ਰਾਜੂ ਬ੍ਰਦਰਜ਼ ਵੈਲਫੇਅਰ ਸੋਸਾਇਟੀ ਤੇ ਸੂਫ਼ੀ ਦਰਬਾਰ ਪ੍ਰਬੰਧਕ ਕਮੇਟੀ ਵੱਲੋਂ ਲੋੜਵੰਦਾਂ ਨੂੰ ਟਰਾਈਸਾਈਕਲ ਤੇ ਵ੍ਹੀਲਚੇਅਰਾਂ ਵੰਡੀਆਂ
ਗੜ੍ਹਸ਼ੰਕਰ, 3 ਅਗਸਤ:- ਰਾਜੂ ਬ੍ਰਦਰਜ਼ ਵੈਲਫੇਅਰ ਸੋਸਾਇਟੀ (ਯੂਕੇ ਅਤੇ ਪੰਜਾਬ) ਅਤੇ ਸੂਫ਼ੀ ਦਰਬਾਰ ਪ੍ਰਬੰਧਕ ਕਮੇਟੀ ਦੇ ਸੱਦੇ 'ਤੇ ਪੰਜਾਬ ਦੇ ਪ੍ਰਸਿੱਧ ਗਾਇਕ ਪਦਮ ਸ਼੍ਰੀ ਹੰਸ ਰਾਜ ਹੰਸ ਮੁੱਖ ਮਹਿਮਾਨ ਵਜੋਂ ਗੜ੍ਹਸ਼ੰਕਰ ਪਹੁੰਚੇ। ਉਨ੍ਹਾਂ ਦੀ ਆਮਦ ਨਾਲ ਸਮਾਗਮ ਦਾ ਮਾਹੌਲ ਸੂਫ਼ੀਆਨਾ ਰੰਗ ਵਿੱਚ ਰੰਗਿਆ ਗਿਆ।
ਇਸ ਮੌਕੇ ਪਦਮ ਸ਼੍ਰੀ ਹੰਸ ਰਾਜ ਹੰਸ ਨੇ ਕਿਹਾ ਕਿ ਸਮਾਜ ਵਿੱਚ ਰਹਿੰਦਿਆਂ ਸਾਨੂੰ ਆਪਣੇ ਆਲੇ-ਦੁਆਲੇ ਦੇ ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਮਦਦ ਲਈ ਹਮੇਸ਼ਾ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਸੇਵਾ ਹੈ।
ਸੂਫ਼ੀ ਦਰਬਾਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਬਲਦੇਵ ਸੈਣੀ ਨੇ ਕਿਹਾ ਕਿ ਰਾਜੂ ਬ੍ਰਦਰਜ਼ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਅਜਿਹੇ ਸਮਾਜ ਸੇਵੀ ਕਾਰਜ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹਿਣਗੇ।
ਸਮਾਗਮ ਦੌਰਾਨ ਜੀਵਨ ਜਾਗਰਤੀ ਮੰਚ ਵੱਲੋਂ ਪ੍ਰਿੰਸੀਪਲ ਬਿੱਕਰ ਸਿੰਘ ਅਤੇ ਹਰਦੇਵ ਰਾਏ, ਸ਼ਹੀਦ ਭਗਤ ਸਿੰਘ ਟਰੱਸਟ ਵੱਲੋਂ ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਬੀਬੀ ਸੁਭਾਸ਼ ਮੱਟੂ, ਉਪਕਾਰ ਐਜੂਕੇਸ਼ਨ ਟਰੱਸਟ ਵੱਲੋਂ ਭੁਪਿੰਦਰ ਰਾਣਾ, ਅਸ਼ਵਨੀ ਰਾਣਾ ਅਤੇ ਰਾਕੇਸ਼ ਰਾਜਪੂਤ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਆਈ ਕੋਰਨੀਆ ਪਲਾਂਟ ਟਰੱਸਟ ਵੱਲੋਂ ਡਾ. ਤਰਸੇਮ ਲਾਲ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਵੱਖ-ਵੱਖ ਦਰਬਾਰਾਂ ਤੋਂ ਪੁੱਜੇ ਸੰਤ ਮਹਾਪੁਰਸ਼ਾਂ ਨੇ ਵੀ ਇਸ ਵਿਲੱਖਣ ਸਮਾਜ ਸੇਵੀ ਪ੍ਰੋਗਰਾਮ ਵਿੱਚ ਹਾਜ਼ਰੀ ਲਗਵਾਈ।
ਇਸ ਮੌਕੇ ਲੋੜਵੰਦ ਅਤੇ ਦਿਵਿਆਂਗ ਵਿਅਕਤੀਆਂ ਨੂੰ ਟਰਾਈਸਾਈਕਲਾਂ ਅਤੇ ਵ੍ਹੀਲਚੇਅਰਾਂ ਵੰਡੀਆਂ ਗਈਆਂ, ਜਿਸ ਨਾਲ ਕਈ ਪਰਿਵਾਰਾਂ ਦੇ ਚਿਹਰਿਆਂ 'ਤੇ ਖੁਸ਼ੀ ਦੇਖਣ ਨੂੰ ਮਿਲੀ।
ਇਸ ਮੌਕੇ ਦੱਸਿਆ ਗਿਆ ਕਿ ਡਾ. ਅਮਰਜੀਤ ਰਾਜੂ ਅਤੇ ਉਨ੍ਹਾਂ ਦੀ ਟੀਮ, ਜਿਸ ਵਿੱਚ ਹੈਪੀ ਸਢੋਵਾਲ, ਡਾ. ਲਖਵਿੰਦਰ ਲੱਕੀ, ਰੌਕੀ ਮੋਲਾ, ਸਿੰਦਾ ਗੋਲੀਆਂ, ਪ੍ਰੀਤ ਪਰੋਵਾਲ ਅਤੇ ਹਰਜਿੰਦਰ ਸਰਪੰਚ (ਐੱਮ. ਮੁਗਲਾਂ) ਸ਼ਾਮਲ ਹਨ, ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਘਰ-ਘਰ ਜਾ ਕੇ ਲੋੜਵੰਦਾਂ ਨੂੰ ਵ੍ਹੀਲਚੇਅਰਾਂ ਅਤੇ ਟਰਾਈਸਾਈਕਲਾਂ ਮੁਹੱਈਆ ਕਰਵਾ ਰਹੇ ਹਨ।
ਪਦਮ ਸ਼੍ਰੀ ਹੰਸ ਰਾਜ ਹੰਸ ਨੇ ਕਿਹਾ ਕਿ ਜਦੋਂ ਵੀ ਇਸ ਸੋਸਾਇਟੀ ਨੂੰ ਉਨ੍ਹਾਂ ਦੀ ਲੋੜ ਹੋਵੇਗੀ, ਉਹ ਹਮੇਸ਼ਾ ਸੇਵਾ ਲਈ ਤਿਆਰ ਰਹਿਣਗੇ। ਸਮਾਗਮ ਦੇ ਅੰਤ ਵਿੱਚ ਰਾਜੂ ਬ੍ਰਦਰਜ਼ ਵੈਲਫੇਅਰ ਸੋਸਾਇਟੀ ਅਤੇ ਸੂਫ਼ੀ ਦਰਬਾਰ ਪ੍ਰਬੰਧਕ ਕਮੇਟੀ ਵੱਲੋਂ ਪਦਮ ਸ਼੍ਰੀ ਹੰਸ ਰਾਜ ਹੰਸ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਸਮੂਹ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਪ੍ਰਗਟਾਇਆ ਗਿਆ।
