ਅੱਜ ਕਿਸਾਨ ਯੂਨੀਅਨ ਦਿੱਲੀ ਲਈ ਕਰੇਗੀ ਕੂਚ
ਅੰਬਾਲਾ:- ਭਾਰਤੀ ਕਿਸਾਨ ਯੂਨੀਅਨ (ਸ਼ਹੀਦ ਭਗਤ ਸਿੰਘ) ਨੇ ਅੱਜ ਅੰਬਾਲਾ ਸ਼ਹਿਰ ਦੀ ਅਨਾਜ ਮੰਡੀ ਸਥਿਤ ਕਿਸਾਨ ਭਵਨ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਪੱਤਰਕਾਰਾਂ ਨੂੰ ਦੱਸਿਆ ਕਿ ਯੂਨੀਅਨ ਦਿੱਲੀ ਦੇ ਜੰਤਰ-ਮੰਤਰ 'ਤੇ ਪੇਪਰ ਲੀਕ ਮਾਮਲੇ ਸਬੰਧੀ ਅੰਦੋਲਨ ਕਰ ਰਹੇ ਵਿਦਿਆਰਥੀਆਂ 'ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ।
ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਮਾਜਰੀ ਨੇ ਕਿਹਾ ਕਿ ਯੂਨੀਅਨ ਵਿਦਿਆਰਥੀਆਂ ਦੇ ਸੰਘਰਸ਼ ਦਾ ਸਮਰਥਨ ਕਰਦੀ ਹੈ ਅਤੇ 25 ਜੁਲਾਈ ਨੂੰ ਅੰਬਾਲਾ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਲਈ ਕੂਚ ਕਰਨਗੇ। ਉਨ੍ਹਾਂ ਯੂਨੀਅਨ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸਵੇਰੇ 6 ਵਜੇ ਜੀ.ਟੀ. ਰੋਡ 'ਤੇ ਮੋਹੜਾ ਸਥਿਤ ਐਨ.ਡੀ.ਆਈ. ਪਲਾਜ਼ਾ ਵਿੱਚ ਇਕੱਠੇ ਹੋਣ।
ਯੂਨੀਅਨ ਦੇ ਅਹੁਦੇਦਾਰਾਂ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਦੀ ਵੀ ਨਿੰਦਾ ਕੀਤੀ। ਗੁਰਮੀਤ ਸਿੰਘ ਮਾਜਰੀ ਨੇ ਕਿਹਾ ਕਿ ਕਿਸਾਨਾਂ ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਵਿਰੋਧ ਵਿੱਚ ਦਿੱਲੀ ਦੇ ਕਿਸਾਨ ਘਾਟ 'ਤੇ ਇੱਕ ਦਿਨ ਦੇ ਧਰਨੇ ਵਿੱਚ ਸ਼ਾਮਲ ਹੋਣਾ ਸੀ, ਪਰ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ ਗਿਆ, ਜਿਸ ਦੀ ਯੂਨੀਅਨ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ।
ਪ੍ਰੈੱਸ ਕਾਨਫ਼ਰੰਸ ਦੌਰਾਨ ਗੁਰਮੀਤ ਸਿੰਘ ਮਾਜਰੀ ਦੇ ਨਾਲ ਮਨਜੀਤ ਸਿੰਘ ਮਛੌਂਡਾ, ਕੁਲਦੀਪ ਸਿੰਘ ਮੋਹੜੀ, ਭੂਰਾ ਕੁਰਬਾਨਪੁਰ ਅਤੇ ਹੋਰ ਕਿਸਾਨ ਆਗੂ ਵੀ ਮੌਜੂਦ ਸਨ।
