ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਆਉਣ ਵਾਲੀਆਂ ਦੋ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ
ਗੜ੍ਹਸ਼ੰਕਰ, 4 ਅਗਸਤ:- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਨਤੀਜਿਆਂ ਵਿੱਚ ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਚਲਦੇ ਕੋਰਸ ਐਮਐਸਸੀ ਫਿਜਿਕਸ ਦੇ ਦੂਜਾ ਸਮੈਸਟਰ ਦੀਆਂ ਦੋ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ।ਇਸ ਸਬੰਧੀ ਉਕਤ ਵਿਦਿਆਰਥਣਾਂ ਨੂੰ ਕਾਲਜ ਵਿੱਚ ਪ੍ਰਿੰਸੀਪਲ ਸਮੇਤ ਸਬੰਧਤ ਸਟਾਫ ਦੇ ਅਧਿਆਪਕਾਂ ਨੇ ਸਨਮਾਨਿਤ ਕੀਤਾ।
ਇਸ ਬਾਰੇ ਗੱਲ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਅਤੇ ਫਿਜਿਕਸ ਵਿਭਾਗ ਦੇ ਮੁਖੀ ਡਾ ਆਰਤੀ ਸ਼ਰਮਾ ਨੇ ਦੱਸਿਆ ਕਿ ਐਮਐਸਸੀ ਫਿਜਿਕਸ ਦੇ ਸਮੈਸਟਰ ਦੂਜਾ ਦੇ ਨਤੀਜੇ ਵਿੱਚ ਵਿਦਿਆਰਥਣ ਰੀਤਿਕਾ ਨੇ 79.2 ਫੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚੋਂ ਚੌਥੀ ਪੁਜੀਸ਼ਨ ਹਾਸਿਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਇਸੇ ਤਰਾਂ ਵਿਦਿਆਰਥਣ ਅੰਜਨਾ ਨੇ 79 ਫੀਸਦੀ ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਪੰਜਵੀਂ ਪੁਜੀਸ਼ਨ ਹਾਸਿਲ ਕੀਤੀ ਹੈ। ਇਸ ਮੌਕੇ ਪ੍ਰਿੰਸੀਪਲ ਸਮੇਤ ਫਿਜਿਕਸ ਵਿਭਾਗ ਦੇ ਸਮੂਹ ਅਧਿਆਪਕਾਂ ਨੇ ਇਨ੍ਹਾਂ ਵਿਦਿਆਰਥਣਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ 'ਤੇ ਮੁਬਾਰਕਬਾਦ ਦਿੱਤੀ ਅਤੇ ਚੰਗੇ ਭਵਿੱਖ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ।
ਕੈਪਸ਼ਨ- ਐਮਐਸਸੀ ਫਿਜਿਕਸ ਦੇ ਦੂਜਾ ਸਮੈਸਟਰ ਦੇ ਨਤੀਜੇ ਵਿੱਚ ਯੂਨੀਵਰਸਿਟੀ ਪੁਜੀਸ਼ਨਾਂ ਹਾਸਿਲ ਕਰਨ ਵਾਲੀਆਂ ਦਾ ਸਨਮਾਨ ਕਰਦੇ ਪ੍ਰਿੰਸੀਪਲ ਪਰਵਿੰਦਰ ਸਿੰਘ, ਵਿਭਾਗ ਮੁਖੀ ਡਾ ਆਰਤੀ ਸ਼ਰਮਾ ਅਤੇ ਸਟਾਫ।
