ਮੁੱਖ ਮੰਤਰੀ ਦੀ ਕੋਠੀ ਤੇ ਕਿਸਾਨਾਂ ਦਾ ਤਿੰਨ ਰੋਜ਼ਾ ਮਹਾਪੜਾਅ ਅੱਜ ਤੋਂ
ਅੰਬਾਲਾ, 22 ਫਰਵਰੀ:- ਭਾਰਤੀ ਕਿਸਾਨ ਯੂਨੀਅਨ (ਸ਼ਹੀਦ ਭਗਤ ਸਿੰਘ) ਦੇ ਅਹੁਦੇਦਾਰਾਂ ਨੇ ਦੱਸਿਆ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ 23, 24 ਅਤੇ 25 ਫਰਵਰੀ ਤਿੰਨ ਦਿਨਾਂ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਕੁਰੂਕਸ਼ੇਤਰ ਸਥਿਤ ਕੋਠੀ ਤੇ ਮਹਾ-ਪੜਾਅ ਕੀਤਾ ਜਾ ਰਿਹਾ ਹੈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਮਾਜਰੀ ਅਤੇ ਜੈ ਸਿੰਘ ਜਲਬੇੜਾ ਨੇ ਵੀਡੀਓ ਸੰਦੇਸ਼ ਜਾਰੀ ਕਰ ਕੇ ਦੱਸਿਆ ਕਿ ਇਹ ਮਹਾ ਪੜਾਅ ਕਿਸਾਨਾਂ/ਮਜ਼ਦੂਰਾਂ ਦੀਆਂ ਮੰਗਾਂ ਮਨਵਾਉਣ ਲਈ ਪਹਿਲਾਂ ਹੀ ਰੱਖਿਆ ਗਿਆ ਸੀ।
ਉਨ੍ਹਾਂ ਦੀਆਂ ਮੰਗਾਂ ਵਿਚ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਵਾਉਣਾ, ਸੰਪੂਰਨ ਕਰਜ਼ਾ ਮੁਕਤੀ, ਫਸਲ ਦਾ ਖ਼ਰਾਬਾ, ਮੰਡੀਆਂ ਵਿਚ ਹੁੰਦੀ ਲੁੱਟ ਅਤੇ ਬਜ਼ੁਰਗਾਂ ਦੀ ਕੱਟੀ ਗਈ ਪੈਨਸ਼ਨ, ਮਜ਼ਦੂਰਾਂ ਦੇ ਕੱਟੇ ਗਏ ਰਾਸ਼ਨ ਕਾਰਡ ਆਦਿ ਮੁੱਦੇ ਸ਼ਾਮਲ ਹਨ। ਮਾਜਰੀ ਨੇ ਦੱਸਿਆ ਕਿ ਅੰਬਾਲਾ ਬਲਾਕ ਇਕ ਅਤੇ ਦੋ ਦੇ ਕਿਸਾਨ ਐਨ.ਡੀ ਪਲਾਜ਼ਾ ਮੌਹੜਾ ਤੇ ਇਕੱਠੇ ਹੋਣਗੇ ਅਤੇ ਸੰਗਤ ਦੇ ਰੂਪ ਵਿਚ ਤਾਊ ਦੇਵੀ ਲਾਲ ਪਾਰਕ ਵਿਚ ਇਕੱਠੇ ਹੋ ਕੇ ਦੁਪਹਿਰ ਇਕ ਵਜੇ ਮੁੱਖ ਮੰਤਰੀ ਦੀ ਕੋਠੀ ਅੱਗੇ ਪਹੁੰਚਣਗੇ।
ਯੂਨੀਅਨ ਆਗੂਆਂ ਨੇ ਕਿਸਾਨਾਂ ਨੂੰ ਚਾਹ ਆਦਿ ਲਈ ਦੁੱਧ ਨਾਲ ਲੈ ਕੇ ਆਉਣ ਅਤੇ ਗੁਰਦੁਆਰਿਆਂ ਨੂੰ ਤਿੰਨ ਦਿਨ ਲੰਗਰ ਦੀ ਸੇਵਾ ਕਰਨ ਦੀ ਅਪੀਲ ਵੀ ਕੀਤੀ ਹੈ।
