ਹਰਿਆਣਾ ਲੋਕ ਭਵਨ ਵਿਖੇ ਰਵਾਇਤੀ ਉਤਸ਼ਾਹ ਅਤੇ ਉੱਲਾਸ ਨਾਲ ਮਨਾਇਆ ਗਿਆ ਤੀਜ ਦਾ ਤਿਉਹਾਰ

ਚੰਡੀਗੜ੍ਹ, 16 ਅਗਸਤ:- ਹਰਿਆਣਾ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਪਰੰਪਰਾਵਾਂ ਦਾ ਪ੍ਰਤੀਕ ਤੀਜ ਦਾ ਤਿਉਹਾਰ ਅੱਜ ਹਰਿਆਣਾ ਲੋਕ ਭਵਨ ਵਿਖੇ ਉਤਸ਼ਾਹ, ਉੱਲਾਸ ਅਤੇ ਰਵਾਇਤੀ ਰੀਤੀ-ਰਿਵਾਜਾਂ ਨਾਲ ਮਨਾਇਆ ਗਿਆ। ਇਸ ਮੌਕੇ ਆਯੋਜਿਤ ਰੰਗਾਰੰਗ ਪ੍ਰੋਗਰਾਮ ਵਿੱਚ ਸ਼ਖਸੀਅਤਾਂ, ਕਲਾਕਾਰਾਂ, ਔਰਤਾਂ, ਬੱਚਿਆਂ ਅਤੇ ਆਮ ਲੋਕਾਂ ਨੇ ਉਤਸ਼ਾਹਪੂਰਵਕ ਭਾਗ ਲਿਆ।
ਇਸ ਮੌਕੇ ਪ੍ਰਦੇਸ਼ ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਿਆਂ ਹਰਿਆਣਾ ਦੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਕਾਮਨਾ ਕੀਤੀ ਕਿ ਤੀਜ ਦਾ ਇਹ ਪਵਿੱਤਰ ਤਿਉਹਾਰ ਸਭ ਦੇ ਜੀਵਨ ਵਿੱਚ ਸੁੱਖ, ਖੁਸ਼ਹਾਲੀ, ਤਰੱਕੀ ਅਤੇ ਚੜ੍ਹਦੀ ਕਲਾ ਲੈ ਕੇ ਆਵੇ। ਉਨ੍ਹਾਂ ਨੇ ਸੱਭਿਆਚਾਰਕ ਕਲਾਕਾਰਾਂ ਦੁਆਰਾ ਪੇਸ਼ ਕੀਤੇ ਗਏ ਸ਼ਾਨਦਾਰ ਪ੍ਰੋਗਰਾਮਾਂ ਦੀ ਸ਼ਲਾਘਾ ਕਰਦਿਆਂ ਭਾਰਤੀ ਸੱਭਿਆਚਾਰ ਅਤੇ ਲੋਕ ਪਰੰਪਰਾਵਾਂ ਦੇ ਸੰਭਾਲ ਅਤੇ ਪ੍ਰਚਾਰ-ਪ੍ਰਸਾਰ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਰਾਜਪਾਲ ਨੇ ਸਮਾਰੋਹ ਵਿੱਚ ਭਾਗ ਲੈਣ ਵਾਲੇ ਕਲਾਕਾਰਾਂ ਲਈ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ।
ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਵੀ ਪ੍ਰਦੇਸ਼ ਵਾਸੀਆਂ ਨੂੰ ਤੀਜ ਦੇ ਤਿਉਹਾਰ ਦੀਆਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਤੀਜ ਹਰਿਆਣਾ ਦੀ ਅਮੀਰ ਸੱਭਿਆਚਾਰਕ ਪਛਾਣ, ਸਮਾਜਿਕ ਸਾਂਝ ਅਤੇ ਰਵਾਇਤੀ ਮੁੱਲਾਂ ਦਾ ਪ੍ਰਤੀਕ ਹੈ। ਇਹ ਤਿਉਹਾਰ ਸਾਨੂੰ ਆਪਣੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨਾਲ ਜੋੜਨ ਦੇ ਨਾਲ-ਨਾਲ ਪਰਿਵਾਰ ਅਤੇ ਸਮਾਜ ਵਿੱਚ ਪਿਆਰ, ਸਦਭਾਵਨਾ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਆਯੋਜਨ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਸਮਾਰੋਹ ਵਿੱਚ ਹਰਿਆਣਾ ਦੀ ਪਹਿਲੀ ਮਹਿਲਾ ਸ਼੍ਰੀਮਤੀ ਮਿਤਰਾ ਘੋਸ਼, ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਅਤੇ ਉਨ੍ਹਾਂ ਦੀ ਧਰਮਪਤਨੀ ਸ਼੍ਰੀਮਤੀ ਅਨੀਤਾ ਕਟਾਰੀਆ, ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ, ਉੱਤਰਾਖੰਡ ਦੇ ਕੈਬਨਿਟ ਮੰਤਰੀ ਸ਼੍ਰੀ ਧਨ ਸਿੰਘ ਰਾਵਤ ਸਮੇਤ ਕਈ ਵਿਸ਼ੇਸ਼ ਮਹਿਮਾਨ ਹਾਜ਼ਰ ਸਨ।
ਹਰਿਆਣਾ ਲੋਕ ਭਵਨ ਵਿੱਚ ਤੀਜ ਦੇ ਮੌਕੇ ਉੱਤੇ ਵਿਸ਼ੇਸ਼ ਤੌਰ 'ਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ। ਪਰਿਸਰ ਵਿੱਚ ਰਵਾਇਤੀ ਤੌਰ 'ਤੇ ਸਜਾਏ ਗਏ ਝੂਲੇ ਔਰਤਾਂ ਅਤੇ ਬੱਚਿਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਸ ਤੋਂ ਇਲਾਵਾ ਰਵਾਇਤੀ ਸਜਾਵਟੀ ਵਸਤੂਆਂ ਅਤੇ ਮੌਸਮੀ ਪਕਵਾਨਾਂ ਨਾਲ ਸਬੰਧਤ ਵੱਖ-ਵੱਖ ਸਟਾਲ ਵੀ ਲਗਾਏ ਗਏ। ਔਰਤਾਂ ਅਤੇ ਬੱਚਿਆਂ ਨੇ ਇਹਨਾਂ ਗਤੀਵਿਧੀਆਂ ਵਿੱਚ ਬੜ੍ਹ ਚੜ੍ਹ ਕੇ ਹਿੱਸਾ ਲਿਆ ਅਤੇ ਉਤਸਵ ਦਾ ਅਨੰਦ ਮਾਣਿਆ।
ਇਸ ਮੌਕੇ ਵੱਖ-ਵੱਖ ਸੱਭਿਆਚਾਰਕ ਟੀਮਾਂ ਨੇ ਹਰਿਆਣਾ ਦੀ ਲੋਕ ਸੰਸਕ੍ਰਿਤੀ, ਪਰੰਪਰਾਵਾਂ, ਇਤਿਹਾਸ ਅਤੇ ਪੇਂਡੂ ਜੀਵਨ ਨੂੰ ਦਰਸਾਉਂਦੇ ਮਨਮੋਹਕ ਲੋਕ ਗੀਤ ਅਤੇ ਲੋਕ ਨਾਚ ਪੇਸ਼ ਕੀਤੇ। ਕਲਾਕਾਰਾਂ ਨੇ ਦੇਸ਼ ਦੇ ਵੱਖ-ਵੱਖ ਰਾਜਾਂ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਵੀ ਮਨਮੋਹਕ ਝਲਕ ਪੇਸ਼ ਕੀਤੀ, ਜਿਸ ਦੀ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ। ਆਏ ਹੋਏ ਮਹਿਮਾਨਾਂ ਨੇ ਰਵਾਇਤੀ ਪਕਵਾਨਾਂ ਅਤੇ ਮੌਸਮੀ ਮਿਠਾਈਆਂ ਦਾ ਵੀ ਅਨੰਦ ਲਿਆ।
ਸਮਾਰੋਹ ਵਿੱਚ ਵਧੀਕ ਮੁੱਖ ਸਕੱਤਰ ਅਤੇ ਵਿੱਤ ਕਮਿਸ਼ਨਰ, ਮਾਲ ਅਤੇ ਆਫਤ ਪ੍ਰਬੰਧਨ, ਡਾ. ਸੁਮਿਤਾ ਮਿਸ਼ਰਾ, ਰਾਜਪਾਲ ਦੇ ਸਕੱਤਰ ਸ਼੍ਰੀ ਵਿਜੇਕੁਮਾਰ ਭਾਵਿਕੱਟੀ, ਸੂਚਨਾ, ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਡਾ. ਆਦਿਤਿਆ ਦਹੀਆ, ਵੱਖ-ਵੱਖ ਬੋਰਡਾਂ ਅਤੇ ਨਿਗਮਾਂ ਦੇ ਚੇਅਰਮੈਨ ਅਤੇ ਮੈਂਬਰ, ਸੀਨੀਅਰ ਅਧਿਕਾਰੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।