ਬਿਹਾਰ ਦੇ ਦੋ ਤਸਕਰ 15 ਕਿੱਲੋਗਰਾਮ ਅਫ਼ੀਮ ਸਮੇਤ ਗ੍ਰਿਫ਼ਤਾਰ
ਅੰਬਾਲਾ, 27 ਮਾਰਚ- ਅੰਬਾਲਾ ਦੀ ਸੀਆਈਏ-02 ਟੀਮ ਨੇ ਬਿਹਾਰ ਦੇ ਦੋ ਨਸ਼ਾ ਤਸਕਰਾਂ ਨੂੰ 1 ਕਿੱਲੋ 534 ਗਰਾਮ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਟੀਮ ਦੇ ਸਹਾਇਕ ਸਬ-ਇੰਸਪੈਕਟਰ ਨਵੀਨ ਕੁਮਾਰ, ਅੰਮ੍ਰਿਤ ਲਾਲ ਅਤੇ ਹੋਰਾਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਬਾਰੇ ਸੂਚਨਾ ਮਿਲੀ ਸੀ। ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਟੀਮ ਨੇ ਨਸਰੌਲੀ ਭੜੋਗ ਰੋਡ 'ਤੇ ਸਫੇਦੇ ਦੇ ਦਰੱਖਤਾਂ ਵਿਚਕਾਰ ਬੈਠੇ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ।
ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ 1 ਕਿੱਲੋ 534 ਗਰਾਮ ਅਫ਼ੀਮ ਬਰਾਮਦ ਕੀਤੀ ਗਈ। ਦੋਸ਼ੀਆਂ ਦੀ ਪਛਾਣ ਜੈ ਕੁਮਾਰ ਅਤੇ ਲਲਨ ਵਜੋਂ ਹੋਈ ਹੈ ਜੋ ਕਿ ਸੀਤਾਮੜੀ ਜ਼ਿਲ੍ਹਾ (ਬਿਹਾਰ) ਦੇ ਰਹਿਣ ਵਾਲੇ ਹਨ। ਪੰਜੋਖਰਾ ਸਾਹਿਬ ਥਾਣੇ ਵਿਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤ ਦੇ ਹੁਕਮਾਂ ਅਨੁਸਾਰ ਦੋਸ਼ੀ ਲਲਨ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਜਦੋਂ ਕਿ ਮੁੱਖ ਦੋਸ਼ੀ ਜੈ ਕੁਮਾਰ ਨੂੰ ਹੋਰ ਪੁੱਛਗਿੱਛ ਲਈ ਪੁਲੀਸ ਰਿਮਾਂਡ 'ਤੇ ਲਿਆ ਗਿਆ ਹੈ।
