ਟਾਇਰ ਚੋਰੀ ਕਰਨ ਵਾਲੇ ਅੰਤਰਰਾਜੀ ਗਿਰੋਹ ਦੇ ਤਿੰਨ ਸਰਗਰਮ ਮੈਂਬਰ ਗ੍ਰਿਫ਼ਤਾਰ

ਅੰਬਾਲਾ:- ਸੀਆਈਏ-2 ਦੇ ਸਹਾਇਕ ਸਬ-ਇੰਸਪੈਕਟਰ ਅੰਮ੍ਰਿਤ, ਰਾਜੇਸ਼ ਅਤੇ ਨਵੀਨ ਨੇ ਆਪਣੀ ਟੀਮ ਨਾਲ ਇੱਕ ਟਾਇਰ ਚੋਰੀ ਕਰਨ ਵਾਲੇ ਗਿਰੋਹ 'ਤੇ ਕਾਰਵਾਈ ਕਰਦੇ ਹੋਏ ਤਿੰਨ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ੀਆਂ ਦੀ ਪਛਾਣ ਚਮਿੰਦਰ ਕੁਮਾਰ (ਵਾਸੀ ਜਗਦੋਲੀ, ਯਮੁਨਾਨਗਰ),  ਰਾਜੇਸ਼ ਕੁਮਾਰ (ਵਾਸੀ ਸ਼ਾਦੀਪੁਰ, ਯਮੁਨਾਨਗਰ) ਅਤੇ ਕੁਲਦੀਪ ਉਰਫ਼ ਪੰਕਜ, ਵਾਸੀ ਪਿੰਡ ਅਹਾਬਾਦਪੁਰ (ਯਮੁਨਾਨਗਰ) ਵਜੋਂ ਹੋਈ ਹੈ। ਪੁਲੀਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਹੋਏ ਛੇ ਟਾਇਰ (ਰਿਮ ਸਮੇਤ), ਇੱਕ ਟਰੱਕ, ਇੱਕ ਜੈੱਕ, ਰਾਡ ਅਤੇ ਹੋਰ ਔਜ਼ਾਰ ਬਰਾਮਦ ਕੀਤੇ ਹਨ।
ਕੇਸਰੀ ਪਿੰਡ ਦੇ ਬਲਵਿੰਦਰ ਸਿੰਘ ਨੇ 13 ਫਰਵਰੀ, 2026 ਨੂੰ ਸਾਹਾ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਗੱਡੀ ਵਿੱਚੋਂ ਟਾਇਰ ਚੋਰੀ ਹੋ ਗਏ ਹਨ। ਚੋਰੀ ਸਬੰਧੀ ਐਸ.ਪੀ ਅੰਬਾਲਾ ਤੋਂ ਮਿਲੀ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਸੀਆਈਏ-2 ਅੰਬਾਲਾ ਨੇ ਅਧੋਈ (ਬਰਾੜਾ) ਤੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅਦਾਲਤ ਦੇ ਹੁਕਮਾਂ ਤੇ ਤਿੰਨਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। 
ਪੁਲੀਸ ਅਨੁਸਾਰ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਗਿਰੋਹ ਸੁੰਨਸਾਨ ਇਲਾਕਿਆਂ ਵਿੱਚ ਖੜ੍ਹੇ ਵਾਹਨਾਂ ਨੂੰ ਨਿਸ਼ਾਨਾ ਬਣਾਉਂਦੇ ਸਨ ਅਤੇ ਜੈੱਕਾਂ ਤੇ ਰਾਡਾਂ ਦੀ ਵਰਤੋਂ ਕਰਕੇ ਟਾਇਰਾਂ ਨੂੰ ਲਾਹ ਕੇ ਆਪਣੇ ਟਰੱਕਾਂ ਵਿੱਚ ਲੱਦ ਕੇ  ਭੱਜ ਜਾਂਦੇ ਸਨ।