ਪਿੰਡ ਫਤਿਹਪੁਰ ਕੋਠੀ ਵਿੱਚ ਮਾਤਾ ਪ੍ਰਕਾਸ਼ ਕੌਰ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ
ਮਾਹਿਲਪੁਰ - ਅੱਜ ਅਸੀਂ ਸਾਰੇ ਜਿਸ ਵੀ ਰੁਤਬੇ ਤੇ ਪੁੱਜੇ ਹੋਏ ਹਾਂ ਉਸ ਵਿੱਚ ਅਹਿਮ ਯੋਗਦਾਨ ਮਾਤਾ ਦਾ ਹੈ ਕਿਉਂਕਿ ਸਾਡੀ ਪਹਿਲੀ ਗੁਰੂ ਮਾਂ ਹੁੰਦੀ ਹੈ ਜੋ ਸਾਨੂੰ ਸੱਚਾ ਸੁੱਚਾ ਜਿਸਮ, ਰੂਹ ਅਤੇ ਬੌਧਿਕਤਾ ਬਖਸ਼ਦੀ ਹੈl ਇਹਨਾਂ ਉਚੇਰੀਆਂ ਕਦਰਾਂ ਕੀਮਤਾਂ ਦੇ ਆਸਰੇ ਅਸੀਂ ਉੱਚੀਆਂ ਮੰਜ਼ਿਲਾਂ ਪ੍ਰਾਪਤ ਕਰਦੇ ਹਾਂ। ਇਹ ਵਿਚਾਰ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਪਿੰਡ ਫਤਿਹਪੁਰ ਕੋਠੀ ਵਿੱਚ ਮਾਤਾ ਪ੍ਰਕਾਸ਼ ਕੌਰ ਸੁਪਤਨੀ ਸਵਰਗੀ ਦਰਸ਼ਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਆਖੇ l ਉਹਨਾਂ ਅੱਗੇ ਕਿਹਾ ਕਿ ਉਨਾਂ ਦੇ ਸਪੁੱਤਰ ਸਤਪਾਲ ਸਿੰਘ ਸਹੋਤਾ,ਮਨਜੀਤ ਕੌਰ ਅਤੇ ਬਲਜਿੰਦਰ ਕੌਰ ਵੱਲੋਂ ਦੇਸ਼ ਵਿਦੇਸ਼ ਵਿੱਚ ਸਮਾਜਿਕ ਕਾਰਜਾਂ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਇਹ ਪ੍ਰੇਰਨਾ ਉਹਨਾਂ ਨੂੰ ਆਪਣੇ ਮਾਤਾ ਪਿਤਾ ਕੋਲੋਂ ਹੀ ਮਿਲੀ ਹੈ। ਜਿਸ ਕਰਕੇ ਉਹ ਸਮਾਜ ਦੀ ਬੇਹਤਰੀ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਇਸ ਮੌਕੇ ਸਾਬਕਾ ਐਮਐਲਏ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਪਰਿਵਾਰਕ ਸਾਂਝਾਂ ਬਾਰੇ ਬੋਲਦਿਆਂ ਕਿਹਾ ਕਿ ਉਹਨਾਂ ਨੇ ਹਰ ਕਿਸੇ ਨੂੰ ਹਮੇਸ਼ਾ ਗਲੇ ਲਗਾਇਆ l ਓਲੰਪੀਅਨ ਜਰਨੈਲ ਸਿੰਘ ਮਮੋਰੀਅਲ ਕਮੇਟੀ ਗੜਸ਼ੰਕਰ ਵੱਲੋਂ ਸ਼ਰਧਾਂਜਲੀ ਭੇਂਟ ਕਰਦਿਆਂ ਰੋਸ਼ਨਜੀਤ ਸਿੰਘ ਨੇ ਕਿਹਾ ਮਾਤਾ ਪ੍ਰਕਾਸ਼ ਕੌਰ ਦੇ ਪਰਿਵਾਰ ਦੀ ਖੇਡ ਜਗਤ ਨੂੰ ਵਿਸ਼ੇਸ਼ ਦੇਣ ਹੈ। ਇਸ ਮੌਕੇ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਅਤੇ ਸ਼ਵਿੰਦਰਜੀਤ ਸਿੰਘ ਬੈਂਸ ਰਿਟਾਇਰਡ ਐਸਪੀ ਪੀਪੀਐਸ ਨੇ ਮਾਤਾ ਜੀ ਦੁਆਰਾ ਸਿਰਜੇ ਰਚਨਾਤਮਕ ਸੰਸਾਰ ਦੀ ਸਲਾਘਾ ਕੀਤੀ l ਉਹਨਾਂ ਸਤਪਾਲ ਸਿੰਘ ਸਹੋਤਾ ਅਤੇ ਪਰਿਵਾਰ ਦੀ ਦਿੱਤੀ ਦੇਣ ਦਾ ਸਨਮਾਨ ਵੀ ਕੀਤਾ। ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਵੱਲੋਂ ਪੁਸਤਕਾਂ ਦਾ ਸੈਟ ਬੀਬੀ ਮਨਜੀਤ ਕੌਰ ਅਤੇ ਬਲਜਿੰਦਰ ਕੌਰ ਨੂੰ ਭੇਟ ਕੀਤਾ ਗਿਆ।
ਇਸ ਮੌਕੇ ਤਰਨਾ ਦਲ ਦੇ ਮੁਖੀ ਬਾਬਾ ਹਰਦੇਵ ਸਿੰਘ ਅਤੇ ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਨਾਲ ਸੰਗਤਾਂ ਨੂੰ ਆਪਣੇ ਅਸਲ ਟੀਚੇ ਵੱਲ ਮੋੜਿਆ ਗਿਆ। ਮੰਚ ਸੰਚਾਲਨ ਮੱਖਣ ਸਿੰਘ ਕੋਠੀ ਵੱਲੋਂ ਕੀਤਾ ਗਿਆ। ਇਸ ਸ਼ੋਕ ਸਭਾ ਵਿੱਚ ਵਿਦਿਅਕ,ਧਾਰਮਿਕ, ਖੇਡ, ਸਾਹਿਤਿਕ, ਸੱਭਿਆਚਾਰਕ ਅਤੇ ਰਾਜਸੀ ਸੰਸਥਾਵਾਂ ਦੇ ਆਗੂ ਸ਼ਾਮਿਲ ਹੋਏ l ਪਰਿਵਾਰਕ ਰਿਸ਼ਤੇਦਾਰ ਅਤੇ ਸਾਕ ਸਬੰਧੀਆਂ ਤੋਂ ਇਲਾਵਾ ਮਲਕੀਤ ਸਿੰਘ, ਯਾਦਵਿੰਦਰ ਸਿੰਘ ਖਾਬੜਾ, ਦਵਿੰਦਰ ਸਿੰਘ ਬਾਹੋਵਾਲ, ਨਰਿੰਦਰ ਕਪੂਰ, ਪ੍ਰਿੰਸੀਪਲ ਰਘਬੀਰ ਸਿੰਘ,ਜਮਸ਼ੇਰ ਸਿੰਘ ਤੰਬੜ, ਰਾਜ ਕੁਮਾਰ, ਜਰਨੈਲ ਸਿੰਘ ਸਮੇਤ ਬਹੁਤ ਗਿਣਤੀ ਵਿੱਚ ਨਗਰ ਨਿਵਾਸੀ ਹਾਜ਼ਰ ਸਨ।
