ਵੈਟਨਰੀ ਯੂਨੀਵਰਸਿਟੀ ਨੇ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਅਫਸਰਾਂ ਲਈ ਕੀਤਾ ਸਿਖਲਾਈ ਦਾ ਆਯੋਜਨ
ਲੁਧਿਆਣਾ 07 ਨਵੰਬਰ 2025:- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਟੀਚਿੰਗ ਵੈਟਨਰੀ ਕਲੀਨਿਕਲ ਕੰਪਲੈਕਸ ਵਿਭਾਗ ਨੇ ਆਫ਼ਤਾਂ ਦੌਰਾਨ ਪਸ਼ੂ ਭਲਾਈ ਅਤੇ ਪ੍ਰਬੰਧਨ ਸੰਬੰਧੀ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਦੇ ਅਧਿਕਾਰੀਆਂ ਲਈ ਇੱਕ ਪ੍ਰਭਾਵਸ਼ਾਲੀ ਸਿਖਲਾਈ ਸੈਸ਼ਨ ਦਾ ਆਯੋਜਨ ਕਰਕੇ ਭਾਈਚਾਰਕ ਸ਼ਮੂਲੀਅਤ ਲਈ ਇੱਕ ਹੋਰ ਉਪਰਾਲਾ ਕੀਤਾ।
ਪਸ਼ੂ ਹਸਪਤਾਲ ਦੇ ਨਿਰਦੇਸ਼ਕ ਡਾ. ਜਤਿੰਦਰ ਮਹਿੰਦਰੂ ਦੀ ਅਗਵਾਈ ਹੇਠ ਕਰਵਾਏ ਇਸ ਸਿਖਲਾਈ ਸੈਸ਼ਨ ਦਾ ਉਦੇਸ਼ ਆਪਾਤਕਾਲੀ ਸਥਿਤੀਆਂ ਦੌਰਾਨ ਜਾਨਵਰਾਂ ਦੇ ਜੀਵਨ ਅਤੇ ਜਨਤਕ ਸਿਹਤ ਦੀ ਰੱਖਿਆ ਲਈ ਅੱਗੇ ਹੋ ਕੇ ਸੇਵਾ ਨਿਭਾਉਣ ਵਾਲਿਆਂ ਨੂੰ ਕੌਸ਼ਲ ਦੇਣ `ਤੇ ਕੇਂਦ੍ਰਿਤ ਸੀ। ਡਾ. ਮਹਿੰਦਰੂ ਨੇ ਆਫ਼ਤ ਪ੍ਰਬੰਧਨ ਮਾਹਿਰਾਂ ਵਜੋਂ ਪਸ਼ੂਆਂ ਦੇ ਡਾਕਟਰਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਸਮੇਂ ਸਿਰ ਅਤੇ ਪ੍ਰਭਾਵਸ਼ਾਲੀ ਪ੍ਰਤੀਕਿਰਿਆ ਯਤਨਾਂ ਨੂੰ ਯਕੀਨੀ ਬਣਾਉਣ ਲਈ ਯੂਨੀਵਰਸਿਟੀ ਅਤੇ ਆਫ਼ਤ ਪ੍ਰਬੰਧਨ ਏਜੰਸੀਆਂ ਵਿਚਕਾਰ ਮਜ਼ਬੂਤ ਅਤੇ ਨਿਰੰਤਰ ਸਹਿਯੋਗ ਦੀ ਜ਼ਰੂਰਤ `ਤੇ ਜ਼ੋਰ ਦਿੱਤਾ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ `ਵਰਸਿਟੀ ਸਮਾਜ ਦੀ ਭਲਾਈ ਲਈ ਸਮਰਪਿਤ ਹੈ।
ਮਾਹਰ ਸੈਸ਼ਨ ਦੌਰਾਨ ਡਾ. ਰਣਧੀਰ ਸਿੰਘ ਨੇ ਜਾਨਵਰਾਂ ਦੀ ਸੰਭਾਲ, ਸੰਜਮ ਅਤੇ ਵਿਗਿਆਨਕ ਵਿਧੀ ਨਾਲ ਮ੍ਰਿਤਕ ਜਾਨਵਰਾਂ ਦੇ ਨਿਪਟਾਰੇ ਦੀਆਂ ਤਕਨੀਕਾਂ `ਤੇ ਜਾਣਕਾਰੀ ਦਿੱਤੀ। ਡਾ. ਗੁਰਪ੍ਰੀਤ ਸਿੰਘ ਨੇ ਪ੍ਰਤੀਭਾਗੀਆਂ ਨੂੰ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀ ਦੀ ਰੋਕਥਾਮ, ਜਾਨਵਰਾਂ ਦੀ ਸੁਰੱਖਿਅਤ ਨਿਕਾਸੀ ਅਤੇ ਆਫ਼ਤਾਂ ਦੌਰਾਨ ਗੰਦਗੀ ਤੋਂ ਰੱਖਿਆ ਬਾਰੇ ਜਾਗਰੂਕ ਕੀਤਾ।
ਸਿਖਲਾਈ ਵਿੱਚ ਜ਼ਿਲ੍ਹਾ ਕਮਾਂਡਰ ਰਛਪਾਲ ਸਿੰਘ ਦੇ ਨਾਲ-ਨਾਲ ਕੰਪਨੀ ਕਮਾਂਡਰਾਂ ਅਤੇ ਪਲਟੂਨ ਕਮਾਂਡਰਾਂ ਸਮੇਤ 28 ਅਧਿਕਾਰੀਆਂ ਨੇ ਸਰਗਰਮ ਸ਼ਮੂਲੀਅਤ ਕੀਤੀ। ਉਨ੍ਹਾਂ ਨੇ ਆਫ਼ਤ ਦੀ ਤਿਆਰੀ ਲਈ ਵਿਗਿਆਨਕ ਗਿਆਨ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਡਾ. ਸਵਰਨ ਸਿੰਘ ਰੰਧਾਵਾ, ਡੀਨ, ਕਾਲਜ ਆਫ਼ ਵੈਟਨਰੀ ਸਾਇੰਸ ਨੇ ਵੀ ਟੀਮ ਦੀ ਪ੍ਰਸੰਸਾ ਕੀਤੀ।
ਪ੍ਰੋਗਰਾਮ ਆਫ਼ਤ ਪ੍ਰਬੰਧਨ ਸੰਬੰਧੀ ਤਿਆਰੀ ਅਤੇ ਹਮਦਰਦੀ ਰੱਖਣ ਦੇ ਸੁਨੇਹੇ ਨਾਲ ਸੰਪੂਰਨ ਹੋਇਆ।
