ਸ਼੍ਰੀ ਕ੍ਰਿਸ਼ਨ ਲੀਲਾ ਮੇਲੇ ਸਬੰਧੀ ਝੰਡੇ ਦੀ ਰਸਮ ਨਿਭਾਈ ਗਈ
ਗੜ੍ਹਸ਼ੰਕਰ 3 ਅਕਤੂਬਰ - ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਪਰਮਪਰਾ ਅਨੁਸਾਰ ਗੜ੍ਹਸ਼ੰਕਰ ਇਲਾਕੇ ਦੀ ਸੁੱਖ ਸ਼ਾਂਤੀ ਲਈ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਕ੍ਰਿਸ਼ਨ ਗਊਸ਼ਾਲਾ ਗੜ੍ਹਸ਼ੰਕਰ ਵਿਖੇ ਕਰਵਾਏ ਜਾਣ ਵਾਲੇ ਸ਼੍ਰੀ ਕ੍ਰਿਸ਼ਨ ਲੀਲਾ ਮੇਲੇ ਦੇ ਸਬੰਧ ਵਿੱਚ ਅੱਜ ਪਹਿਲੇ ਨਵਰਾਤੇ ਮੌਕੇ ਮੇਲੇ ਸਬੰਧੀ ਰਾਮਾ ਮੰਦਰ ਗੜ੍ਹਸ਼ੰਕਰ ਤੋਂ ਝੰਡੇ ਦੀ ਰਸਮ ਸ਼ੁਰੂ ਕੀਤੀ ਗਈ।
ਇਸ ਮੌਕੇ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੇ ਮੋਹਤਬਰਾਂ ਦੀ ਮੌਜੂਦਗੀ ਵਿੱਚ ਝੰਡੇ ਨਾਲ ਸ਼ਹਿਰ ਦੀ ਪਰਿਕਰਮਾ ਕਰਕੇ ਸ਼੍ਰੀ ਗਊਸ਼ਾਲਾ ਗੜ੍ਹਸ਼ੰਕਰ ਦੀ ਗਰਾਂਉਡ ਵਿਖੇ ਝੰਡਾ ਸਥਾਪਤ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਮੇਲਾ 12 ਨਵੰਬਰ ਤੋਂ 15 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸ਼੍ਰੀ ਕ੍ਰਿਸ਼ਨ ਗਊਸਾਲਾ ਵਿਖੇ 2 ਤੋਂ 8 ਨਵੰਬਰ ਤੱਕ ਸ਼੍ਰੀ ਭਾਗਵਤ ਕਥਾ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ 12 ਨਵੰਬਰ ਨੂੰ ਵਿਸ਼ਾਲ ਰੱਥ ਯਾਤਰਾ ਸਜਾਈ ਜਾਵੇਗੀ ਅਤੇ 13 ਤੋਂ 15 ਤੱਕ ਕਬੱਡੀ ਅਤੇ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਜਾਣਗੇ। ਅਖੀਰਲੇ ਦਿਨ ਕੰਸ ਵੱਧ ਕੀਤਾ ਜਾਵੇਗਾ। ਉਨ੍ਹਾਂ ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੂੰ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਮੇਲਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੋਹਤਬਰ ਹਾਜਰ ਸਨ।
