ਯੁੱਗਨਾਇਕ ਗ਼ਦਰੀ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਸਰਧਾਂਜ਼ਲੀ ਭੇਂਟ
ਹੁਸ਼ਿਆਰਪੁਰ:- ਗ਼ਦਰੀ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਅੱਜ ਉਨਾਂ ਦੇ 110ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨਾਂ ਦੇ ਆਜ਼ਾਦੀ ਸੰਗਰਾਮ 'ਚ ਪਾਏ ਬੇਮਿਸਾਲ ਯੋਗਦਾਨ ਨੂੰ ਸਿਜਦਾ ਕੀਤਾ ਗਿਆ। ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਤੋਂ ਇਲੈਕਟ੍ਰਿਕ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕਰਨ ਵਾਲੇ ਭਾਰਤ ਦੇ ਮਹਾਨ ਸਪੂਤ ਕਰਤਾਰ ਸਿੰਘ ਸਰਾਭਾ ਜੀ ਨੇ ਦੇਸ਼ ਸੇਵਾ ਦੇ ਬਿਖੜੇ ਪੈਂਡੇ ਨੂੰ ਚੁਣਿਆ ਤੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਖਰੀ ਸਾਹਾਂ ਤੱਕ ਜੂਝਦਿਆਂ ਸ਼ਹਾਦਤ ਦਾ ਜਾਮ ਪੀਤਾ।
ਅਣਖੀਲੇ ਯੋਧੇ ਸਰਾਭੇ ਨੂੰ ਛੋਟੀ ਉਮਰ ਦੇ ਬਾਵਜੂਦ ਉਸਦੀ ਸਿਆਣਪ ਤੇ ਦੂਰ ਅੰਦੇਸ਼ੀ ਸੋਚ ਕਰਕੇ ਉੱਡਣਾ ਸੱਪ ਕਿਹਾ ਜਾਂਦਾ ਸੀ ਜੋ ਅੰਗਰੇਜ਼ ਹਾਕਮਾਂ ਦੇ ਮੱਥੇ ਡੰਗ ਮਾਰਨ ਤੇ ਦੇਸ਼ ਦੇ ਗਲੋਂ ਗੁਲਾਮੀ ਲਾਹੁਣ ਲਈ ਜਾਨ ਜੋਖ਼ਮ 'ਚ ਪਾ ਦਿਨ ਰਾਤ ਉੱਡਿਆ ਫਿਰਦਾ ਸੀ। ਲਾਹੌਰ ਸਾਜ਼ਿਸ਼ ਕੇਸ ਪਹਿਲਾ ਅਧੀਨ 16 ਨਵੰਬਰ 1915 ਨੂੰ ਆਪਣੇਂ 6 ਸਾਥੀ ਗ਼ਦਰੀ ਯੋਧਿਆਂ ਸਮੇਤ ਫਾਂਸੀ ਤੇ ਚੜ੍ਹ ਕੇ ਉਹ ਸਦਾ ਲਈ ਅਮਰ ਹੋ ਗਿਆ ਤੇ ਦੇਸ਼ ਦੀ ਆਜ਼ਾਦੀ ਦਾ ਮੁੱਢ ਬੰਨ ਗਿਆ।
ਹਰ ਸਾਲ ਦੀ ਤਰਾਂ ਇਸ ਸਾਲ ਵੀ ਦੇਸ਼ ਭਰ 'ਚ ਸ਼ਹੀਦਾਂ ਦੇ ਵਾਰਿਸ ਜੁਝਾਰੂ ਲੋਕਾਂ ਵਲੋਂ ਉਨਾਂ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ ਤੇ ਦੇਸ਼ ਨੂੰ ਮੌਜੂਦਾ ਸੰਕਟਮਈ ਹਾਲਾਤਾਂ ਚੋਂ ਕੱਢਕੇ ਉਨਾਂ ਦੇ ਸੁਪਨਿਆਂ ਦੇ ਸਮਾਜ ਦੀ ਸਿਰਜਣਾ ਕਰਨ ਲਈ ਅਹਿਦ ਕੀਤਾ ਗਿਆ।
ਪਿੰਡ ਨੰਗਲ ਖਿਲਾੜੀਆਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਤਲਵਿੰਦਰ ਸਿੰਘ ਹੀਰ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸਮੁੱਚੀਆਂ ਲੋਕ ਪੱਖੀ ਧਿਰਾਂ ਨੂੰ ਏਕਤਾ ਕਰਨ ਤੇ ਦੇਸ਼ ਨੂੰ ਫਿਰਕਾਪ੍ਰਸਤ ਹਾਕਮਾਂ ਤੇ ਲੁਟੇਰੇ ਸਰਮਾਏਦਾਰਾਂ ਵਿਰੁੱਧ ਸਾਂਝੇ ਸੰਘਰਸਾਂ ਵਿੱਚ ਜੂਝਣ ਦਾ ਸੱਦਾ ਦਿੱਤਾ। ਇਸ ਮੌਕੇ ਭੈਣ ਸੁਰਿੰਦਰ ਕੌਰ, ਬੀਬੀ ਰਾਜਵਿੰਦਰ ਕੌਰ, ਜੈਸਮੀਨ ਕੌਰ, ਜਸਪ੍ਰੀਤ ਕੌਰ, ਜਤਿੰਦਰ ਸਿੰਘ, ਸੁੱਚਾ ਸਿੰਘ ਨੇ ਵੀ ਸ਼ਮੂਲੀਅਤ ਕੀਤੀ।
