ਵੈਟਨਰੀ ਯੂਨੀਵਰਸਿਟੀ ਨੇ ਮਨਾਇਆ ਆਲਮੀ ਭੋਜਨ ਦਿਵਸ

ਲੁਧਿਆਣਾ 16 ਅਕਤੂਬਰ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਵਿਖੇ ‘ਵਿਸ਼ਵ ਭੋਜਨ ਦਿਵਸ’ ਮਨਾਇਆ ਗਿਆ। 16 ਅਕਤੂਬਰ ਨੂੰ ਆਲਮੀ ਪੱਧਰ ’ਤੇ ਮਨਾਏ ਜਾਣ ਵਾਲੇ ਇਸ ਦਿਵਸ ਲਈ ਕਾਲਜ ਵੱਲੋਂ ਵਿਸ਼ਾ ਰੱਖਿਆ ਗਿਆ ਸੀ ‘ਦੁੱਧ ਅਤੇ ਮੂਲ ਅਨਾਜ: ਪੌਸ਼ਟਿਕਤਾ ਦੇ ਸ਼ਕਤੀ ਸੋਮੇ’।
          ਇਸ ਸਮਾਰੋਹ ਵਿੱਚ ਡਾ. ਸਤਿਬੀਰ ਸਿੰਘ ਗੋਸਲ, ਉਪ-ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਮੁੱਖ ਮਹਿਮਾਨ ਵਜੋਂ ਅਤੇ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਪਤਵੰਤੇ ਮਹਿਮਾਨ ਵਜੋਂ ਪਧਾਰੇ। ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਯੂਨੀਵਰਸਿਟੀ ਦੇ ਹੋਰ ਅਧਿਕਾਰੀਆਂ ਨੇ ਵੀ ਇਸ ਵਿੱਚ ਸ਼ਿਰਕਤ ਕੀਤੀ। 
          ਡਾ. ਸੰਜੀਵ ਕੁਮਾਰ ਉੱਪਲ, ਡੀਨ, ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਨੇ ਸਵਾਗਤੀ ਸੰਬੋਧਨ ਕੀਤਾ ਅਤੇ ਡਾ. ਗਰੇਵਾਲ ਨੇ ਸਮਾਗਮ ਦੇ ਵਿਸ਼ੇ ਦੀ ਮਹੱਤਤਾ ਉਜਾਗਰ ਕਰਦਿਆਂ ਦੁੱਧ ਅਤੇ ਮੂਲ ਅਨਾਜਾਂ ਦੀ ਅਣਹੋਂਦ ਕਾਰਣ ਜੀਵਨ ਪੱਧਤੀ ਵਿੱਚ ਆਉਂਦੇ ਵਿਕਾਰਾਂ ਅਤੇ ਸਿਹਤ ਘਾਟਿਆਂ ਦਾ ਜ਼ਿਕਰ ਕੀਤਾ।
          ਡਾ. ਗੋਸਲ ਨੇ ਵਿਸ਼ਵ ਭੋਜਨ ਦਿਵਸ ਨੂੰ ਇਕ ਸਾਂਝੀ ਜ਼ਿੰਮੇਵਾਰੀ ਵਾਲੇ ਦਿਹਾੜੇ ਵਜੋਂ ਦ੍ਰਿੜਾਉਂਦਿਆਂ ਕਿਹਾ ਕਿ ਹਰੇਕ ਨਾਗਰਿਕ ਨੂੰ ਸਾਫ, ਪੌਸ਼ਟਿਕ ਅਤੇ ਸੁਚੱਜਾ ਭੋਜਨ ਮਿਲਣਾ ਸਾਡੀ ਸਭ ਦੀ ਸਮਾਜੀ ਜ਼ਿੰਮੇਵਾਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਿਸ਼ੇ ਵਿੱਚੋਂ ਭਾਰਤ ਦੀ ਅਮੀਰ ਖੇਤੀ ਵਿਰਾਸਤ ਅਤੇ ਇਸ ਦੀਆਂ ਸੰਭਾਵਨਾਵਾਂ ਦੀ ਝਲਕ ਮਿਲਦੀ ਹੈ।
