ਸਾਂਝੇ ਅਧਿਆਪਕ ਮੋਰਚੇ ਦੀ ਅਗਵਾਈ ਵਿੱਚ ਟੈੱਟ ਸਬੰਧੀ ਕਾਪੀਆਂ ਸਾੜੀਆਂ
ਹੁਸ਼ਿਆਰਪੁਰ:- ਸਾਂਝਾ ਅਧਿਆਪਕ ਮੋਰਚਾ ਪੰਜਾਬ ਵਿੱਚ ਸ਼ਾਮਿਲ ਜਥੇਬੰਦੀਆਂ ਦੇ ਆਗੂਆਂ ਨਰਿੰਦਰ ਅਜਨੋਹਾ ਜੀ.ਟੀ.ਯੂ ਅਤੇ ਸੁਖਦੇਵ ਡਾਨਸੀਵਾਲ ਡੀ.ਟੀ.ਐੱਫ ਦੀ ਅਗਵਾਈ ਮਿਤੀ 07-02-2026 ਨੂੰ ਮਾਸਟਰ ਕਾਡਰ ਦੀਆਂ ਪਦਉਨਤੀਆਂ ਲਈ ਟੈੱਟ ਲਾਜਮੀ ਹੋਣ ਦਾ ਪੱਤਰ ਜਾਰੀ ਕਰਕੇ ਟੈੱਟ ਤੋਂ ਛੋਟ ਦੇਣ ਦਾ 14-09-2017 ਦਾ ਪੱਤਰ ਰੱਦ ਕਰਨ ਦੇ ਵਿਰੋਧ ਵਿੱਚ ਅਧਿਆਪਕਾਂ ਵਲੋਂ ਉਕਤ ਪੱਤਰ ਦੀਆਂ ਕਾਪੀਆਂ ਅਜਨੋਹਾ ਵਿਖੇ ਸਾੜਕੇ ਆਪਣਾ ਰੋਸ ਪ੍ਰਗਟ ਕੀਤਾ।
ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਵਿਆਪਕ ਸੁਧਾਰ ਲਿਆਉਣ ਦੇ ਨਾਂ 'ਤੇ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਸੁਪਰੀਮ ਕੋਰਟ ਦੇ ਬਹਾਨੇ ਨਾਲ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਨਾਲ ਜੂਝ ਰਹੇ ਸਿੱਖਿਆ ਵਿਭਾਗ ਵਿੱਚ ਅਧਿਆਪਕਾਂ ਦੀ ਹੋਰ ਗਿਣਤੀ ਘਟਾਉਣ ਲਈ ਹੀ ਇਹੋ ਜਿਹੇ ਕਦਮ ਉਠਾ ਰਹੀ ਹੈ ਜਿਸ ਦਾ ਪੰਜਾਬ ਦੇ ਅਧਿਆਪਕ ਅੱਜ ਮਿਤੀ 11 ਫਰਵਰੀ ਨੂੰ ਜਿਲ੍ਹਾ ਪੱਧਰੀ ਅਤੇ 22 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਮਹਾਂ ਰੋਸ ਪ੍ਰਦਰਸ਼ਨ ਕਰਕੇ ਡਟਵਾਂ ਵਿਰੋਧ ਕਰਨਗੇ।
ਉਂਕਾਰ ਸਿੰਘ ਅਤੇ ਹਰਮਨੋਜ ਕੁਮਾਰ ਨੇ ਕਿਹਾ ਕਿ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੂੰ ਸਮੁੱਚੇ ਅਧਿਆਪਕ ਵਰਗ 'ਤੇ ਇਸ ਹਮਲੇ ਦੇ ਖ਼ਿਲਾਫ਼ ਸਾਂਝੇ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ ਤਾਂ ਜੋ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ।
ਇਸ ਮੌਕੇ ਜਤਿੰਦਰ ਸਿੰਘ, ਸਤਨਾਮ ਸਿੰਘ, ਕੁਲਵਿੰਦਰ ਸਿੰਘ, ਧਰਮਿੰਦਰ ਸਿੰਘ, ਹਾਫਜ, ਦੀਪਕ ਕੁਮਾਰ, ਹਰਭਜਨ ਸਿੰਘ, ਕੁਲਵੰਤ ਸਿੰਘ, ਮਨੀਸ਼ ਕੁਮਾਰ, ਗੁਰਮੁਖ ਸਿੰਘ, ਪਰਮਿੰਦਰ ਕੁਮਾਰ, ਜਸਵੰਤ ਰਾਏ, ਸਿੰਗਾਰਾ ਸਿੰਘ, ਚੰਦਨ ਕੁਮਾਰ, ਰਣਜੀਤ ਕੁਮਾਰ, ਹਰਪ੍ਰੀਤ ਹਨੀ, ਸਤਵਿੰਦਰ ਸਿੰਘ, ਕੁਲਵਿੰਦਰ ਕੌਰ, ਲਵਦੀਪ ਕੌਰ, ਅਵਿਨਾਸ਼ ਕੌਰ, ਅਮਨਜੀਤ ਕੌਰ, ਜਸਪ੍ਰੀਤ ਕੌਰ, ਰਣਜੀਤ ਕੌਰ, ਬਲਜਿੰਦਰ ਕੌਰ, ਨਵਤੇਜ ਕੌਰ, ਮਨਜੀਤ ਕੌਰ, ਸਮਿਤਾ ਸ਼ਰਮਾ, ਅਮਨਦੀਪ ਕੌਰ ਸੰਦੀਪ ਕੌਰ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਮੌਜੂਦ ਸਨ।
