ਫੇਜ਼ 1 ਵਿੱਚ ਬਣੇ ਕੂੜਾ ਘਰ ਦੀ ਹਾਲਤ ਬਹੁਤ ਤਰਸਯੋਗ

ਐਸ ਏ ਐਸ ਨਗਰ, 13 ਅਕਤੂਬਰ- ਮੁਹਾਲੀ ਦੇ ਫੇਜ਼ 1 ਵਿੱਚ ਬਣੇ ਕੂੜਾ ਘਰ ਦੀ ਹਾਲਤ ਬਹੁਤ ਤਰਸਯੋਗ ਹੈ। ਇਸ ਥਾਂ ’ਤੇ ਹਰ ਰੋਜ਼ ਸੜਕ ਤੱਕ ਕੂੜਾ ਖਿੱਲਰਿਆ ਹੁੰਦਾ ਹੈ। ਵਸਨੀਕਾਂ ਦਾ ਕਹਿਣਾ ਹੈ ਕਿ ਇਸ ਥਾਂ ’ਤੇ ਫੇਜ਼ 1 ਦੇ ਵਸਨੀਕਾਂ ਤੋਂ ਇਲਾਵਾ ਬਲੌਂਗੀ, ਫੇਜ਼ 2, ਫੇਜ਼ 6 ਅਤੇ ਹੋਰ ਕਈ ਥਾਵਾਂ ਦਾ ਕੂੜਾ ਸੁੱਟਿਆ ਜਾ ਰਿਹਾ ਹੈ। 
ਇਸ ਸਬੰਧੀ ਪਿੰਡ ਵਾਸੀਆਂ ਨੇ ਇੱਥੇ ਇੱਕ ਬੋਰਡ ਵੀ ਲਗਾਇਆ ਹੈ, ਜਿਸ ਵਿੱਚ ਕੂੜਾ ਘਰ ਦੇ ਅੰਦਰ ਕੂੜਾ ਸੁੱਟਣ ਬਾਰੇ ਲਿਖਿਆ ਗਿਆ ਹੈ, ਪਰੰਤੂ ਇਸ ਦੇ ਬਾਵਜੂਦ ਲੋਕ ਕੂੜਾ ਸੜਕ ’ਤੇ ਹੀ ਸੁੱਟ ਕੇ ਚਲੇ ਜਾਂਦੇ ਹਨ। ਹਾਲਾਂਕਿ ਨਗਰ ਨਿਗਮ ਦੀ ਗੱਡੀ ਇੱਥੋਂ ਹਰ ਰੋਜ਼ ਕੂੜਾ ਚੁੱਕਦੀ ਹੈ, ਪਰੰਤੂ ਉਸ ਦੇ ਕੁਝ ਦੇਰ ਬਾਅਦ ਹਾਲਾਤ ਉਸੇ ਤਰ੍ਹਾਂ ਦੇ ਹੋ ਜਾਂਦੇ ਹਨ। 
ਕੂੜਾ ਸੜਕ ਤੱਕ ਆਉਣ ਕਾਰਨ ਪੈਦਲ ਲੰਘਣ ਵਾਲਿਆਂ, ਸਕੂਟਰ, ਮੋਟਰਸਾਈਕਲ, ਗੱਡੀਆਂ ਵਾਲਿਆਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕੂੜਾ ਘਰ ਦੇ ਨਾਲ ਸਬਜ਼ੀ ਮੰਡੀ ਵੀ ਲੱਗਦੀ ਹੈ ਅਤੇ ਇਹਨਾਂ ਦੁਕਾਨਦਾਰਾਂ ਵੱਲੋਂ ਵੀ ਆਪਣੇ ਸਮਾਨ ਦੀ ਰਹਿੰਦ-ਖੂੰਹਦ ਇੱਥੇ ਸੁੱਟ ਦਿੱਤੀ ਜਾਂਦੀ ਹੈ। ਗਲੀਆਂ ਸੜੀਆਂ ਸਬਜ਼ੀਆਂ ਕਾਰਨ ਇੱਥੇ ਅਸਹਿਣਯੋਗ ਬਦਬੂ ਵੀ ਪੈਦਾ ਹੁੰਦੀ ਹੈ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਵੀ ਖਤਰਾ ਬਣਿਆ ਰਹਿੰਦਾ ਹੈ। 
ਕੂੜਾ ਘਰ ਦੇ ਸਾਹਮਣੇ ਖਾਣ-ਪੀਣ ਦੀਆਂ ਦੁਕਾਨਾਂ ਵੀ ਹਨ। ਇਸ ਕੂੜੇ ਕਰਕੇ ਉਨ੍ਹਾਂ ਦੁਕਾਨਦਾਰਾਂ ਨੂੰ ਵੀ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗ੍ਰਾਹਕ ਉਨ੍ਹਾਂ ਕੋਲ ਕੂੜੇ ਕਾਰਨ ਕੋਈ ਸਮਾਨ ਲੈਣ ਤੋਂ ਝਿਜਕਦੇ ਹਨ। ਛੁੱਟੀ ਵਾਲੇ ਦਿਨ ਇਸ ਦੀ ਹਾਲਤ ਆਮ ਦਿਨਾਂ ਨਾਲੋਂ ਹੋਰ ਵੀ ਜਿਆਦਾ ਮਾੜੀ ਹੋ ਜਾਂਦੀ ਹੈ। 
ਕੂੜਾ ਅੱਧੀ ਨਾਲੋਂ ਜਿਆਦਾ ਸੜਕ ’ਤੇ ਆ ਜਾਂਦਾ ਹੈ। ਵਸਨੀਕਾਂ ਦੀ ਮੰਗ ਹੈ ਕਿ ਇਸ ਥਾਂ ’ਤੇ ਦਵਾਈ ਦਾ ਛਿੜਕਾਅ ਕੀਤਾ ਜਾਵੇ ਅਤੇ ਸੜਕ ’ਤੇ ਕੂੜਾ ਸੁੱਟਣ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।