ਇਸ ਸਾਲ ਕਾਲੀ ਦੀਵਾਲੀ ਮਨਾਉਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ਼ ਕਰਮਚਾਰੀ

ਐਸ.ਏ.ਐਸ.ਨਗਰ, 8 ਨਵੰਬਰ - ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ਼ ਕਰਮਚਾਰੀ ਇਸ ਸਾਲ ਕਾਲੀ ਦੀਵਾਲੀ ਮਨਾਉਣਗੇ ਅਤੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਨਗੇ। ਇਸ ਸਬੰਧੀ ਫੈਸਲਾ ਡੇਲੀਵੇਜ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸ੍ਰੀ ਰਾਜਕੁਮਾਰ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਵਿੱਚ ਕੀਤਾ ਗਿਆ ਹੈ।

ਜੱਥੇਬੰਦੀ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਬੀਤੀ 07-10-2022 ਨੂੰ ਸਿੱਖਿਆ ਵਿਭਾਗ ਵਿੱਚ 8736 ਕੱਚੇ ਮੁਲਾਜਮ ਪੱਕੇ ਕਰਨ ਦਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਸ ਰਾਹੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ 525 ਕੱਚੇ ਮੁਲਾਜਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਨੋਟੀਫਿਕੇਸ਼ਨ ਦੇ ਫੈਸਲੇ ਨੂੰ ਅਡੋਪਟ ਕਰਦੇ ਹੋਏ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ 525 ਕੱਚੇ ਮੁਲਾਜਮਾਂ ਤੋਂ ਰੈਗੁਲਰ ਕਰਨ ਸਬੰਧੀ ਸਰਕਾਰ ਵੱਲੋਂ ਜਾਰੀ ਪ੍ਰੋਫਾਰਮਾ ਭਰਵਾਇਆ ਗਿਆ ਸੀ। ਇਹਨਾਂ ਕਰਮਚਾਰੀਆਂ ਨੂੰ ਰੈਗੁਲਰ ਕਰਨ ਸਬੰਧੀ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ ਅਤੇ ਕਮੇਟੀ ਬਣੇ ਨੂੰ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰੰਤੂ ਕਮੇਟੀ ਵਲੋਂ ਸਿਰਫ ਮੀਟਿੰਗ ਰੱਖੀ ਜਾਂਦੀ ਹੈ ਅਤੇ ਫਿਰ ਕੈਂਸਲ ਕਰ ਦਿੱਤੀ ਜਾਂਦੀ ਹੈ ਅਤੇ ਇਸ ਸਮੇਂ ਦੌਰਾਨ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।

ਉਹਨਾਂ ਕਿਹਾ ਕਿ ਯੂਨੀਅਨ ਵੱਲੋਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨਾਲ ਰੈਗੂਲਰ ਕਰਨ ਸਬੰਧੀ ਸਮੇਂ ਸਮੇਂ ਤੇ ਰਾਬਤਾ ਬਣਾਇਆ ਗਿਆ ਅਤੇ ਬੋਰਡ ਮੈਨੇਜਮੈਟ ਨਾਲ ਵੀ ਮੀਟਿੰਗਾਂ ਕੀਤੀਆਂ ਗਈਆਂ ਪਰ 525 ਕੱਚੇ ਮੁਲਾਜਮਾਂ ਨੂੰ ਅੱਜ ਤੱਕ ਨਿਯੁਕਤੀ ਪੱਤਰ ਨਹੀ ਦਿੱਤੇ ਗਏ। ਯੂਨੀਅਨ ਵੱਲੋਂ ਬੀਤੀ 30 ਅਗਸਤ ਨੂੰ ਪੰਜਾਬ ਭਵਨ, ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਨਾਲ ਮੀਟਿੰਗ ਵੀ ਕੀਤੀ ਗਈ ਸੀ ਜਿਸ ਤੇ ਸਰਕਾਰ ਵੱਲੋਂ ਬੋਰਡ ਤੋਂ ਰੈਗੁਲਰ ਕਰਨ ਲਈ 15 ਦਿਨਾਂ ਵਿੱਚ ਰਿਪੋਰਟ ਮੰਗੀ ਸੀ ਪਰੰਤੂ ਉਸ ਤੇ ਵੀ ਅੱਜ ਤੱਕ ਕੋਈ ਕਾਰਵਾਈ ਨਹੀ ਹੋਈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਆਪਣੇ ਹਰ ਭਾਸ਼ਨ ਵਿੱਚ ਕਿਹਾ ਜਾਂਦਾ ਹੈ ਕਿ ਉਹ ਪੂਰੀ ਜਾਣਕਾਰੀ ਹਾਸਿਲ ਕਰਨ ਅਤੇ ਤਸੱਲੀ ਕਰਨ ਤੋਂ ਬਾਅਦ ਹੀ ਰੈਗੁਲਰ ਕਰਨ ਲਈ ਐਲਾਨ ਕਰਦੇ ਹਨ। ਪਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ਼ ਕਰਮਚਾਰੀ ਅੱਜ ਵੀ ਮੁੱਖ ਮੰਤਰੀ ਵੱਲੋਂ ਰੈਗੁਲਰ ਕੀਤੇ ਨਿਯੁਕਤੀ ਪੱਤਰ ਦੀ ਉਡੀਕ ਵਿੱਚ ਹਨ।

ਯੂਨੀਅਨ ਦੇ ਪ੍ਰੈਸ ਸਕੱਤਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਸਰਕਾਰ ਦੀ ਇਸ ਮਾੜੀ ਕਾਰਗੁਜਾਰੀ ਦੇ ਰੋਸ ਵੱਜੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਡੇਲੀਵੇਜ਼ ਕਰਮਚਾਰੀ ਇਸ ਸਾਲ ਵੀ ਕਾਲੀ ਦੀਵਾਲੀ ਮਨਾਉਣਗੇ ਅਤੇ ਸਰਕਾਰ ਵਿਰੁੱਧ ਰੋਸ ਮੁਜਾਹਰੇ ਵੀ ਕਰਨ ਲਈ ਮਜਬੂਰ ਹੋਣਗੇ।

ਇਸ ਮੌਕੇ ਯੂਨੀਅਨ ਆਗੂ ਵਿਕਰਮਜੀਤ ਸਿੰਘ, ਬੁੱਟਾ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਕਰਨ ਸਿੰਘ, ਨਿਰਮਲ ਸਿੰਘ, ਭਗਵੰਤ ਸਿੰਘ, ਨਵਪ੍ਰੀਤ ਸਿੰਘ, ਤੇਜਿੰਦਰ ਸਿੰਘ ਤਂਰ ਇਲਾਵਾ ਵੱਡੀ ਗਿਣਤੀ ਮਹਿਲਾ ਕਰਮਚਾਰੀ ਵੀ ਹਾਜਰ ਸਨ।