ਵੈਟਨਰੀ ਯੂਨੀਵਰਸਿਟੀ ਨੇ ਰਾਸ਼ਟਰੀ ਪ੍ਰਯੋਗਸ਼ਾਲਾ ਬੋਰਡ ਤੋਂ ਮਾਨਤਾ ਪ੍ਰਾਪਤ ਕਰਨ ਸੰਬੰਧੀ ਦਿੱਤੀ ਜਾਗਰੂਕਤਾ
ਲੁਧਿਆਣਾ 02 ਦਸੰਬਰ 2025- ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸ਼ੂ ਆਹਾਰ ਵਿਭਾਗ ਨੇ ਨੈਸ਼ਨਲ ਐਕਰੀਡੇਸ਼ਨ ਬੋਰਡ ਫਾਰ ਟੈਸਟਿੰਗ ਐਂਡ ਕੈਲੀਬਰੇਸ਼ਨ ਲੈਬਾਰਟਰੀਜ਼ ਨਵੀਂ ਦਿੱਲੀ ਦੇ ਸਹਿਯੋਗ ਨਾਲ ‘ਗੁਣਵੱਤਾ ਯਾਤਰਾ: ਰਾਸ਼ਟਰੀ ਪ੍ਰਯੋਗਸ਼ਾਲਾ ਮਾਨਤਾ ਸੰਬੰਧੀ ਜਾਗਰੂਕਤਾ ਪ੍ਰੋਗਰਾਮ’ ਵਿਸ਼ੇ ’ਤੇ ਇਕ ਸੈਮੀਨਾਰ ਦਾ ਆਯੋਜਨ ਕੀਤਾ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਮੁੱਖ ਮਹਿਮਾਨ ਵਜੋਂ ਸੈਮੀਨਾਰ ਦਾ ਉਦਘਾਟਨ ਕੀਤਾ ਅਤੇ ਸੰਬੋਧਨੀ ਸ਼ਬਦਾਂ ਵਿੱਚ ਕਿਹਾ ਕਿ ਇਸ ਬੋਰਡ ਰਾਹੀਂ ਮਾਨਤਾ ਪ੍ਰਯੋਗਸ਼ਾਲਾ ਦੀਆਂ ਜਾਂਚ ਸੇਵਾਵਾਂ ਸੰਬੰਧੀ ਭਰੋਸੇਯੋਗਤਾ ਅਤੇ ਆਲਮੀ ਮੰਜੂਰੀ ਨੂੰ ਸੁਦ੍ਰਿੜ ਕਰਦੀ ਹੈ। ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਵਿਗਿਆਨਕ ਇਮਾਨਦਾਰੀ ਅਤੇ ਪਾਰਦਰਸ਼ਿਤਾ ਨੂੰ ਯਕੀਨੀ ਬਨਾਉਣ ਲਈ ਮਜ਼ਬੂਤ ਗੁਣਵੱਤਾ ਅਭਿਆਸਾਂ ਨੂੰ ਅਪਨਾਉਣ ਦੀ ਅਪੀਲ ਕੀਤੀ।
ਤਕਨੀਕੀ ਸੈਸ਼ਨ ਵਿੱਚ ਇਸ ਬੋਰਡ ਦੇ ਸੰਯੁਕਤ ਨਿਰਦੇਸ਼ਕ, ਡਾ. ਭੂਮੀ ਰਾਜਗੁਰੂ ਨੇ ਮਾਨਤਾ ਢਾਂਚੇ ਅਤੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਪ੍ਰਯੋਗਸ਼ਾਲਾ ਪ੍ਰਦਰਸ਼ਨ ਨੂੰ ਬਿਹਤਰ ਬਨਾਉਣ ਵਿੱਚ ਇਸ ਦੀ ਭੂਮਿਕਾ ਬਾਰੇ ਭਾਸ਼ਣ ਦਿੱਤਾ। ਡਾ. ਇਤੀ ਸਕਸੈਨਾ, ਉਪ-ਨਿਰਦੇਸ਼ਕ ਨੇ ਅਰਜ਼ੀ ਪ੍ਰਕਿਰਿਆ ਬਾਰੇ ਵਿਸਥਾਰ ਵਿੱਚ ਦੱਸਦਿਆਂ ਆਨਲਾਈਨ ਪੋਰਟਲ, ਦਸਤਾਵੇਜ਼ੀ ਲੋੜਾਂ ਅਤੇ ਪ੍ਰਕਿਰਿਆਵਾਂ ਬਾਰੇ ਮਾਰਗਦਰਸ਼ਨ ਕੀਤਾ।
ਡਾ. ਜਸਪਾਲ ਸਿੰਘ ਹੁੰਦਲ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਸਮਾਗਮ ਵਿੱਚ ਲਗਭਗ 90 ਡੈਲੀਗੇਟਾਂ ਨੇ ਹਿੱਸਾ ਲਿਆ। ਯੂਨੀਵਰਸਿਟੀ ਦੇ ਅਧਿਕਾਰੀ ਵੀ ਇਸ ਮੌਕੇ ਉਚੇਚੇ ਤੌਰ ’ਤੇ ਮੌਜੂਦ ਸਨ।
ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਖੋਜ ਨੇ ਆਏ ਹੋਏ ਮਾਹਿਰਾਂ ਅਤੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਯੋਗਦਾਨ ਸੰਬੰਧੀ ਧੰਨਵਾਦ ਪ੍ਰਗਟਾਇਆ।
