ਵੈਟਨਰੀ ਯੂਨੀਵਰਸਿਟੀ ਵਿਖੇ ਉਤਸ਼ਾਹ ਅਤੇ ਪਰੰਪਰਾਗਤ ਜਜ਼ਬੇ ਨਾਲ ਮਨਾਇਆ ਤੀਜ ਸਮਾਰੋਹ
ਲੁਧਿਆਣਾ 19 ਅਗਸਤ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਿਖੇ ਤੀਜ ਦਾ ਤਿਉਹਾਰ ਬਹੁਤ ਉਤਸ਼ਾਹ ਅਤੇ ਖੁਸ਼ੀ ਦੇ ਮਾਹੌਲ ਵਿੱਚ ਮਨਾਇਆ ਗਿਆ। ਯੂਨੀਵਰਸਿਟੀ ਦੀਆਂ ਔਰਤ ਕਰਮਚਾਰੀਆਂ ਨੇ ਡਾ. ਜਸਮੇਰ ਸਿੰਘ ਹਾਲ ਵਿਖੇ ਇਹ ਆਨੰਦ ਅਤੇ ਖੇੜੇ ਵਾਲਾ ਸਮਾਂ ਮਾਣਿਆ।
ਇਸ ਮੌਕੇ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਦੀ ਜੀਵਨ ਸਾਥਣ ਸ਼੍ਰੀਮਤੀ ਪਵਨਜੀਤ ਕੌਰ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਸ਼੍ਰੀਮਤੀ ਮੰਜੂ ਸ਼ਰਮਾ ਅਤੇ ਸ਼੍ਰੀਮਤੀ ਗੁਰਜਿੰਦਰ ਕੌਰ ਬਰਾੜ ਜੋ ਕਿ ਯੂਨੀਵਰਸਿਟੀ ਅਧਿਕਾਰੀਆਂ ਦੀਆਂ ਸ਼ਰੀਕੇ-ਹਯਾਤ ਹਨ, ਉਨ੍ਹਾਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰਤੀਭਾਗੀਆਂ ਨੇ ਜਿਥੇ ਪਰੰਪਰਾਗਤ ਗੀਤ ਗਾ ਕੇ ਮਾਹੌਲ ਨੂੰ ਸੰਗੀਤਮਈ ਕੀਤਾ ਉਥੇ ਢੋਲ ਦੀ ਥਾਪ ’ਤੇ ਗਿੱਧਾ ਪਾਇਆ। ਇਸ ਮੌਕੇ ਕਈ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਸੀ। ਜਿਸ ਵਿੱਚ ਸਭ ਤੋਂ ਸੋਹਣਾ ਪਹਿਰਾਵਾ, ਵਧੀਆ ਨਾਚ, ਲੰਮੀ ਗੁੱਤ, ਲੰਮੇ ਕਾਂਟੇ, ਆਕਰਸ਼ਕ ਪੰਜਾਬੀ ਜੁੱਤੀ ਅਤੇ ਹੋਰ ਕਈ ਨੁਕਤਿਆਂ ’ਤੇ ਮੁਕਾਬਲੇ ਕਰਵਾਏ ਗਏ। ਜੇਤੂਆਂ ਅਤੇ ਮਹਿਮਾਨਾਂ ਨੂੰ ਫੁਲਕਾਰੀਆਂ, ਚੂੜੀਆਂ ਅਤੇ ਹੋਰ ਇਨਾਮ ਦੇ ਕੇ ਸਨਮਾਨਿਆ ਗਿਆ।
ਅਜਿਹਾ ਸਮਾਰੋਹ ਸਾਉਣ ਦੇ ਮਹੀਨੇ ਅਤੇ ਬਰਸਾਤਾਂ ਕਾਰਣ ਫੁਟਾਰੇ ਦੀ ਰੁੱਤ ਨੂੰ ਮਨਾਉਣ ਲਈ ਪ੍ਰਤੀਭਾਗੀਆਂ ਵਾਸਤੇ ਇਕ ਖੂਬਸੂਰਤ ਮੇਲ ਦਾ ਸਥਾਨ ਬਣ ਜਾਂਦਾ ਹੈ ਜਿਥੇ ਉਹ ਆਪਣੇ ਰੋਜ਼ਾਨਾ ਦੇ ਕੰਮਾਂ ਤੋਂ ਪਾਸੇ ਹੋ ਕੇ ਇਕ ਸਾਂਝੇ ਜਸ਼ਨ ਦਾ ਆਨੰਦ ਮਾਣਦੇ ਹਨ।
ਪ੍ਰਤੀਭਾਗੀਆਂ ਨੇ ਨਾਚ ਤੇ ਸੰਗੀਤ ਦੇ ਆਨੰਦ ਦੇ ਨਾਲ ਬੜੇ ਚਾਅ ਨਾਲ ਮਹਿੰਦੀ ਵੀ ਲਗਵਾਈ ਜਿਸ ਨੇ ਕਿ ਇਸ ਤਿਉਹਾਰ ਨੂੰ ਇਕ ਕਲਾਤਮਕਤਾ ਦਾ ਰੰਗ ਵੀ ਦਿੱਤਾ।