ਦੇਸ਼ ਭਗਤ ਯਾਦਗਾਰ ਹਾਲ ਦੀ ਲਾਇਬ੍ਰੇਰੀ ਨੂੰ ਬਣਾਇਆ ਜਾਵੇਗਾ ਹੋਰ ਵਧੇਰੇ ਲੋਕਮੁਖ
ਜਲੰਧਰ:- ਦੇਸ਼ ਭਗਤ ਯਾਦਗਾਰ ਹਾਲ ਵਿੱਚ ਦੇਸ਼ ਭਗਤ ਯਾਦਗਾਰ ਕਮੇਟੀ ਦੀ ਲਾਇਬ੍ਰੇਰੀ ਅਤੇ ਕਿਤਾਬ ਘਰ ਸਬ-ਕਮੇਟੀ ਦੀ ਮੀਟਿੰਗ ਹੋਈ, ਜਿਸ ਵਿੱਚ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਸਹਾਇਕ ਸਕੱਤਰ ਪ੍ਰੋ. ਗੋਪਾਲ ਸਿੰਘ ਬੁੱਟਰ, ਸੁਰਿੰਦਰ ਕੁਮਾਰੀ ਕੋਛੜ, ਕਾ. ਚਰੰਜੀ ਲਾਲ ਅਤੇ ਵਿਜੈ ਬੰਬੇਲੀ ਸ਼ਾਮਿਲ ਹੋਏ। ਅੱਜ ਦੀ ਮੀਟਿੰਗ ਵਿੱਚ ਲਾਇਬ੍ਰੇਰੀ ਅਤੇ ਬਾਬਾ ਭਗਤ ਸਿੰਘ ਬਿਲਗਾ ਕਿਤਾਬ ਘਰ ਨਾਲ ਸਬੰਧਿਤ ਮੁੱਦਿਆਂ ਬਾਰੇ ਵਿਚਾਰ-ਚਰਚਾ ਕੀਤੀ ਗਈ।
ਇਸ ਪਿੱਛੋਂ ਕਮੇਟੀ ਨੇ ਭਾਈ ਸੰਤੋਖ ਸਿੰਘ ਕਿਰਤੀ ਲਾਇਬ੍ਰੇਰੀ ਦੇ ਮੈਂਬਰ ਵਿਦਿਆਰਥੀਆਂ ਨਾਲ ਵੀ ਮੀਟਿੰਗ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਵਿਦਿਆਰਥੀਆਂ ਨੇ ਲਾਇਬ੍ਰੇਰੀ ਦੇ ਸਮੇਂ, ਵਾਈਫਾਈ ਦੀ ਸਹੂਲਤ ਸਬੰਧੀ ਆਪਣੀਆਂ ਮੰਗਾਂ ਰੱਖੀਆਂ।
ਸਬ-ਕਮੇਟੀ ਨੇ ਫੈਸਲਾ ਕੀਤਾ ਹੈ ਕਿ ਆਮ ਲੋਕਾਂ ਅਤੇ ਵਿਦਿਆਰਥੀਆਂ ਦੀ ਮੰਗ ਨੂੰ ਮੁੱਖ ਰੱਖਕੇ ਹੁਣ ਲਾਇਬ੍ਰੇਰੀ, ਮਿਊਜ਼ੀਅਮ ਅਤੇ ਕਿਤਾਬ-ਘਰ ਨੂੰ ਐਤਵਾਰ ਵਾਲੇ ਦਿਨ ਵੀ ਖੁੱਲ੍ਹੇ ਰੱਖਣ ਦਾ ਪ੍ਰਬੰਧ ਕੀਤਾ ਜਾਏਗਾ। ਲਾਇਬ੍ਰੇਰੀ ਵਿਚਲੇ ਅਰਕਾਈਵਜ਼ ਮੈਟੀਰੀਅਲ ਦਾ ਸਰਵੇ ਕਰਕੇ ਰਹਿੰਦੇ ਦਸਤਾਵੇਜ਼ਾਂ ਦਾ ਡਿਜ਼ੀਟਲੀਕਰਨ ਕਰਨ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਵੀ ਲਾਇਬ੍ਰੇਰੀ ਨੂੰ ਹੋਰ ਵਧੇਰੇ ਲੋਕ-ਮੁੱਖ, ਵਿਦਿਆਰਥੀ-ਮੁੱਖ ਬਣਾਇਆ ਜਾਵੇਗਾ। ਇਹ ਜਾਣਕਾਰੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕਾ. ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਕਾ. ਗੁਰਮੀਤ ਸਿੰਘ ਅਤੇ ਲਾਇਬ੍ਰੇਰੀ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ ਨੇ ਦਿੱਤੀ।
