਅਗਵਾਈ ਹੇਠ ਹਸਪਤਾਲ ਨੇ ਆਪਣੇ ਡਾਇਲਸਿਸ ਯੂਨਿਟ ਨੂੰ ਸਫਲਤਾਪੂਰਵਕ ਚਾਲੂ ਕੀਤਾ ਜਿਸ ਨਾਲ ਗੁਰਦੇ ਬਦਲਣ ਦੀ ਥੈਰੇਪੀ ਸੇਵਾਵਾਂ ਦੀ ਸ਼ੁਰੂਆਤ ਹੋਈ।
          ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਅਜਿਹੇ ਵੱਕਾਰੀ ਹਸਪਤਾਲ ਤੋਂ ਮਿਲਿਆ ਸੱਦਾ ਯੂਨੀਵਰਸਿਟੀ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਉਨੱਤ ਸਿਹਤ ਸੰਭਾਲ ਸਹੂਲਤਾਂ ਦੀ ਸ਼ਾਹਦੀ ਭਰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਗਵਾਈ ਪ੍ਰਦਾਨ ਕਰਨ ਅਤੇ ਸਮਰੱਥਾ ਨਿਰਮਾਣ ਪ੍ਰਤੀ ਪੂਰਨ ਪ੍ਰਤਿਬੱਧ ਹਾਂ।
          ਡਾ. ਸਵਰਨ ਸਿੰਘ ਰੰਧਾਵਾ, ਡੀਨ, ਕਾਲਜ ਆਫ ਵੈਟਨਰੀ ਸਾਇੰਸ ਨੇ ਕਿਹਾ ਕਿ ਡਾ. ਸਿੰਘ ਦਾ ਯੋਗਦਾਨ ਕਾਲਜ ਦੇ ਮੁਹਾਰਤ ਭਰਪੂਰ ਕੌਸ਼ਲ ਦੀ ਨਿਸ਼ਾਨਦੇਹੀ ਕਰਦਿਆਂ ਨਵੇਂ ਯਤਨਾਂ ਲਈ ਪ੍ਰੇਰਦਾ ਹੈ।
          ਪਸ਼ੂ ਹਸਪਤਾਲ ਦੇ ਨਿਰਦੇਸ਼ਕ, ਡਾ. ਜਤਿੰਦਰ ਮਹਿੰਦਰੂ ਨੇ ਡਾ.  ਸਿੰਘ ਦੀ ਪ੍ਰਾਪਤੀ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਸਲਾਹ ਅਤੇ ਇਸ ਤੋਂ ਪਹਿਲਾਂ ਵੀ ਵਿਭਿੰਨ ਡਾਇਲਸਿਸ ਯੂਨਿਟਾਂ ਦੀ ਸਥਾਪਨਾ ਲਈ ਦਿੱਤਾ ਉਨ੍ਹਾਂ ਦਾ ਯੋਗਦਾਨ ਸਾਥੀ ਜਾਨਵਰਾਂ ਦੇ ਇਲਾਜ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਿਹਾ ਹੈ।