          ਡਾ. ਗਿੱਲ ਨੇ ਵਿਸ਼ੇ ਨੂੰ ਵਿਸਥਾਰ ਦਿੰਦਿਆਂ ਸਾਡੇ ਭੋਜਨ ਵਿੱਚ ਦੁੱਧ ਅਤੇ ਮੂਲ ਅਨਾਜਾਂ ਦੇ ਗੁਣਾਂ ਦੇ ਵਿਭਿੰਨ ਪਹਿਲੂਆਂ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਮੱਝ, ਗਾਂ ਅਤੇ ਬੱਕਰੀ ਦੇ ਦੁੱਧ ਤੋਂ ਕਈ ਕਿਸਮ ਦੇ ਚੀਜ਼ (ਪਨੀਰ) ਤਿਆਰ ਕੀਤੇ ਗਏ ਹਨ ਜਿਨ੍ਹਾਂ ਦੀ ਪੌਸ਼ਟਿਕਤਾ ਬਹੁਤ ਵਧੀਆ ਅਤੇ ਗੁਣਕਾਰੀ ਹੈ।
          ਇਸ ਮੌਕੇ ਦੁੱਧ ਅਤੇ ਦੁੱਧ ਆਧਾਰਿਤ ਉਤਪਾਦਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਸੀ। ਜਿਸ ਨਾਲ ਕਿ ਆਮ ਸ਼ਹਿਰੀਆਂ ਨੂੰ ਇਨ੍ਹਾਂ ਉਤਪਾਦਾਂ ਦੀ ਗੁਣਵੱਤਾ ਅਤੇ ਮਿਆਰੀਕਰਨ ਬਾਰੇ ਦੱਸਿਆ ਜਾ ਸਕੇ।
          ਨਾਗਰਿਕਾਂ ਵਿੱਚ ਇਨ੍ਹਾਂ ਵਸਤਾਂ ਦੇ ਸਵਾਦ ਅਤੇ ਪੌਸ਼ਟਿਕਤਾ ਨੂੰ ਪ੍ਰਚਲਿਤ ਕਰਨ ਵਾਸਤੇ ਇਕ ਭੋਜਨ ਵਿਅੰਜਨ ਵਿਧੀ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਦੁੱਧ, ਮੂਲ ਅਨਾਜ ਅਤੇ ਮੱਛੀ ਤੇ ਮੀਟ ਦੇ ਉਤਪਾਦ ਤਿਆਰ ਕਰਕੇ ਮੁਕਾਬਲੇ ਲਈ ਪੇਸ਼ ਕੀਤੇ ਗਏ। ਇਸ ਮੁਕਾਬਲੇ ਵਿੱਚ ਦੁੱਧ ਉਤਪਾਦਾਂ ਦੀ ਸ਼੍ਰੇਣੀ ਵਿੱਚ ਸਾਕਸ਼ੀ, ਐਮ ਟੈਕ ਵਿਦਿਆਰਥਣ ਨੂੰ ਪਹਿਲਾ, ਮੂਲ ਅਨਾਜ ਸ਼੍ਰੇਣੀ ਵਿੱਚ ਗੁਰਨ ਕੌਰ, ਬੀ ਟੈਕ ਵਿਦਿਆਰਥਣ ਨੂੰ ਪਹਿਲਾ ਅਤੇ ਮੱਛੀ ਅਤੇ ਮੀਟ ਉਤਪਾਦ ਸ਼੍ਰੇਣੀ ਵਿੱਚ ਕਾਲਜ ਆਫ ਫ਼ਿਸ਼ਰੀਜ਼ ਦੀ ਟੀਮ ਨੂੰ ਪਹਿਲਾ ਇਨਾਮ ਪ੍ਰਾਪਤ ਹੋਇਆ।
          ਵਿਦਿਆਰਥੀਆਂ ਨੂੰ ਇਨਾਮ ਦਿੰਦਿਆਂ ਡਾ. ਉੱਪਲ ਨੇ ਕਿਹਾ ਕਿ ਅਜਿਹੀਆਂ ਸਰਗਰਮੀਆਂ ਨਾਲ ਜਿਥੇ ਵਿਦਿਆਰਥੀਆਂ ਨੂੰ ਸਿੱਖਣ ਦਾ ਮੌਕਾ ਮਿਲਦਾ ਹੈ ਉਥੇ ਵਸਨੀਕਾਂ ਨੂੰ ਵੀ ਚੰਗੇ ਸਿਹਤਮੰਦ ਭੋਜਨ ਦੀਆਂ ਵੰਨਗੀਆਂ ਪਤਾ ਚਲਦੀਆਂ ਹਨ।