ਵੈਟਨਰੀ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਆਲਮੀ ਵਨ ਹੈਲਥ ਦਿਵਸ 2025

ਲੁਧਿਆਣਾ 04 ਨਵੰਬਰ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਨੇ ਮਨੁੱਖ, ਜਾਨਵਰ ਅਤੇ ਵਾਤਾਵਰਣ ਸਿਹਤ ਦੇ ਆਪਸੀ ਸੰਬੰਧਾਂ ਨੂੰ ਦਰਸਾਉਣ ਸੰਬੰਧੀ ‘ਆਲਮੀ ਵਨ ਹੈਲਥ ਦਿਵਸ 2025’ ਮਨਾਇਆ। ਇਸ ਮੌਕੇ ਇਸ ਕੇਂਦਰ ਨੇ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਮਾਡਲ ਗ੍ਰਾਮ, ਲੁਧਿਆਣਾ ਦੇ ਸੀਨੀਅਰ ਸੈਕੰਡਰੀ ਵਿਦਿਆਰਥੀਆਂ ਲਈ ਜਾਗਰੂਕਤਾ ਕਾਰਜਸ਼ਾਲਾ ਦਾ ਆਯੋਜਨ ਕੀਤਾ। 
ਡਾ. ਜਸਬੀਰ ਸਿੰਘ ਬੇਦੀ, ਨਿਰਦੇਸ਼ਕ ਸੈਂਟਰ ਫਾਰ ਵਨ ਹੈਲਥ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜੀ ਆਇਆਂ ਕਹਿੰਦਿਆਂ ਉਨ੍ਹਾਂ ਨੂੰ ‘ਵਨ ਹੈਲਥ’ ਦੀ ਧਾਰਨਾ ਅਤੇ ਜਾਨਵਰ, ਮਨੁੱਖ ਤੇ ਵਾਤਾਵਰਣ ਦਰਮਿਆਨ ਇਕ ਤੋਂ ਦੂਸਰੇ ਤੱਕ ਪਹੁੰਚਣ ਵਾਲੀਆਂ ਬਿਮਾਰੀਆਂ ਨੂੰ ਨਿਯੰਤਰਣ ਕਰਨ ਅਤੇ ਰੋਕਣ ਸੰਬੰਧੀ ਇਸ ਧਾਰਨਾ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ।
          ਡਾ. ਪੰਕਜ ਢਾਕਾ ਨੇ ਵਰਤਮਾਨ ਸਮੇਂ ਵਿੱਚ ਵਨ ਹੈਲਥ ਦੀ ਭੂਮਿਕਾ ਨੂੰ ਰੇਖਾਂਕਿਤ ਕਰਦੇ ਹੋਏ ਇਕ ਵਿਚਾਰ ਵਟਾਂਦਰਾ ਸੈਸ਼ਨ ਦਾ ਆਯੋਜਨ ਕੀਤਾ। ਉਨ੍ਹਾਂ ਦੱਸਿਆ ਕਿ ਬਿਮਾਰੀਆਂ ਕਿਵੇਂ ਜਾਨਵਰਾਂ ਤੋਂ ਮਨੁੱਖਾਂ ਵਿੱਚ ਸੰਚਾਰਿਤ ਹੋ ਸਕਦੀਆਂ ਹਨ ਅਤੇ ਐਂਟੀਮਾਇਕਰੋਬੀਅਲ ਪ੍ਰਤੀਰੋਧ ਦੇ ਵਧ ਰਹੇ ਖ਼ਤਰੇ ’ਤੇ ਚਰਚਾ ਕੀਤੀ। ਡਾ. ਦੀਪਤੀ ਵਿਜੇ ਨੇ ਹਲਕਾਅ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਸ ਘਾਤਕ ਬਿਮਾਰੀ ਦੇ ਕਾਰਣਾਂ, ਲੱਛਣਾਂ ਅਤੇ ਰੋਕਥਾਮ ਰਣਨੀਤੀਆਂ ਬਾਰੇ ਜਾਣਕਾਰੀ ਦਿੱਤੀ। 
ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਆਏ ਹੋਏ ਸਕੂਲੀ ਵਿਦਿਆਰਥੀਆਂ ਨੂੰ ਵਿਗਿਆਨਕ ਖੋਜ ਅਤੇ ਨਿਰੀਖਣ ਵਿਧੀਆਂ ਬਾਰੇ ਦੱਸਣ ਲਈ ਪ੍ਰਯੋਗਸ਼ਾਲਾ ਪ੍ਰਕਿਰਿਆਵਾਂ ਦਾ ਪ੍ਰਦਰਸ਼ਨ ਕੀਤਾ। ਡਾ. ਬੇਦੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵੈਟਨਰੀ ਅਤੇ ਸੰਬੰਧਿਤ ਵਿਗਿਆਨਾਂ ਵਿੱਚ ਆਪਣਾ ਭਵਿੱਖ ਬਣਾਉਣ ਲਈ ਉਤਸ਼ਾਹਿਤ ਕੀਤਾ।
          ਡਾ. ਦੀਪਾਲੀ ਕਲੰਭੇ ਨੇ ਐਮਿਟੀ ਯੂਨੀਵਰਸਿਟੀ, ਨੋਇਡਾ ਵੱਲੋਂ ਆਯੋਜਿਤ ਕਰਵਾਏ ਪ੍ਰੋਗਰਾਮ  ਵਿੱਚ ‘ਵਨ ਹੈਲਥ’ ਵਿਸ਼ੇ ਸੰਬੰਧੀ ਸਾਂਝੀ ਖੋਜ ਦੇ ਮੌਕਿਆਂ ’ਤੇ ਇਕ ਭਾਸ਼ਣ ਦਿੱਤਾ।
          ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਪ੍ਰਬੰਧਕੀ ਟੀਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸਿਹਤਮੰਦ ਅਤੇ ਟਿਕਾਊ ਭਵਿੱਖ ਬਣਾਉਣ ਲਈ ਵਨ ਹੈਲਥ ਦੀ ਧਾਰਨਾ ਨੂੰ ਮਜ਼ਬੂਤ ਕਰਨਾ ਲੋੜੀਂਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਅਤੇ ਵਿਗਿਆਨ, ਸਹਿਯੋਗ ਅਤੇ ਨਵੀਨਤਾ ਰਾਹੀਂ ਸਮਾਜ ਵਿੱਚ ਸਾਕਾਰਾਤਮਕ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ।
          ਡਾ. ਸਵਰਨ ਸਿੰਘ ਰੰਧਾਵਾ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਇਸ ਕੇਂਦਰ ਦੇ ਅਧਿਆਪਕਾਂ ਅਤੇ ਆਏ ਹੋਏ ਸਕੂਲੀ ਬੱਚਿਆਂ ਦੇ ਸੁਚੱਜੇ ਤਾਲਮੇਲ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਇਸ ਢੰਗ ਦੀ ਪਹਿਲਕਦਮੀ ਨਾਲ ਨਵੀਂ ਪੀੜ੍ਹੀ ਨੂੰ ਵੀ ਆਧੁਨਿਕ ਵਿਗਿਆਨ ਦੇ ਨਾਲ ਜੋੜਿਆ ਜਾ ਸਕਦਾ ਹੈ।