ਕੌਮਾਂਤਰੀ ਫੁੱਟਬਾਲਰ ਅਤੇ ਬੀਐਸਐਫ ਦੇ ਰਿਟਾਇਰਡ ਕਮਾਂਡੈਂਟ ਅਰਜਨ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ
ਗੜ੍ਹਸ਼ੰਕਰ, 9 ਸਤੰਬਰ:- ਫੁੱਟਬਾਲ ਦੇ ਅੰਬਰ ਤੇ ਧਰੂ ਤਾਰੇ ਵਾਂਗ ਚਮਕਣ ਵਾਲੇ ਕੌਮਾਂਤਰੀ ਫੁੱਟਬਾਲਰ ਅਤੇ ਕੋਚ ਅਰਜਨ ਸਿੰਘ ਦੇ ਚਲਾਣੇ ਤੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕਰਨ ਲਈ ਇੱਕ ਸ਼ੋਕ ਸਭਾ ਕੀਤੀ ਗਈ। ਜਿਸ ਵਿੱਚ ਓਲੰਪੀਅਨ ਜਰਨੈਲ ਸਿੰਘ ਕਮੇਟੀ ਗੜ੍ਹਸ਼ੰਕਰ ਅਤੇ ਪ੍ਰਿੰ. ਹਰਭਜਨ ਸਿੰਘ ਸਪੋਰਟਿੰਗ ਕਲੱਬ ਦੇ ਮੈਂਬਰ ਸ਼ਾਮਿਲ ਹੋਏ। ਇਸ ਮੌਕੇ ਉਹਨਾਂ ਦੇ ਪਿਆਰੇ ਸ਼ਾਗਿਰਦ ਰਿਟਾਇਰਡ ਐਸ ਪੀ ਸ਼ਵਿੰਦਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਹ ਇੱਕ ਅਜਿਹੇ ਇਨਸਾਨ ਸਨ ਜਿਨ੍ਹਾਂ ਅਨੇਕਾਂ ਫੁੱਟਬਾਲ ਖਿਡਾਰੀਆਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਤੱਕ ਪਹੁੰਚਾਉਣ ਲਈ ਅਣਥੱਕ ਯਤਨ ਕੀਤੇ।
ਉਨ੍ਹਾਂ ਦੀ ਫੁੱਟਬਾਲ ਸੰਸਾਰ ਨੂੰ ਦਿੱਤੀ ਦੇਣ ਕਦੀ ਭਲਾਈ ਨਹੀਂ ਜਾ ਸਕਦੀ। ਉਹ ਪੰਜਾਬ ਦੇ ਇੱਕੋ ਇੱਕ ਅਜਿਹੇ ਖਿਡਾਰੀ ਅਤੇ ਕੋਚ ਸਨ ਜਿਨ੍ਹਾਂ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਸਾਰੇ ਕੋਰਸ ਏ ਗ੍ਰੇਡ ਵਿੱਚ ਪਾਸ ਕੀਤੇ ਹੋਏ ਸਨ। ਮੇਰੇ ਵਰਗੇ ਅਨੇਕਾਂ ਖਿਡਾਰੀ ਉਹਨਾਂ ਦੀਆਂ ਨਸੀਹਤਾਂ ਦੀ ਪਾਲਣਾ ਕਰਦੇ ਹੋਏ ਉੱਚ ਅਹੁਦਿਆਂ ਤੱਕ ਪੁੱਜੇ।
ਭਾਰਤੀ ਟੀਮ ਵਿੱਚ ਚੁਣੇ ਜਾਣ ਮੌਕੇ ਜਦੋਂ ਪ੍ਰਬੰਧਕਾਂ ਵੱਲੋਂ ਜਰਨੈਲ ਸਿੰਘ ਤੋਂ ਉਹਨਾਂ ਦੀ ਫਿਟਨੈਸ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ' ਅਰਜਨ ਸਿੰਘ ਘੋੜੇ ਵਾਂਗ ਫਿੱਟ ਹੈ'। ਇਸ ਮੌਕੇ ਰੌਸ਼ਨਜੀਤ ਸਿੰਘ ਪਨਾਮ ਨੇ ਉਹਨਾਂ ਨੂੰ ਸ਼ਰਧਾ ਸੁਮਨ ਭੇਂਟ ਕਰਦਿਆਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬਸੀ ਮੁੱਦਾ ਵਿੱਚ 1937 ਨੂੰ ਜਨਮ ਲੈਣ ਵਾਲੇ ਅਰਜਨ ਸਿੰਘ ਅੱਜ ਕੱਲ ਅਮਰੀਕਾ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੇ ਸਨ। ਓਲੰਪੀਅਨ ਜਰਨੈਲ ਸਿੰਘ ਵਰਗੇ ਫੁੱਟਬਾਲਰ ਉਨ੍ਹਾਂ ਦੀ ਦੇਣ ਨੂੰ ਸਦਾ ਨਤਮਸਤਕ ਹੁੰਦੇ ਰਹੇ।
ਇਸ ਸ਼ੋਕ ਸਭਾ ਵਿੱਚ ਪ੍ਰਧਾਨ ਕੁਲਵੰਤ ਸਿੰਘ ਸੰਘਾ, ਕਾਰਜਕਾਰੀ ਪ੍ਰਧਾਨ ਹਰਵਿੰਦਰ ਸਿੰਘ ਬਾਠ, ਪ੍ਰਿੰ. ਪਰਵਿੰਦਰ ਸਿੰਘ, ਸੂਰਜ ਭਾਨ ਹਾਂਡਾ, ਰਾਧੇ ਸ਼ਾਮ, ਸ਼੍ਰੋਮਣੀ ਸਾਹਿਤਕਾਰ ਬਲਜਿੰਦਰ ਮਾਨ, ਡਾ.ਪਰਮਪ੍ਰੀਤ ਕੈਂਡੋਵਾਲ, ਮਾਸਟਰ ਬਨਿੰਦਰ ਸਿੰਘ ਤਰਲੋਚਨ ਸਿੰਘ ਸੰਧੂ, ਅਰਵਿੰਦਰ ਸਿੰਘ ਹਵੇਲੀ ਅਤੇ ਡਾ. ਜੰਗ ਬਹਾਦਰ ਸੇਖੋਂ ਸਮੇਤ ਫੁੱਟਬਾਲ ਪ੍ਰੇਮੀ, ਫੁੱਟਬਾਲ ਖਿਡਾਰੀ ਅਤੇ ਕੋਚ ਸ਼ਾਮਿਲ ਹੋਏ।
