ਪਿੰਡ ਬੈਂਸ ਵਿਖੇ ਦੋ ਦਿਨਾਂ ਸਾਲਾਨਾ ਛਿੰਝ ਮੇਲਾ 27,28 ਸਤੰਬਰ ਨੂੰ।

ਨਵਾਂਸ਼ਹਿਰ- ਨਜ਼ਦੀਕੀ ਪਿੰਡ ਬੈਂਸ ਵਿਖੇ ਦੋ ਦਿਨਾਂ ਸਾਲਾਨਾ ਛਿੰਝ ਮੇਲਾ 27 ਅਤੇ 28 ਸਤੰਬਰ 2025 ਨੂੰ ਪਿੰਡ ਵਾਸੀਆਂ, ਐਨ ਆਰ ਆਈ ਵੀਰਾਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਮੈਂਬਰ ਤਰਸੇਮ ਸਿੰਘ ਬੈਂਸ ਨੇ ਦੱਸਿਆ ਕਿ ਇਹ ਛਿੰਝ ਮੇਲਾ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਵੱਡੇ ਭਰਾ ਬਲਰਾਮ ਦਾਊ ਜੀ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੇਸੀ ਮਹੀਨਾ ਅੱਸੂ ਦੇ ਨਰਾਤਿਆਂ ਵਿਚ ਪਹਿਲੇ ਸ਼ਨੀਵਾਰ ਅਤੇ ਐਤਵਾਰ ਨੂੰ ਕਰਵਾਇਆ ਜਾਂਦਾ ਹੈ। ਜਿਸ ਵਿਚ ਦੇਸ਼  ਵਿਦੇਸ਼ ਦੇ ਕੋਨੇ ਕੋਨੇ ਤੋਂ ਪ੍ਰਸਿੱਧ ਅਖਾੜਿਆਂ ਦੇ ਨਾਮੀ ਪਹਿਲਵਾਨ ਸ਼ਿਰਕਤ ਕਰਦੇ ਹਨ। 
ਉਨ੍ਹਾਂ ਕਿਹਾ ਕਿ 27 ਸਤੰਬਰ ਦਿਨ ਸ਼ਨੀਵਾਰ ਨੂੰ ਸ਼੍ਰੀ ਕ੍ਰਿਸ਼ਨ ਬਲਦੇਵ ਜੀ ਦੇ ਮੰਦਰ ਵਿਖੇ ਮੇਲੇ ਦੀ ਸ਼ੁਰੂਆਤ 'ਪਿੜ ' ਵਜੋਂ ਹੋਵੇਗੀ। ਜਿਸ ਵਿੱਚ ਬਾਹਰੋਂ ਆਏ ਹੋਏ ਭਲਵਾਨਾਂ ਤੋਂ ਇਲਾਵਾ ਪਿੰਡ ਦੇ ਬੱਚਿਆਂ ਦੇ ਵੀ ਕੁਸ਼ਤੀ ਮੁਕਾਬਲੇ ਕਰਵਾਏ ਜਾਣਗੇ। ਅਗਲੇ ਦਿਨ 28 ਸਤੰਬਰ ਐਤਵਾਰ ਨੂੰ ਇਹ ਛਿੰਝ ਮੇਲਾ ਪਿੰਡ ਤੋਂ ਬਾਹਰ ਖੁੱਲ੍ਹੇ ਮੈਦਾਨ ਵਿੱਚ ਕਰਵਾਇਆ ਜਾਵੇਗਾ। ਜਿੱਥੇ ਨਾਮੀ ਭਲਵਾਨ ਕੁਸ਼ਤੀਆਂ ਕਰਕੇ ਆਪਣੀ ਤਾਕਤ ਦਾ ਮੁਜ਼ਾਹਰਾ ਕਰਨਗੇ। 
ਪ੍ਰਬੰਧਕ ਕਮੇਟੀ ਵੱਲੋਂ ਮੇਲੇ ਨੂੰ ਸੁਚਾਰੂ ਢੰਗ ਨਾਲ ਨੇਪਰੇ ਚੜ੍ਹਾਉਣ ਅਤੇ ਲਾਈਵ ਦਿਖਾਉਣ ਲਈ ਪੁਖਤਾ ਪ੍ਰਬੰਧ ਅਤੇ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਤਾਂ ਜੋ ਦੇਸ਼ ਅਤੇ ਵਿਦੇਸ਼ਾਂ ਵਿੱਚ ਵਸਦੇ ਐਨ ਆਰ ਆਈ ਵੀਰ ਵੀ ਇਸ ਮੇਲੇ ਦਾ ਆਨੰਦ ਮਾਣ ਸਕਣ। ਇਸ ਮੌਕੇ ਮੇਜਰ ਸਿੰਘ ਸਰਪੰਚ, ਪਰਦੀਪ ਸਿੰਘ, ਸੰਦੀਪ ਸਿੰਘ, ਸੁੱਚਾ ਸਿੰਘ, ਗੁਰਪਾਲ ਸਿੰਘ, ਸਤਪਾਲ ਅਤੇ ਸੋਹਣ ਲਾਲ ਆਦਿ ਵੀ ਮੌਜੂਦ ਸਨ।